ਸਰਕਾਰ ਦੇ ਆਦੇਸ਼ਾਂ ’ਤੇ ਜ਼ਿਲ੍ਹੇ ’ਚ ਮੌਜੂਦ 2 ਨਸ਼ਾ ਛੁਡਾਊ ਸੈਂਟਰ ਸਿਹਤ ਵਿਭਾਗ ਦੀ ਟੀਮ ਨੇ ਕੀਤੇ ਸੀਲ
Friday, Jan 17, 2025 - 05:11 PM (IST)
ਤਰਨਤਾਰਨ (ਰਮਨ)-ਸਿਹਤ ਵਿਭਾਗ ਦੀ ਟੀਮ ਵੱਲੋਂ ਜ਼ਿਲ੍ਹੇ ਵਿਚ ਮੌਜੂਦ ਦੋ ਨਸ਼ਾ ਛੁਡਾਊ ਸੈਂਟਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਨ੍ਹਾਂ ਸੈਂਟਰਾਂ ਨੂੰ ਸੀਲ ਕਰਦੇ ਹੋਏ ਪੰਜਾਬ ਸਰਕਾਰ ਨੂੰ ਰਿਪੋਰਟ ਭੇਜਦੇ ਹੋਏ ਸਿਹਤ ਵਿਭਾਗ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਦੇ ਅਨੁਸਾਰ ਜੰਡਿਆਲਾ ਰੋਡ, ਤਰਨਤਾਰਨ ਨਜ਼ਦੀਕ ਰੇਲਵੇ ਫਾਟਕ ਵਿਖੇ ਪਰਮ ਹਸਪਤਾਲ ਅਤੇ ਪੱਟੀ ਵਿਖੇ ਮੌਜੂਦ ਸੰਕਲਪ ਨਸ਼ਾ ਛੁਡਾਊ ਕੇਂਦਰਾਂ ਵਿਖੇ ਸਿਹਤ ਵਿਭਾਗ ਦੀਆਂ ਵਿਸ਼ੇਸ਼ ਟੀਮਾਂ ਵੱਲੋਂ ਦਸਤਕ ਦਿੱਤੀ ਗਈ। ਤਰਨਤਾਰਨ ਵਿਖੇ ਟੀਮ ਅਗਵਾਈ ਨਾਇਬ ਤਹਿਸੀਲਦਾਰ ਇੰਦਰਜੀਤ ਕੌਰ ਵੱਲੋਂ ਕੀਤੀ ਗਈ, ਜਿਨ੍ਹਾਂ ਦੇ ਨਾਲ ਡਾਕਟਰ ਸੁਰਿੰਦਰ ਕੁਮਾਰ, ਡਾਕਟਰ ਜਤਿੰਦਰ ਸਿੰਘ ਪੰਨੂ ਅਤੇ ਡਾਕਟਰ ਵਿਪੁਲ ਕਮੇਟੀ ਦੇ ਮੈਂਬਰ ਸਨ। ਇਸ ਟੀਮ ਵੱਲੋਂ ਨਸ਼ਾ ਛੁਡਾਊ ਕੇਂਦਰ ਵਿਚ ਦਸਤਕ ਦਿੰਦੇ ਹੋਏ ਜਿੱਥੇ ਹਸਪਤਾਲ ਦਾ ਸਾਰਾ ਰਿਕਾਰਡ ਅਤੇ ਦਵਾਈਆਂ ਸਮੇਤ ਹਸਪਤਾਲ ਨੂੰ ਸੀਲ ਕਰ ਦਿੱਤਾ ਗਿਆ, ਉਥੇ ਹੀ ਇਸ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਕਸਬਾ ਪੱਟੀ ਵਿਖੇ ਮੌਜੂਦ ਸੰਕਲਪ ਨਸ਼ਾ ਛੁਡਾਊ ਸੈਂਟਰ ਨੂੰ ਐੱਸ.ਡੀ.ਐੱਮ ਪੱਟੀ ਨਵਰਾਜ ਸਿੰਘ ਬਰਾੜ ਦੀ ਅਗਵਾਈ ਵਾਲੀ ਸਿਹਤ ਵਿਭਾਗ ਦੀ ਟੀਮ ਵੱਲੋਂ ਸੀਲ ਕਰ ਦਿੱਤਾ ਗਿਆ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਸੈਂਟਰ ਦਾ ਲਾਇਸੈਂਸ ਰੀਨਿਊ ਨਹੀਂ ਹੋਇਆ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਮੈਡੀਕਲ ਸਟੋਰ 'ਚ ਦਾਖ਼ਲ ਹੋ ਲੁਟੇਰਿਆਂ ਨੇ ਚਲਾ 'ਤੀਆਂ ਗੋਲੀਆਂ
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਬੀਤੇ ਦਿਨੀਂ ਪੰਜਾਬ ਐੱਸ.ਟੀ.ਐੱਫ ਵਲੋਂ ਨਸ਼ੇੜੀ ਮਰੀਜ਼ਾਂ ਦੇ ਇਲਾਜ ਕਰਨ ਬਹਾਨੇ ਚਲਾਏ ਜਾ ਰਹੇ ਨਸ਼ੇ ਦੇ ਵੱਡੇ ਸਕੈਂਡਲ ਦਾ ਪਰਦਾਫਾਸ਼ ਕੀਤਾ ਗਿਆ ਸੀ। ਜਿਸ ਵਿਚ ਅਮਿਤ ਬੰਸਲ ਨਾਮ ਦੇ ਇਕ ਵਿਅਕਤੀ ਦਾ ਨਾਮ ਸੁਰਖੀਆਂ ਵਿਚ ਰਿਹਾ ਹੈ ਅਤੇ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਅਮਿਤ ਬੰਸਲ ਦੇ ਸੂਬੇ ਭਰ ਵਿਚ ਕਰੀਬ 23 ਨਸ਼ਾ ਛੁਡਾਊ ਕੇਂਦਰ ਚੱਲ ਰਹੇ ਹਨ। ਜ਼ਿਲਾ ਤਰਨਤਾਰਨ ਵਿਚ ਉਕਤ ਦੋਵੇਂ ਸੈਂਟਰਾਂ ਦੇ ਤਾਰ ਅਮਿਤ ਬੰਸਲ ਨਾਲ ਜੁੜੇ ਹੋਣ ਦੇ ਚੱਲਦਿਆਂ ਇਨ੍ਹਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਪੁਲਸ ਦੀ ਅਗਲੇਰੀ ਤਫਤੀਸ਼ ਵਿਚ ਕਈ ਅਹਿਮ ਖੁਲਾਸੇ ਹੋਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਜਾਰੀ ਹੋਏ ਆਦੇਸ਼ਾਂ ਉਪਰੰਤ ਤਰਨਤਾਰਨ ਵਿਖੇ ਮੌਜੂਦ ਉਕਤ ਦੋਵਾਂ ਸੈਂਟਰਾਂ ਵਿਚ ਮੌਜੂਦ ਦਵਾਈਆਂ ਅਤੇ ਰਿਕਾਰਡ ਦੇ ਸਮੇਤ ਇਸ ਨੂੰ ਸੀਲ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਭਲਕੇ ਛੁੱਟੀ ਦਾ ਐਲਾਨ, ਸਰਕਾਰੀ ਤੇ ਵਿੱਦਿਅਕ ਅਦਾਰੇ ਰਹਿਣਗੇ ਬੰਦ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੋਡਲ ਅਫਸਰ ਡਾਕਟਰ ਸੰਦੀਪ ਸਿੰਘ ਕਾਲੜਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਮਿਲੇ ਆਦੇਸ਼ਾਂ ਤਹਿਤ ਪੱਟੀ ਅਤੇ ਤਰਨਤਰਨ ਦੇ ਦੋ ਸੈਂਟਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੈਂਟਰ ਵਿਚ ਮੌਜੂਦ ਸਾਰੇ ਰਿਕਾਰਡ ਅਤੇ ਦਵਾਈਆਂ ਦੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ, ਜਿਸ ਨੂੰ ਤਿਆਰ ਕਰਦੇ ਹੋਏ ਡਿਪਟੀ ਕਮਿਸ਼ਨਰ ਨੂੰ ਭੇਜ ਦਿੱਤਾ ਜਾਵੇਗਾ। ਡਾਕਟਰ ਕਾਲੜਾ ਨੇ ਦੱਸਿਆ ਕਿ ਸੂਬੇ ਭਰ ਵਿਚ ਕਈ ਹੋਰ ਨਸ਼ਾ ਛੁੜਾਊ ਕੇਂਦਰਾਂ ਨੂੰ ਵੀ ਸਰਕਾਰ ਦੇ ਆਦੇਸ਼ਾਂ ਉਪਰ ਸੀਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਡੇਰਾ ਰਾਧਾ ਸੁਆਮੀ ਬਿਆਸ ਦੀ ਪਹਿਲਕਦਮੀ, ਸ਼ੁਰੂ ਕੀਤੀ ਵੱਡੀ ਸੇਵਾ
ਜ਼ਿਲ੍ਹੇ ਦੇ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਜ਼ਿਲ੍ਹਾ ਤਰਨਤਾਰਨ ਵਿਚ ਮੌਜੂਦ ਸੰਕਲਪ ਨਸ਼ਾ ਛੁਡਾਊ ਕੇਂਦਰ ਪੱਟੀ ਅਤੇ ਜੰਡਿਆਲਾ ਰੋਡ ਵਿਖੇ ਮੌਜੂਦ ਪਰਮ ਨਸ਼ਾ ਛੁਡਾਊ ਕੇਂਦਰ ਨੂੰ ਸੀਲ ਕਰ ਦਿੱਤਾ ਗਿਆ ਹੈ। ਜਿਸ ਦੀ ਰਿਪੋਰਟ ਤਿਆਰ ਕਰਦੇ ਹੋਏ ਡਿਪਟੀ ਕਮਿਸ਼ਨਰ ਨੂੰ ਭੇਜੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਸ਼ਾ ਛੁਡਾਊ ਕੇਂਦਰਾਂ ਦੇ ਤਾਰ ਅਮਿਤ ਬੰਸਲ ਨਾਲ ਜੁੜੇ ਹੋਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8