ਇਸਤਰੀ ਤੇ ਬਾਲ ਵਿਕਾਸ ਵਿਭਾਗ ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ 11 ਲੋੜਵੰਦ ਕੁੜੀਆਂ ਦੇ ਕਰਵਾਏ ਵਿਆਹ

Monday, Mar 03, 2025 - 06:42 PM (IST)

ਇਸਤਰੀ ਤੇ ਬਾਲ ਵਿਕਾਸ ਵਿਭਾਗ ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ 11 ਲੋੜਵੰਦ ਕੁੜੀਆਂ ਦੇ ਕਰਵਾਏ ਵਿਆਹ

ਦੋਰਾਂਗਲਾ (ਨੰਦਾ)- ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਅਤੇ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਓਮਾ ਸ਼ੰਕਰ ਗੁਪਤਾ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਨਿਵੇਕਲੀ ਪਹਿਲਕਦਮੀ ਕਰਦਿਆਂ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਅੱਜ 11 ਲੋੜਵੰਦ ਕੁੜੀਆਂ ਦੇ ਵਿਆਹ ਕਰਵਾਏ ਗਏ। ਲੋੜਵੰਦ ਕੁੜੀਆਂ ਦੇ ਵਿਆਹ ਸਮਾਗਮ ਮੌਕੇ ਡਿਪਟੀ ਕਮਿਸ਼ਨਰ ਓਮਾ ਸ਼ੰਕਰ ਗੁਪਤਾ, ਐੱਸ.ਐੱਸ.ਪੀ.  ਆਦਿੱਤਿਆ, ਏ.ਡੀ.ਸੀ. ਡਾ ਹਰਜਿੰਦਰ ਸਿੰਘ ਬੇਦੀ ਅਤੇ ਐੱਸ.ਡੀ.ਐੱਮ. ਦੀਨਾਨਗਰ ਜਸਪਿੰਦਰ ਸਿੰਘ ਭੁੱਲਰ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਨਵ-ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ।

ਇਹ ਵੀ ਪੜ੍ਹੋ- ਥਾਈਲੈਂਡ ਤੋਂ ਬੰਦਾ ਭਰ ਲਿਆਇਆ ਨਸ਼ਿਆਂ ਦਾ ਪੂਰਾ ਅਟੈਚੀ, ਕਰੋੜਾਂ ਹੈ ਕੀਮਤ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ 11 ਨਵ ਵਿਆਹੇ ਜੋੜਿਆਂ ਨੂੰ ਘਰੇਲੂ ਜ਼ਰੂਰਤ ਦੇ ਸਮਾਨ (ਕੱਪੜੇ, ਸੂਟ, ਚਾਦਰਾਂ, ਡਬਲ ਬੈੱਡ, ਗੱਦੇ, ਫਰਾਟਾ ਪੱਖਾ, ਡਿਨਰ ਸੈੱਟ, ਐੱਲ.ਈ.ਡੀ., ਸਿਲਾਈ ਮਸ਼ੀਨਾਂ ਆਦਿ) ਦੀ ਵੰਡ ਵੀ ਕੀਤੀ ਗਈ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਓਮਾ ਸ਼ੰਕਰ ਗੁਪਤਾ ਵੱਲੋਂ ਹਰੇਕ ਨਵ-ਵਿਆਹੇ ਜੋੜੇ ਨੂੰ 11000-11000 ਰੁਪਏ ਦਾ ਸ਼ਗਨ ਪਾਇਆ ਗਿਆ। ਨਵ-ਵਿਆਹੇ ਜੋੜਿਆਂ ਨੂੰ ਨਵੇਂ ਜੀਵਨ ਦੀ ਸ਼ੁਰੂਆਤ ਮੌਕੇ ਮੁਬਾਰਕਬਾਦ ਦਿੰਦਿਆਂ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਨੇ ਕਿਹਾ ਕਿ ਉਹ ਹਮੇਸ਼ਾਂ ਖ਼ੁਸ਼ ਰਹਿਣ ਅਤੇ ਇੱਕ ਬਿਹਤਰ ਪਰਿਵਾਰ ਤੇ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕਰਨ ਦਾ ਇਹ ਨੇਕ ਉਪਰਾਲਾ ਕੀਤਾ ਗਿਆ ਹੈ, ਜਿਸ ਲਈ ਉਹ ਦਾਨੀ ਸੱਜਣਾਂ ਦੇ ਵੀ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਗ਼ਰੀਬ ਤੇ ਲੋੜਵੰਦ ਪਰਿਵਾਰਾਂ ਦੇ ਹਮੇਸ਼ਾਂ ਨਾਲ ਖੜ੍ਹਾ ਹੈ।  

ਇਹ ਵੀ ਪੜ੍ਹੋ- ਪੰਜਾਬ 'ਚ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ

ਇਸ ਮੌਕੇ ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਆਦਿੱਤਿਆ ਨੇ ਵੀ ਨਵ-ਵਿਆਹੇ ਜੋੜਿਆਂ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਹਾਜ਼ਰ ਇਕੱਠ ਨੂੰ ਅਪੀਲ ਕੀਤੀ ਕਿ ਉਹ ਸਾਰੇ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ 'ਯੁੱਧ ਨਸ਼ਿਆਂ ਵਿਰੁੱਧ' ਵਿੱਚ ਆਪਣਾ ਸਾਥ ਦੇਣ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਇੱਕ ਵਾਰ ਫਿਰ ਹੱਸਦਾ, ਵੱਸਦਾ ਤੇ ਰੰਗਲਾ ਪੰਜਾਬ ਸਿਰਜ ਸਕਾਂਗੇ।  ਇਸ ਤੋਂ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਰਜਿੰਦਰ ਸਿੰਘ ਬੇਦੀ ਨੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਸ੍ਰੀ ਉਮਾ ਸ਼ੰਕਰ ਗੁਪਤਾ, ਐੱਸ.ਐੱਸ.ਪੀ. ਸ੍ਰੀ ਆਦਿੱਤਿਆ ਨੂੰ ਜੀ ਆਇਆਂ ਨੂੰ ਕਿਹਾ ਅਤੇ ਨਵ-ਵਿਆਹੇ ਜੋੜਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਨੇਕ ਕਾਰਜ ਵਿੱਚ ਦਾਨੀ ਸੱਜਣਾਂ ਵੱਲੋਂ ਵੀ ਬਹੁਤ ਸਹਿਯੋਗ ਕੀਤਾ ਗਿਆ ਹੈ ਜਿਸ ਲਈ ਉਹ ਉਨ੍ਹਾਂ ਦੇ ਵੀ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਤਹਿਤ ਧੀਆਂ ਨੂੰ ਅੱਗੇ ਵਧਣ ਦੇ ਵੱਧ ਤੋਂ ਵੱਧ ਮੌਕੇ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਗ਼ਰੀਬ ਤੇ ਲੋੜਵੰਦ ਪਰਿਵਾਰ ਧੀਆਂ ਨੂੰ ਆਪਣੇ ਉੱਪਰ ਬੋਝ ਨਾ ਸਮਝੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਨੂੰ ਹਰ ਤਰਾਂ ਦਾ ਸਹਿਯੋਗ ਦਿੱਤਾ ਜਾਵੇਗਾ।  

ਇਹ ਵੀ ਪੜ੍ਹੋ- ਬੈਂਕਾਕ ਤੋਂ 8 ਕਰੋੜ ਦਾ ਗਾਂਜਾ ਹੀ ਲੈ ਆਇਆ ਮੁੰਡਾ, ਅਧਿਕਾਰੀਆਂ ਦੇ ਉੱਡੇ ਹੋਸ਼

ਇਸ ਮੌਕੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਜ਼ਿਲ੍ਹੇ ਦੀਆਂ ਪੰਜ ਮਹਿਲਾ ਸਰਪੰਚ ਪਵਿੰਦਰਜੀਤ ਕੌਰ ਪਿੰਡ ਸੈਣਪੁਰ, ਸਰਪੰਚ ਬਲਵਿੰਦਰ ਕੌਰ ਪਿੰਡ ਭੰਗਵਾਂ, ਸਰਪੰਚ ਸਰਬਜੀਤ ਕੌਰ ਪਿੰਡ ਜੋਗਰ, ਸਰਪੰਚ ਕੁਲਜੀਤ ਕੌਰ ਪਿੰਡ ਬੈਂਸ ਅਤੇ ਸਰਪੰਚ ਜੋਤੀ ਠਾਕੁਰ ਪਿੰਡ ਹਰੀਪੁਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਖੇਡਾਂ ਦੇ ਖੇਤਰ ਵਿੱਚ ਉਪਲਬਧੀਆਂ ਹਾਸਲ ਕਰਨ ਵਾਲੀਆਂ ਜ਼ਿਲ੍ਹੇ ਦੀਆਂ ਮਾਣਮੱਤੀਆਂ ਧੀਆਂ ਪਰਜੀਤ ਕੌਰ, ਹਰਪ੍ਰੀਤ ਕੌਰ, ਰੁਕਮਨਦੀਪ ਕੌਰ, ਕਮਲਦੀਪ ਕੌਰ, ਪ੍ਰੀਤੀ, ਨਵਜੋਤ ਕੌਰ, ਸ਼ਹਿਨਾਜ਼, ਹਰਪੁਨੀਤ ਕੌਰ ਅਤੇ ਮਨਜੋਤ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਆਏ ਸਾਰੇ ਮਹਿਮਾਨਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਾਹ-ਪਾਣੀ ਅਤੇ ਦੁਪਹਿਰ ਦੇ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News