ਦੋਸ਼ਾਂ ਦੀ ਜਾਂਚ ਲਈ ਮੈਂ ਤਿਆਰ ਹਾਂ ਸੁਖਬੀਰ ਵੀ ਆਪਣੇ ’ਤੇ ਲੱਗੇ ਦੋਸ਼ਾਂ ਦੀ ਜਾਂਚ ਲਈ ਦੇਣ ਸਹਿਮਤੀ : ਰੰਧਾਵਾ
Sunday, Dec 08, 2019 - 12:24 AM (IST)

ਬਟਾਲਾ, (ਬੇਰੀ)- ਪੰਜਾਬ ਦੇ ਜੇਲ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀ ਆਗੂਆਂ ਵੱਲੋਂ ਲਾਏ ਜਾ ਰਹੇ ਦੋਸ਼ਾਂ ਬਾਰੇ ਕਿਹਾ ਹੈ ਕਿ ਉਹ ਕਿਸੇ ਵੀ ਨਿਰਪੱਖ ਜਾਂਚ ਏਜੰਸੀ ਜਾਂ ਫਿਰ ਸੁਪਰੀਮ ਕੋਰਟ ਜਾਂ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਲਈ ਤਿਆਰ ਹਨ ਪਰ ਨਾਲ ਹੀ ਉਨ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ ਕਿ ਉਹ ਵੀ ਆਪਣੇ ਰਾਜ ਵੇਲੇ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ, ਬਿਕਰਮ ਸਿੰਘ ਮਜੀਠੀਆ ਵਲੋਂ ਗੈਂਗਸਟਰਾਂ ਦੀ ਪੁਸ਼ਤ-ਪਨਾਹੀ ਦੇ ਦੋਸ਼ਾਂ ਦੀ ਸਮਾਂਬੱਧ ਜਾਂਚ ਕਰਵਾਉਣ ਲਈ ਸਹਿਮਤੀ ਦੇਵੇ। ਉਨ੍ਹਾਂ ਕਿਹਾ ਕਿ ਉਹ ਹਰ ਪ੍ਰਕਾਰ ਦੀ ਜਾਂਚ ਲਈ ਲਿਖ ਕੇ ਦੇਣ ਨੂੰ ਤਿਆਰ ਹਨ ਅਤੇ ਨਾਲ ਹੀ ਸੁਖਬੀਰ ਤੇ ਮਜੀਠੀਆ ਵੀ ਜਾਂਚ ਲਈ ਲਿਖ ਕੇ ਦੇਣ।
ਕੈਬਨਿਟ ਮੰਤਰੀ ਰੰਧਾਵਾ ਨੇ ਕਿਹਾ ਕਿ ਪਿਛਲੀ ਸਰਕਾਰ ਦੇ ਸਮੇਂ ਵਿਚ ਜੇਲਾਂ ਵਿਚ ਵਾਪਰੀਆਂ ਵੱਡੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਜਲੰਧਰ ਦੀ ਪੁਰਾਣੀ ਕੇਂਦਰੀ ਜੇਲ ਵਿਚ ਦੋ ਵਾਰ 7 ਜਨਵਰੀ ਤੇ 31 ਜਨਵਰੀ 2008 ਨੂੰ ਦੰਗੇ ਹੋਏ। ਜ਼ਿਲਾ ਜੇਲ ਕਪੂਰਥਲਾ ਵਿਚ 23 ਸਤੰਬਰ 2011, ਕੇਂਦਰੀ ਜੇਲ ਫਰੀਦਕੋਟ ਵਿਚ 22 ਅਪ੍ਰੈਲ 2013 ਅਤੇ ਜ਼ਿਲਾ ਜੇਲ ਹੁਸ਼ਿਆਰਪੁਰ ਵਿਚ 10 ਜੂਨ 2013 ਵਿਚ ਦੰਗੇ ਹੋਏ। ਨਾਭਾ ਦੀ ਉੱਚ ਸੁਰੱਖਿਆ ਜੇਲ ਵਿਚ 27 ਨਵੰਬਰ 2016 ਨੂੰ ਜੇਲ ਤੋਡ਼ ਕੇ ਵੱਡੇ ਗੈਂਗਸਟਰ ਫਰਾਰ ਹੋਏ, ਹਾਲਾਂਕਿ ਉਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਅਪਰਾਧ ਨੂੰ ਮੁੱਢੋਂ ਖਤਮ ਕਰਨ ਅਤੇ ਗੈਂਗਸਟਰਾਂ ਖਿਲਾਫ ਸ਼ੁਰੂ ਕੀਤੀਆਂ ਕਾਰਵਾਈਆਂ ਕਰ ਕੇ ਇਨ੍ਹਾਂ ਭੱਜੇ ਹੋਏ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ।