ਐੱਮ. ਐੱਸ. ਸੀ. ਦੇ ਵਿਦਿਆਰਥੀ ਨੇ ਹੋਸਟਲ ''ਚ ਲਿਆ ਫਾਹ

Sunday, Apr 14, 2019 - 08:37 PM (IST)

ਐੱਮ. ਐੱਸ. ਸੀ. ਦੇ ਵਿਦਿਆਰਥੀ ਨੇ ਹੋਸਟਲ ''ਚ ਲਿਆ ਫਾਹ

ਅੰਮ੍ਰਿਤਸਰ(ਅਰੁਣ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲੜਕਿਆਂ ਵਾਲੇ ਹੋਸਟਲ 'ਚ ਅੱਜ ਤੜਕਸਾਰ ਇਕ ਐੱਮ. ਐੱਸ. ਸੀ. ਮਾਈਕਰੋ ਬਾਇਓਲੋਜੀ ਸਾਲ ਦੂਜਾ ਦੇ ਵਿਦਿਆਰਥੀ ਨੇ ਪੱਖੇ ਨਾਲ ਫਾਹ ਲੈ ਕੇ ਆਪਣੀ ਜੀਵਨ-ਲੀਲਾ ਖਤਮ ਕਰ ਲਈ। ਇਸ ਘਟਨਾ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਉਸ ਦੇ ਸਾਥੀਆਂ ਵੱਲੋਂ ਵਾਰ-ਵਾਰ ਕਮਰੇ ਦਾ ਦਰਵਾਜ਼ਾ ਖੜਕਾਉਣ ਦੇ ਬਾਵਜੂਦ ਉਸ ਨੇ ਨਹੀਂ ਖੋਲ੍ਹਿਆ ਤੇ ਖਿੜਕੀ ਰਸਤੇ ਦੇਖਣ 'ਤੇ ਉਸ ਦੀ ਪੱਖੇ ਨਾਲ ਲਟਕ ਰਹੀ ਲਾਸ਼ ਦੇਖਣ ਨੂੰ ਮਿਲੀ।
ਮ੍ਰਿਤਕ ਪ੍ਰਬਲ ਕੁਮਾਰ ਪੁੱਤਰ ਸੰਜੀਵ ਕੁਮਾਰ ਵਾਸੀ ਪ੍ਰੇਮਗੜ੍ਹ ਹੁਸ਼ਿਆਰਪੁਰ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਐੱਮ. ਐੱਸ. ਸੀ. ਮਾਈਕਰੋ ਬਾਇਓਲੋਜੀ ਸਾਲ ਦੂਜਾ ਦਾ ਵਿਦਿਆਰਥੀ ਸੀ। ਬੀਤੀ ਰਾਤ ਉਸ ਦੇ ਕਮਰੇ ਦੇ ਹੋਰ ਸਹਿਯੋਗੀ ਸ਼ਨੀਵਾਰ, ਐਤਵਾਰ ਦੀ ਛੁੱਟੀ ਕਾਰਨ ਆਪਣੇ ਘਰਾਂ ਨੂੰ ਗਏ ਹੋਏ ਸਨ ਤੇ ਉਹ ਆਪਣੇ ਕਮਰਾ ਨੰ. 1306 'ਚ ਇਕੱਲਾ ਹੀ ਸੀ, ਕਿਸੇ ਨਿੱਜੀ ਪ੍ਰੇਸ਼ਾਨੀ ਕਾਰਨ ਉਸ ਨੇ ਪੱਖੇ ਨਾਲ ਫਾਹ ਲੈ ਲਿਆ। ਪੁਲਸ ਸੂਤਰਾਂ ਮੁਤਾਬਕ ਇਹ ਘਟਨਾ ਤੜਕਸਾਰ ਕਰੀਬ 4 ਵਜੇ ਦੀ ਦੱਸੀ ਜਾ ਰਹੀ ਹੈ।
ਸੁਸਾਈਡ ਨੋਟ 'ਚ ਖੁਦ ਨੂੰ ਦੱਸਿਆ ਮੌਤ ਦਾ ਜ਼ਿੰਮੇਵਾਰ
ਮ੍ਰਿਤਕ ਪ੍ਰਬਲ ਕੁਮਾਰ (22) ਕੋਲ ਪਿਆ ਇਕ ਸੁਸਾਈਡ ਨੋਟ ਪੁਲਸ ਨੇ ਬਰਾਮਦ ਕੀਤਾ ਹੈ, ਜਿਸ ਵਿਚ ਉਸ ਨੇ ਸਾਫ ਤੌਰ 'ਤੇ ਲਿਖਿਆ ਹੈ ਕਿ ਮੈਂ ਜੋ ਵੀ ਕਰ ਰਿਹਾ ਹਾਂ, ਇਸ ਦੀ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ, ਇਸ ਦੇ ਲਈ ਕਿਸੇ ਨੂੰ ਵੀ ਜ਼ਿੰਮੇਵਾਰ ਨਾ ਠਹਿਰਾਇਆ ਜਾਵੇ।
ਕੀ ਕਹਿਣਾ ਹੈ ਥਾਣਾ ਮੁਖੀ ਦਾ
ਇਸ ਸਬੰਧੀ ਥਾਣਾ ਕੰਟੋਨਮੈਂਟ ਦੇ ਮੁਖੀ ਇੰਸਪੈਕਟਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਇਹ ਮੰਨਿਆ ਜਾ ਰਿਹਾ ਹੈ ਕਿ ਮ੍ਰਿਤਕ ਪ੍ਰਬਲ ਕੁਮਾਰ ਨੇ ਆਰਥਿਕ ਪ੍ਰੇਸ਼ਾਨੀ ਕਾਰਨ ਹੀ ਅਜਿਹਾ ਕਦਮ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਵਾਰਿਸਾਂ ਨੂੰ ਸੂਚਿਤ ਕਰਨ ਮਗਰੋਂ 174 ਦੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ। ਮ੍ਰਿਤਕ ਕੋਲੋਂ ਮਿਲੇ ਸੁਸਾਈਡ ਨੋਟ 'ਚ ਉਸ ਨੇ ਆਪਣੀ ਮੌਤ ਦਾ ਜ਼ਿੰਮੇਵਾਰ ਖੁਦ ਨੂੰ ਹੀ ਦੱਸਦਿਆਂ ਕਿਸੇ ਹੋਰ ਨੂੰ ਇਸ ਦਾ ਦੋਸ਼ੀ ਨਾ ਠਹਿਰਾਏ ਜਾਣ ਬਾਰੇ ਲਿਖਿਆ ਹੈ। ਪੁਲਸ ਹਰੇਕ ਪਹਿਲੂ ਤੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।


author

satpal klair

Content Editor

Related News