GNDH ’ਚ ਹੁਣ ਨਹੀਂ ਹੋਵੇਗੇ ਲਾਵਾਰਿਸ ਮਰੀਜ਼ਾਂ ਦੇ ਅਧਿਕਾਰਾਂ ਦਾ ਹਨਨ, ਹੁਣ ਬਣੀ 15 ਬੈੱਡਾਂ ਦੀ ਵਾਰਡ
Sunday, Aug 04, 2024 - 05:38 PM (IST)
ਅੰਮ੍ਰਿਤਸਰ (ਦਲਜੀਤ)-ਗੁਰੂ ਨਾਨਕ ਦੇਵ ਹਸਪਤਾਲ ’ਚ ਹੁਣ ਲਾਵਾਰਿਸ ਮਰੀਜ਼ਾਂ ਦੇ ਅਧਿਕਾਰਾਂ ਦਾ ਹਨਨ ਨਹੀਂ ਹੋਵੇਗਾ। ਹਸਪਤਾਲ ਪ੍ਰਸ਼ਾਸਨ ਨੇ ਪਿੰਗਲਵਾੜਾ ਸੰਸਥਾ ਦੇ ਸਹਿਯੋਗ ਨਾਲ ਲਾਵਾਰਿਸ ਮਰੀਜ਼ਾਂ ਦੇ ਇਲਾਜ ਅਤੇ ਸਾਂਭ-ਸੰਭਾਲ ਲਈ 15 ਬੈੱਡ ਦੀਆਂ ਵਿਸ਼ੇਸ਼ ਸਹੂਲਤਾਂ ਨਾਲ ਲੈਸ ਵਾਰਡ ਬਣਾ ਦਿੱਤੀ ਹੈ। ਵਾਰਡ ’ਚ ਜਿੱਥੇ ਸਿਹਤ ਸੇਵਾਵਾਂ ਲਈ ਡਾਕਟਰ ਸਮੇਤ 7 ਸਟਾਫ ਮੈਂਬਰ 24 ਘੰਟੇ ਮੌਜੂਦ ਰਹਿਣਗੇ, ਉਥੇ ਹੀ ਲਾਵਾਰਿਸ ਮਰੀਜ਼ਾਂ ਦੇ ਸਾਂਭ-ਸੰਭਾਲ ਅਤੇ ਉਨ੍ਹਾਂ ਦਾ ਧਿਆਨ ਦੇਣ ਲਈ ਪਿੰਗਲਵਾੜਾ ਸੰਸਥਾ ਦੇ ਮੁਲਾਜ਼ਮ ਮੌਜੂਦ ਰਹਿਣਗੇ। ਭਗਤ ਪੂਰਨ ਸਿੰਘ ਜੀ ਦੇ ਨਾਂ ’ਤੇ ਵਾਰਡ ਦਾ ਨਿਰਮਾਣ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਚੋਰਾਂ ਦੇ ਹੌਂਸਲੇ ਬੁਲੰਦ, ਥਾਣੇ ਅੰਦਰ ਦਾਖ਼ਲ ਹੋ ਕੇ ਕਰ ਗਏ ਵੱਡਾ ਕਾਂਡ
ਦੱਸਣਯੋਗ ਹੈ ਕਿ ‘ਜਗ ਬਾਣੀ’ ਵੱਲੋਂ ਹਸਪਤਾਲ ’ਚ ਪਿਛਲੇ ਦਿਨੀਂ ਇਕ ਲਾਵਾਰਿਸ ਮਰੀਜ਼ ਦੀ ਸਾਂਭ-ਸੰਭਾਲ ਨਾ ਹੋਣ ਕਾਰਨ ਡਾਕਟਰਾਂ ਵੱਲੋਂ ਗੰਦਗੀ ’ਚ ਜ਼ਮੀਨ ’ਤੇ ਗੁਲੂਕੋਸ ਲਾਉਣ ਦੀ ਖ਼ਬਰ ਵੀ ਪ੍ਰਮੁੱਖਤਾ ਦੇ ਆਧਾਰ ’ਤੇ ਪ੍ਰਕਾਸ਼ਿਤ ਕੀਤੀ ਗਈ ਸੀ। ਜਾਣਕਾਰੀ ਅਨੁਸਾਰ ਗੁਰੂ ਨਾਨਕ ਦੇਵ ਹਸਪਤਾਲ ’ਚ ਪਹਿਲਾਂ ਲਾਵਾਰਿਸ ਮਰੀਜ਼ਾਂ ਦੀ ਸਾਂਭ-ਸੰਭਾਲ ਨਾ ਹੋਣ ਕਾਰਨ ਉਨ੍ਹਾਂ ਨੂੰ ਸਿਹਤ ਸੇਵਾਵਾਂ ਢੁੱਕਵੀਆਂ ਨਾ ਮਿਲਣ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ।
ਇੱਥੋਂ ਤੱਕ ਕਿ ਕੁਝ ਡਾਕਟਰ ਤਾਂ ਲਾਵਾਰਿਸ ਮਰੀਜ਼ਾਂ ਕੋਲੋਂ ਬਦਬੂ ਆਉਣ ਕਾਰਨ ਉਨ੍ਹਾਂ ਨੂੰ ਸਹੀ ਢੰਗ ਨਾਲ ਧਿਆਨ ਵੀ ਨਹੀਂ ਦਿੰਦੇ ਸਨ ਪਰ ਹੁਣ ਹਸਪਤਾਲ ਪ੍ਰਸ਼ਾਸਨ ਵੱਲੋਂ ਪਿੰਗਲਵਾੜਾ ਸੰਸਥਾ ਦੇ ਸਹਿਯੋਗ ਨਾਲ ਲਾਵਾਰਿਸ ਮਰੀਜ਼ਾਂ ਦੀ ਸਾਂਭ-ਸੰਭਾਲ ਅਤੇ ਇਲਾਜ ਲਈ ਵਿਸ਼ੇਸ਼ ਵਾਰਡ ਦਾ ਨਿਰਮਾਣ ਕਰ ਦਿੱਤਾ ਗਿਆ ਹੈ। ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ 15 ਬੈੱਡ ਦੀ ਵਿਸ਼ੇਸ਼ ਵਾਰਡ ਬਣਾਈ ਗਈ ਹੈ। ਲਾਵਾਰਿਸ ਮਰੀਜ਼ ਦਾ ਪਹਿਲਾਂ ਐਮਰਜੈਂਸੀ ’ਚ ਇਲਾਜ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਉਸ ਨੂੰ ਭਗਤ ਪੂਰਨ ਸਿੰਘ ਜੀ ਦੇ ਨਾਂ ’ਤੇ ਬਣਾਈ ਗਈ ਵਾਰਡ ’ਚ ਸ਼ਿਫਟ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- SGPC ਦਫ਼ਤਰ 'ਚ ਹੋਏ ਕਤਲ ਦੇ ਮਾਮਲੇ 'ਚ ਪੁਲਸ ਨੇ ਲਿਆ ਵੱਡਾ ਐਕਸ਼ਨ
ਵਾਰਡ ’ਚ ਡਾਕਟਰ ਤੋਂ ਇਲਾਵਾ ਸਟਾਫ ਨਰਸ ਅਤੇ ਹੋਰ ਮੁਲਾਜ਼ਮ ਮੌਜੂਦ ਰਹਿਣਗੇ। ਇਸ ਦੇ ਨਾਲ ਹੀ ਪਿੰਗਲਵਾੜਾ ਸੰਸਥਾ ਦੇ ਮੁਲਾਜ਼ਮ ਵੀ ਮਰੀਜ਼ ਦੀ ਸਾਂਭ-ਸੰਭਾਲ ਲਈ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵਾਰਡ ਦੇ ਉੱਪਰ ਕਰੀਬ 10 ਲੱਖ ਦੇ ਕਰੀਬ ਖਰਚਾ ਆਇਆ ਹੈ। ਉਨ੍ਹਾਂ ਦੱਸਿਆ ਕਿ ਪਿੰਗਲਵਾੜਾ ਸੰਸਥਾ ਵੱਲੋਂ ਪੰਜਾਬ ਸਰਕਾਰ ਨੂੰ ਹਸਪਤਾਲ ’ਚ ਆਉਣ ਵਾਲੇ ਲਾਵਾਰਿਸ ਮਰੀਜ਼ਾਂ ਦੀ ਸਾਂਭ-ਸੰਭਾਲ ਅਤੇ ਇਲਾਜ ’ਚ ਸਹਿਯੋਗ ਕਰਨ ਲਈ ਪ੍ਰਵਾਨਗੀ ਮੰਗੀ ਗਈ ਸੀ, ਜਿਸ ਤੋਂ ਬਾਅਦ ਇਹ ਵਾਰਡ ਦਾ ਨਿਰਮਾਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ’ਚ ਰੋਜ਼ਾਨਾ ਪੰਜ ਤੋਂ ਛੇ ਲਾਵਾਰਸ ਮਰੀਜ਼ ਆਉਂਦੇ ਹਨ। ਮਰੀਜ਼ਾਂ ਨੂੰ ਹੁਣ ਵਧੀਆ ਸਿਹਤ ਸੇਵਾਵਾਂ ਮਿਲਣਗੀਆਂ।
ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ 'ਚ ਵਾਪਰਿਆ ਵੱਡਾ ਹਾਦਸਾ, ਕੜਾਹੇ 'ਚ ਡਿੱਗਿਆ ਸੇਵਾਦਾਰ
ਓਧਰ ਦੂਸਰੇ ਪਾਸੇ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾਇਰੈਕਟਰ ਡਾ. ਰਾਜੀਵ ਦੇਵਗਨ ਨੇ ਦੱਸਿਆ ਕਿ ਫਿਲਹਾਲ 15 ਬੈੱਡ ਦੀ ਵਾਰਡ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰਡ ’ਚ ਹਰ ਪ੍ਰਕਾਰ ਦੀ ਸਿਹਤ ਸੇਵਾਵਾਂ ’ਚ ਉਪਲੱਬਧ ਕਰਵਾਉਣ ਵਾਲੀ ਮਸ਼ੀਨਰੀ ਲੈਸ ਹੈ। ਉਨ੍ਹਾਂ ਕਿਹਾ ਕਿ ਪਿੰਗਲਵਾੜਾ ਸੰਸਥਾ ਵੱਲੋਂ ਕੀਤਾ ਗਿਆ ਕਾਰਜ ਬੇਹੱਦ ਸ਼ਲਾਘਾਯੋਗ ਹੈ। ਓਧਰ ਦੂਸਰੇ ਪਾਸੇ ਪਿੰਗਲਵਾੜਾ ਸੰਸਥਾ ਦੇ ਡਾ. ਇੰਦਰਜੀਤ ਕੌਰ ਨੇ ਕਿਹਾ ਕਿ ਸੰਸਥਾ ਵੱਲੋਂ ਲਾਵਾਰਿਸ ਮਰੀਜ਼ਾਂ ਦੇ ਇਲਾਜ ਦੇ ਲਈ ਢੁੱਕਵਾਂ ਧਿਆਨ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਜਿਨ੍ਹਾਂ ਮਰੀਜ਼ਾਂ ਦੇ ਵਾਰਿਸ ਇਲਾਜ ਦੌਰਾਨ ਆਪ ਨਹੀਂ ਆਣਗੇ, ਉਨ੍ਹਾਂ ਨੂੰ ਪਿੰਗਲਵਾੜਾ ਸੰਸਥਾ ਵੱਲੋਂ ਲਿਜਾਇਆ ਜਾਵੇਗਾ। ਇਸ ਮੌਕੇ ਡਾ. ਜਗਦੀਪਕ ਡਾ. ਕੁਲਾਰ ਆਦਿ ਮੌਜੂਦ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8