ਜਥੇਦਾਰ ਹਵਾਰਾ ਨੇ ਫਿਲਮ ‘ਸੁਪਰੀਮ ਮਦਰਹੁੱਡ’ ਨੂੰ ਸਿੱਖ ਵਿਰੋਧੀ ਐਲਾਨਿਆ
Thursday, Apr 14, 2022 - 09:46 AM (IST)

ਅੰਮ੍ਰਿਤਸਰ (ਜ.ਬ) - ਸਰਬੱਤ ਖਾਲਸਾ ਵੱਲੋਂ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਆਪਣੇ ਵਿਸਾਖੀ ਸੰਦੇਸ਼ ਵਿਚ ਖਾਲਸਾ ਪੰਥ ਦੀ ਮਾਤਾ ਸਾਹਿਬ ਕੌਰ ’ਤੇ ਬਣੀ ਵਿਵਾਦਿਤ ਫਿਲਮ ‘ਸੁਪਰੀਮ ਮਦਰਹੁੱਡ’ ਨੂੰ ਸਿੱਖ ਵਿਰੋਧੀ ਐਲਾਨਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸਿੱਖ ਯੂਥ ਫੈੱਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ, ਅਕਾਲ ਯੂਥ ਦੇ ਭਾਈ ਜਸਵਿੰਦਰ ਸਿੰਘ, ਆਵਾਜ਼-ਏ–ਕੌਮ ਦੇ ਭਾਈ ਨੋਬਲਜੀਤ ਸਿੰਘ, ਭਾਈ ਹਰਜਿੰਦਰ ਸਿੰਘ ਖਾਲਸਾ ਅਤੇ ਭਾਈ ਭੁਪਿੰਦਰ ਸਿੰਘ ਸੱਜਣ ਦੇ ਅਰਦਾਸ ਕਰਨ ਉਪਰੰਤ ਇਹ ਸੰਦੇਸ਼ ਜਥੇਦਾਰ ਹਵਾਰਾ ਵੱਲੋਂ ਥਾਪੀ ਜਥੇਬੰਦੀ ਅਕਾਲ ਯੂਥ ਦੇ ਮੁੱਖ ਆਗੂ ਭਾਈ ਜਸਵਿੰਦਰ ਸਿੰਘ ਰਾਜਪੁਰਾ ਵੱਲੋਂ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਪੜ੍ਹਿਆ ਗਿਆ।
ਪੜ੍ਹੋ ਇਹ ਵੀ ਖ਼ਬਰ -ਵੱਡੀ ਖ਼ਬਰ: ਸੰਯੁਕਤ ਸਮਾਜ ਮੋਰਚੇ ’ਚ ਸ਼ਾਮਲ 16 ਕਿਸਾਨ ਜਥੇਬੰਦੀਆਂ ਵਲੋਂ ਵੱਖ ਹੋਣ ਦਾ ਐਲਾਨ
ਜਥੇਦਾਰ ਹਵਾਰਾ ਨੇ ਆਪਣੇ ਇਸ ਸੰਦੇਸ਼ ਵਿਚ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੁੱਢ ਤੋਂ ਹੀ ਖਾਲਸਾ ਆਪਣੇ ਨਿਆਰੇਪਨ ਕਾਰਨ ਦੁਨੀਆ ਵਿਚ ਨਿਵੇਕਲੀਆਂ ਮੱਲਾਂ ਮਾਰਦਾ ਆਇਆ ਹੈ। ਕੁਝ ਪੰਥ ਵਿਰੋਧੀ ਲੋਕ ਬਿੱਪਰਵਾਦੀਆਂ ਦੀ ਛਹਿ ’ਤੇ ਸਿੱਖ ਕੌਮ ਤੇ ਸਿੱਖ ਸਿਧਾਂਤਾਂ ਉੱਤੇ ਸਮੇਂ-ਸਮੇਂ ਮਾਰੂ ਹਮਲੇ ਕਰਦੇ ਆਏ ਹਨ। ਉਨ੍ਹਾਂ ਕਿਹਾ ਕਿ ਸਿੱਖ ਸਿਧਾਂਤਾਂ ਮੁਤਾਬਕ ਖਾਲਸੇ ਨੇ ਗੁਰੂ ਸਾਹਿਬਾਨ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਬੁੱਤ ਦੀ ਤਰ੍ਹਾਂ ਤਰਾਸ਼ਣ, ਐਨੀਮੇਸ਼ਨ ਰਾਹੀਂ ਜਾਂ ਕਿਸੇ ਹੋਰ ਰੂਪ ਵਿਚ ਫਿਲਮਾਉਣਾ ਸਵੀਕਾਰ ਨਹੀਂ ਕੀਤਾ।
ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ: ਜਾਇਦਾਦ ਦੀ ਖ਼ਾਤਰ ਪਿਓ ਨੇ ਆਪਣੀ ਕੁੜੀ, ਜਵਾਈ ਤੇ 6 ਮਹੀਨੇ ਦੀ ਦੋਹਤੀ ਦਾ ਕੀਤਾ ਕਤਲ
ਉਨ੍ਹਾਂ ਨੇ ਕਿਹਾ ਕਿ ਸਾਨੂੰ ਕਲਗੀਧਰ ਪਾਤਸ਼ਾਹ ਨੇ ਕੇਵਲ ਸ਼ਬਦ ਗੁਰੂ ਨਾਲ ਜੋੜਿਆ ਹੈ। ਉਨ੍ਹਾਂ ਇਸ ਫਿਲਮ ਨੂੰ ਸਿੱਖ ਵਿਰੋਧੀ ਕਰਾਰ ਦਿੰਦਿਆਂ ਪੰਜਾਬ ਅਤੇ ਦੇਸ਼ਾਂ-ਵਿਦੇਸ਼ਾਂ ਦੀਆਂ ਸਰਕਾਰਾਂ ਨੂੰ ਪਾਬੰਧੀ ਲਗਾਉਣ ’ਤੇ ਸਮੁੱਚੇ ਖਾਲਸਾ ਪੰਥ ਨੂੰ ਇਸਦਾ ਪੁਰਜ਼ੋਰ ਵਿਰੋਧ ਕਰਨ ਦੀ ਅਪੀਲ ਕੀਤੀ ਹੈ।