ਭਾਰਤ-ਪਾਕਿ ਸਰਹੱਦ ਪਾਰ ਕਿਸਾਨਾਂ ਦਾ ਰੋਸ, ਕਿਹਾ-ਰਾਵੀ ਦਰਿਆ ਪਾਰ ਕਰ ਫ਼ਸਲ ਦੀ ਕਾਸ਼ਤ ਕਰਨ ਜਾਣਾ ਪੈਂਦੈ

04/26/2022 2:52:46 PM

ਰਮਦਾਸ (ਸਾਰੰਗਲ) - ਭਾਰਤ-ਪਾਕਿਸਤਾਨ ਦੀ ਅੰਤਰ ਰਾਸ਼ਟਰੀ ਸਰਹੱਦ ਦਰਮਿਆਨ ਵੱਗਦੇ ਰਾਵੀ ਦਰਿਆ ਨੂੰ ਰੋਜ਼ਾਨਾ ਪਾਰ ਕਰ ਕੇ ਪਾਰਲੇ ਪਾਸੇ ਸਥਿਤ ਜ਼ਮੀਨਾਂ ਦੇ ਮਾਲਕ ਕਿਸਾਨਾਂ ਨੂੰ ਅਕਸਰ ਜਾਣ ਲਈ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਿਚਾਰੇ ਗਰੀਬ ਕਿਸਾਨ ਪ੍ਰਮਾਤਮਾ ਦੇ ਓਟ ਆਸਰਾ ਲੈ ਕੇ ਰਾਵੀ ਦਰਿਆ ਨੂੰ ਪਾਰ ਕਰ ਕੇ ਆਪਣੀ ਜ਼ਮੀਨਾਂ ਵਿਚ ਫ਼ਸਲਾਂ ਦੀ ਕਾਸ਼ਤ ਕਰ ਜਾਂਦੇ ਹਨ। ਉਥੇ ਕਈ-ਕਈ ਵਾਰ ਰਾਵੀ ਦਰਿਆ ਦਾ ਪਾਣੀ ਉਫਾਨ ’ਤੇ ਆ ਜਾਣ ਕਰ ਕੇ ਕਈ ਕਿਸਾਨ ਅਕਸਰ ਪਿਛਲੇ ਸਮੇਂ ਦੌਰਾਨ ਰਾਵੀ ਦਰਿਆ ਵਿਚ ਰੁੜ੍ਹਦੇ ਪਾਏ ਗਏ। ਇਸ ਦਰਿਆ ਨੂੰ ਪਾਰ ਕਰਨ ਲਈ ਵਰਤੇ ਜਾਂਦੇ ਟਰੈਕਟਰ-ਟਰਾਲੀ ਰਾਵੀ ਦਰਿਆ ਵੀ ਆਪਣੇ ਪਾਣੀ ਵਹਾਅ ਵਿਚ ਕਈ ਵਾਰੀ ਵਹਾ ਕੇ ਲੈ ਜਾ ਚੁੱਕਾ ਹੈ।

ਅਸੀਂ ਗੱਲ ਕਰਨ ਜਾ ਰਹੇ ਹਾਂ, ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਪਿੰਡ ਦਰਿਆ ਮੂਸਾ ਤੇ ਇਸ ਦੇ ਆਸ-ਪਾਸ ਸਥਿਤ ਕਿਸਾਨਾਂ ਦੀ, ਜੋ ਆਪਣੀ ਜਾਨ ਤਲੀ ’ਤੇ ਧਰ ਰਾਵੀ ਦਰਿਆ ਨੂੰ ਰੋਜ਼ਾਨਾ ਕਣਕ ਅਤੇ ਝੋਨੇ ਦੀ ਫ਼ਸਲ ਦੀ ਬਿਜਾਈ ਅਤੇ ਕਟਾਈ ਦੇ ਸੀਜ਼ਨ ਦੌਰਾਨ ਪਾਰ ਕਰ ਕੇ ਦਰਿਆ ਪਾਰ ਸਥਿਤ ਆਪਣੀਆਂ ਜ਼ਮੀਨਾਂ ਵਿਚ ਜਾਂਦੇ ਨਜ਼ਰ ਆਉਂਦੇ ਹਨ। ਇਸ ਰਾਵੀ ਦਰਿਆ ’ਤੇ ਕਿਸੇ ਸਰਕਾਰ ਵਲੋਂ ਅਜੈ ਤੱਕ ਕਿਸਾਨਾਂ ਦੀ ਸਹੂਲਤ ਲਈ ਕਿਸੇ ਪੁਲ ਆਦਿ ਦਾ ਨਿਰਮਾਣ ਨਹੀਂ ਕੀਤਾ ਗਿਆ, ਜਿਸ ਕਰ ਕੇ ਅਕਸਰ ਕਈ ਵਾਰ ਵੱਡੇ ਹਾਦਸੇ ਇਸ ਰਾਵੀ ਦਰਿਆ ਕਰ ਕੇ ਵਾਪਰ ਚੁੱਕੇ ਹਨ। ਕਈ ਕਿਸਾਨ ਆਪਣੀਆਂ ਜਾਨਾਂ ਤੋਂ ਹੱਥ ਧੋ ਚੁੱਕੇ ਹਨ। ਹੋਰ ਤਾਂ ਹੋਰ ਹੜ੍ਹ ਆਉਣ ਦੀ ਸਥਿਤੀ ਵਿਚ ਅਤੇ ਬਰਸਾਤੀ ਮੌਸਮ ਵਿਚ ਅਕਸਰ ਦਰਿਆ ਪਾਰ ਸਥਿਤ ਜ਼ਮੀਨਾਂ ਦੇ ਮਾਲਕ ਕਿਸਾਨਾਂ ਨੂੰ ਇਹੀ ਡਰ ਸਤਾਉਂਦਾ ਰਹਿੰਦਾ ਹੈ ਕਿ ਕੀ ਇਸ ਵਾਰ ਉਨ੍ਹਾਂ ਦੀ ਫ਼ਸਲ ਸਹੀ ਸਲਾਮਤ ਰਹੇਗੀ ਜਾਂ ਫਿਰ ਫ਼ਸਲ ਪਾਣੀ ਵਿਚ ਡੁੱਬ ਕੇ ਉਨ੍ਹਾਂ ਦੀ ਮਿਹਨਤ ’ਤੇ ਪਾਣੀ ਫੇਰ ਦੇਵੇਗੀ?, 

ਇਹ ਸਭ ਵੱਲ ਕਿਸੇ ਵੀ ਸਰਕਾਰ ਵਲੋਂ ਧਿਆਨ ਨਾ ਦਿੱਤੇ ਜਾਣ ਕਰ ਕੇ ਹੁਣ ਕਿਸਾਨਾਂ ਨੇ ਇਸ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਉਮੀਦਾਂ ਲਗਾਈਆਂ ਹੋਈਆਂ ਹਨ ਕਿ ਉਨ੍ਹਾਂ ਦੀ ਇਸ ਮੁਸ਼ਕਿਲ ਦਾ ਹੱਲ ਮੌਜੂਦਾ ਸੂਬਾ ਸਰਕਾਰ ਕਰੇਗੀ। ਇਸ ਸਬੰਧੀ ਪਿੰਡਾਂ ਦੇ ਕਿਸਾਨਾਂ ਨੇ ਮੌਜੂਦਾ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਰਾਵੀ ਦਰਿਆ ’ਤੇ ਉਨ੍ਹਾਂ ਨੂੰ ਪੁਲ ਬਣਾ ਕੇ ਦਿੱਤਾ ਜਾਵੇ ਤਾਂ ਜੋ ਅਕਸਰ ਪੇਸ਼ ਆਉਂਦੀਆਂ ਮੁਸ਼ਕਲਾਂ ਤੋਂ ਉਹ ਰਾਹਤ ਪਾ ਸਕਣ।

ਓਧਰ, ਜਦੋਂ ਹਲਕੇ ਦੇ ਵਿਧਾਇਕ ਅਤੇ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਫੋਨ ’ਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦੇ ਪੀ. ਏ. ਫੋਨ ਅਟੈਂਡ ਕਰਦਿਆਂ ਕਿਹਾ ਕਿ ਮੰਤਰੀ ਸਾਹਿਬ! ਮੀਟਿੰਗ ਵਿਚ ਬਿਜ਼ੀ ਹਨ, ਜਿਸ ਕਰ ਕੇ ਉਨ੍ਹਾਂ ਨਾਲ ਗੱਲ ਨਹੀਂ ਹੋ ਸਕਦੀ। ਉਕਤ ਮਾਮਲੇ ਨੂੰ ਲੈ ਕੇ ਹੁਣ ਆਉਣ ਵਾਲੇ ਦਿਨਾਂ ਵਿਚ ਇਹ ਦੇਖਣਾ ਹੋਵੇਗਾ ਕਿ ਲੋਕਾਂ ਵਲੋਂ ਚੁਣੇ ਗਏ ਹਲਕੇ ਦੇ ਨੁਮਾਇੰਦੇ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਇਸ ਪਾਸੇ ਧਿਆਨ ਦਿੰਦੇ ਹਨ ਜਾਂ ਨਹੀਂ, ਇਹ ਤਾਂ ਹੁਣ ਸਮਾਂ ਹੀ ਦੱਸੇਗਾ ਕਿ ਸ. ਧਾਲੀਵਾਲ ਕਿਸਾਨਾਂ ਦੇ ਇਸ ਜੁਝਾਰੂ ਅਤੇ ਅਹਿਮ ਮਸਲੇ ਦਾ ਹੱਲ ਪੁਲ ਦਾ ਨਿਰਮਾਣ ਕਰਵਾ ਕੇ ਕਰਦੇ ਹਨ ਕਿ ਜਾਂ ਫਿਰ ਵਿਚਾਰੇ ਕਿਸਾਨ...।


rajwinder kaur

Content Editor

Related News