ਕਸਬਾ ਝਬਾਲ ''ਚ ਨਸ਼ਿਆਂ ਦਾ ਬੋਲਬਾਲਾ

Saturday, Oct 13, 2018 - 01:05 PM (IST)

ਕਸਬਾ ਝਬਾਲ ''ਚ ਨਸ਼ਿਆਂ ਦਾ ਬੋਲਬਾਲਾ

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) : ਬੇਸ਼ੱਕ ਸਰਕਾਰ ਵਲੋਂ ਨਸ਼ਿਆਂ ਦਾ ਖਾਤਮਾ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਕਸਬਾ ਝਬਾਲ ਅੰਦਰ ਅਜੇ ਵੀ ਨਸ਼ਿਆਂ ਦਾ ਬੋਲਬਾਲਾ ਹੈ, ਪਿੰਡ ਝਬਾਲ 'ਚ ਹਰ ਪ੍ਰਕਾਰ ਦੇ ਨਸ਼ਿਆਂ ਸਮੈਕ, ਹੈਰੋਇਨ, ਗੋਲੀਆਂ, ਕੈਪਸੂਲ, ਭੰਗ ਜਾਂ ਫਿਰ ਰੂੜੀ ਮਾਰਕਾ ਸ਼ਰਾਬ ਦੀ ਵਿੱਕਰੀ ਸ਼ਰੇਆਮ ਹੋ ਰਹੀ ਹੈ। ਇਸ ਸਬੰਧੀ ਹਾਲ-ਦੁਹਾਈ ਪਾਉਣ ਲਈ ਉਕਤ ਕਸਬੇ ਦੀਆਂ ਔਰਤਾਂ ਵੀ ਪਿਛਲੇ ਦਿਨੀਂ ਪੁਲਸ ਕੋਲ ਗਈਆਂ ਸਨ, ਕਿ ਉਨ੍ਹਾਂ ਦੇ ਇਲਾਕੇ 'ਚ ਬਾਹਰਲੇ ਪਿੰਡਾਂ ਤੋਂ ਨਸ਼ਾ ਤਸਕਰ ਆ ਕੇ ਨਸ਼ਿਆਂ ਦੀ ਵਿੱਕਰੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਕ ਬੋਹੜ ਦੀ ਛਾਂ ਹੇਠਾਂ ਜਿਥੇ ਭੰਗੜਾਂ ਵਲੋਂ ਸ਼ਰੇਆਮ ਭੰਗ ਵੇਚੀ ਜਾ ਰਹੀ ਹੈ ਉੱਥੇ ਹੀ ਜੁਆਰੀਏ ਦੇਰ ਰਾਤ ਤੱਕ ਇਥੇ ਜੂਆ ਖੇਡਦੇ ਵੀ ਆਮ ਵੇਖੇ ਜਾ ਸਕਦੇ ਹਨ। ਅਗਲੇ ਕੁਝ ਦਿਨਾਂ ਨੂੰ ਆ ਰਹੇ ਦੁਸਹਿਰਾ ਅਤੇ ਦੀਵਾਲੀ ਦੇ ਤਿਉਹਾਰਾਂ ਮੌਕੇ ਜੁਆਰੀਆਂ ਦੀ ਇੱਥੇ ਇਕ ਤਰ੍ਹਾਂ ਨਾਲ ਮੰਡੀ ਲੱਗੀ ਹੁੰਦੀ ਹੈ। ਨਸ਼ੇੜੀਆਂ ਲਈ ਖਾਸ ਕਰਕੇ ਸਥਾਨਕ 'ਬੁਲਬੁਲ' ਦੀਆਂ ਮੜ੍ਹੀਆਂ ਅਤੇ ਸਰਕਾਰੀ ਹਸਪਤਾਲ ਨਸ਼ਿਆਂ ਦੇ ਸੇਵਨ ਲਈ ਸੁਰੱਖਿਅਤ ਅੱਡੇ ਮੰਨੇ ਜਾਂਦੇ ਹਨ, ਜਿੱਥੇ ਢੇਰਾਂ ਦੇ ਢੇਰ ਸਰਿੰਜਾਂ, ਸੂਈਆਂ, ਬਲੀਆਂ ਤੀਲਾਂ ਅਤੇ ਵਰਤੀਆਂ ਗਈਆਂ ਪੰਨੀਆਂ ਆਮ ਵੇਖੀਆਂ ਜਾ ਸਕਦੀਆਂ ਹਨ।

2 ਦਿਨਾਂ 'ਚ 2 ਨੌਜਵਾਨ ਫਿਰ ਚੜ੍ਹੇ ਨਸ਼ਿਆਂ ਦੀ ਭੇਟ
ਪਿਛਲੇ 2 ਦਿਨਾਂ 'ਚ ਥਾਣਾ ਸਰਾਏ ਅਮਾਨਤ ਖਾਂ ਦੇ ਪਿੰਡ ਗੰਡੀਵਿੰਡ ਅਤੇ ਥਾਣਾ ਝਬਾਲ ਦੇ ਪਿੰਡ ਜਗਤਪੁਰਾ ਦੇ 2 ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਗਏ। ਭਾਵੇਂ ਕਿ ਇਨ੍ਹਾਂ ਮਾਮਲਿਆਂ 'ਚ ਪੁਲਸ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਅਤੇ ਉਕਤ ਨੌਜਵਾਨਾਂ ਦੀ ਮੌਤ ਨੂੰ ਕੁਦਰਤੀ ਮੌਤ ਨਾਲ ਜੋੜ ਕੇ ਨੌਜਵਾਨਾਂ ਦੀਆਂ ਲਾਸ਼ਾਂ ਦੇ ਨਾਲ ਹੀ ਮਾਮਲੇ ਵੀ ਦਫਨ ਕਰ ਦਿੱਤੇ ਗਏ ਹਨ। ਸੂਤਰਾਂ ਦੀ ਮੰਨੀਏ ਤਾਂ ਥਾਣਾ ਸਰਾਏ ਅਮਾਨਤ ਖਾਂ ਅਤੇ ਥਾਣਾ ਝਬਾਲ ਦੇ ਉਕਤ ਦੋਹਾਂ ਪਿੰਡਾਂ ਦੇ ਨੌਜਵਾਨਾਂ ਦੀ ਮੌਤ ਓਵਰਡੋਜ਼ ਲੈਣ ਕਰਕੇ ਹੋਈ ਹੈ। ਇਨ੍ਹਾਂ ਮਾਮਲਿਆਂ 'ਚ ਕੁਝ ਸੱਤਾਧਾਰੀ ਲੋਕਾਂ ਵਲੋਂ ਸਰਕਾਰ ਦੇ ਮੱਥੇ 'ਤੇ ਲੱਗਣ ਵਾਲੇ ਕਲੰਕ ਨੂੰ ਧੋਣ ਲਈ ਪੂਰੀ ਤਰ੍ਹਾਂ ਅੱਡੀ ਚੋਟੀ ਦਾ ਜ਼ੋਰ ਲਾਇਆ ਹੈ।  

ਪੁਲਸ ਵਲੋਂ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਦੀ ਅਰੰਭੀ ਕਵਾਇਦ
ਸੂਤਰਾਂ ਦੀ ਮੰਨੀਏ ਤਾਂ ਇਕੱਲੇ ਝਬਾਲ ਖੇਤਰ ਦੇ 150 ਦੇ ਕਰੀਬ ਛੋਟੇ ਵੱਡੇ ਨਸ਼ਾ ਤਸਕਰਾਂ ਦੀ ਪੁਲਸ ਨੇ ਸੂਚੀ ਤਿਆਰ ਕਰ ਰੱਖੀ ਹੈ। ਝਬਾਲ ਅਤੇ ਸਰਹੱਦੀ ਪਿੰਡ ਹਵੇਲੀਆਂ ਨੂੰ ਨਸ਼ਿਆਂ ਦੀ ਤਸਕਰੀ ਲਈ ਸਭ ਤੋਂ ਮੋਹਰੀ ਪਿੰਡਾਂ ਦੀ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ ਤੇ ਪਿਛਲੇ ਦਿਨੀਂ ਤਰਨਤਾਰਨ ਪਹੁੰਚੇ ਡੀ.ਜੀ.ਪੀ. ਸੁਰੇਸ਼ ਅਰੋੜਾ ਅਤੇ ਐੱਸ.ਟੀ.ਐੱਫ ਦੇ ਮੁਖੀ ਮੁਹੰਮਦ ਮੁਸਤਫਾ ਵਲੋਂ ਵੀ ਐੱਸ.ਐੱਸ.ਪੀ. ਤਰਨਤਾਰਨ ਡੀ.ਐੱਸ.ਮਾਨ ਨੂੰ ਸਖਤ ਹਦਾਇਤਾਂ ਕੀਤੀਆਂ ਗਈਆਂ ਸਨ ਕਿ ਸਰਹੱਦੀ ਖੇਤਰ ਦੇ ਇਨ੍ਹਾਂ ਦੋਵਾਂ ਪਿੰਡਾਂ ਅੰਦਰੋਂ ਨਸ਼ਿਆਂ ਦੇ ਖਾਤਮੇ ਲਈ ਵਿਸ਼ੇਸ਼ ਮਿਸ਼ਨ ਚਲਾ ਕੇ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਖਿਲਾਫ ਸਿਕੰਜਾ ਕੱਸਿਆ ਜਾਵੇ। ਦੱਸਿਆ ਜਾ ਰਿਹਾ ਹੈ ਕਿ ਨਸ਼ਾ ਤਸਕਰੀ ਨਾਲ ਜੁੜੇ ਲੋਕਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਲਈ ਵੀ ਜ਼ਿਲਾ ਪੁਲਸ ਵਲੋਂ ਵਿਸ਼ੇਸ਼ ਕਵਾਇਦ ਅਰੰਭੀ ਜਾ ਚੁੱਕੀ ਹੈ। 

ਲੋਕਾਂ ਦੇ ਸਹਿਯੋਗ ਤੇ ਪੁਲਸ ਦੀ ਸਖਤੀ ਨਾਲ ਨਸ਼ਿਆਂ ਨੂੰ ਪਈ ਠੱਲ੍ਹ
ਐੱਸ.ਐੱਸ.ਪੀ. ਮਾਨ ਜ਼ਿਲਾ ਪੁਲਸ ਮੁਖੀ ਦਰਸ਼ਨ ਸਿੰਘ ਮਾਨ ਦਾ ਦਾਅਵਾ ਹੈ ਕਿ ਜ਼ਿਲਾ ਤਰਨਤਾਰਨ 'ਚ ਨਸ਼ਿਆਂ 'ਤੇ ਪੂਰੀ ਤਰ੍ਹਾਂ ਨਕੇਲ ਕੱਸੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਅਤੇ ਪੁਲਸ ਦੀ ਸਖਤੀ ਨਾਲ ਜ਼ਿਲਾ ਨਸ਼ਾ ਮੁਕਤੀ ਮਿਸ਼ਨ ਵੱਲ ਵੱਧ ਰਿਹਾ ਹੈ। ਨਸ਼ਿਆਂ ਨਾਲ ਜੁੜੇ ਕਿਸੇ ਵਿਅਕਤੀ ਦਾ ਲਿਹਾਜ਼ ਨਹੀਂ ਕੀਤਾ ਜਾ ਰਿਹਾ, ਜਿਸ ਦੇ ਚੱਲਦਿਆਂ ਉਨ੍ਹਾਂ ਵਲੋਂ ਭਾਰਤ ਸਰਕਾਰ ਦੀ 'ਕੰਪੀਟੈਂਟ ਅਥਾਰਟੀ' ਦਿੱਲੀ ਨੂੰ ਜ਼ਿਲੇ ਦੇ 39 ਨਾਮੀ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕਰਨ ਲਈ ਲਿਸਟ ਵੀ ਭੇਜੀ ਗਈ ਸੀ, ਜਿਸ 'ਚੋਂ 8 ਵਿਅਕਤੀਆਂ ਦੀ ਜਾਇਦਾਦ ਜ਼ਬਤ ਕਰਨ ਦੇ ਹੁਕਮ ਮਿਲ ਚੁੱਕੇ ਹਨ, ਜਿਨ੍ਹਾਂ 'ਚੋਂ ਕੁਝ ਲੋਕਾਂ ਦੀ ਜਾਇਦਾਦ ਜ਼ਬਤ ਕੀਤੀ ਵੀ ਜਾ ਚੁੱਕੀ ਹੈ। 
 


Related News