ਡੇਂਗੂ ਖਿਲਾਫ ਸਿਹਤ ਵਿਭਾਗ ਦਾ ਵੱਡਾ ਐਕਸ਼ਨ,153 ਥਾਈਂ ਮਿਲਿਆ ਡੇਂਗੂ ਫੈਲਾਉਣ ਵਾਲਾ ਖਤਰਨਾਕ ਲਾਰਵਾ

Saturday, Aug 09, 2025 - 11:48 AM (IST)

ਡੇਂਗੂ ਖਿਲਾਫ ਸਿਹਤ ਵਿਭਾਗ ਦਾ ਵੱਡਾ ਐਕਸ਼ਨ,153 ਥਾਈਂ ਮਿਲਿਆ ਡੇਂਗੂ ਫੈਲਾਉਣ ਵਾਲਾ ਖਤਰਨਾਕ ਲਾਰਵਾ

ਗੁਰਦਾਸਪੁਰ (ਹਰਮਨ)-ਸਿਹਤ ਵਿਭਾਗ ਵੱਲੋਂ ਡੇਂਗੂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਕਾਰਨ ਡੇਂਗੂ ਦੀ ਰੋਕਥਾਮ ਲਈ ਵਿਭਾਗ ਦੀਆਂ ਟੀਮਾਂ ਨੇ ਵੱਡਾ ਐਕਸ਼ਨ ਕੀਤਾ ਹੈ। ਇਸ ਤਹਿਤ ਜ਼ਿਲਾ ਗੁਰਦਾਸਪੁਰ ਅੰਦਰ ਅੱਜ ਵੱਖ-ਵੱਖ 382 ਨਰਸਰੀਆਂ ਅਤੇ ਉਸਾਰੀ ਅਧੀਨ ਇਮਾਰਤਾਂ ਵਾਲੀਆਂ ਸਾਈਟਾਂ ’ਤੇ ਅਚਨਚੇਤ ਛਾਪੇਮਾਰੀ ਕੀਤੀ ਗਈ। ਇਸ ਦੌਰਾਨ 153 ਥਾਵਾਂ ’ਤੇ ਡੇਂਗੂ ਫੈਲਾਉਣ ਵਾਲਾ ਲਾਰਵਾ ਮਿਲਿਆ ਹੈ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਅਤੇ ਜ਼ਿਲਾ ਐਪੀਡਿਮਾਲੋਜਿਸਟ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਅੱਜ ਡੇਂਗੂ ਦੇ ਤਿੰਨ ਨਵੇਂ ਕੇਸ ਸਾਹਮਣੇ ਆਏ ਹਨ ਜਦੋਂ ਕਿ ਹੁਣ ਤੱਕ ਇਸ ਸੀਜ਼ਨ ਵਿਚ 14 ਮਰੀਜ਼ਾਂ ਨੂੰ ਡੇਂਗੂ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਦੇ ਨਾਲ ਹੀ 707 ਮਰੀਜ਼ਾਂ ਦੇ ਅਧਿਕਾਰਤ ਤੌਰ ’ਤੇ ਟੈਸਟ ਵੀ ਕੀਤੇ ਜਾ ਚੁੱਕੇ ਹਨ।

ਇਹ ਵੀ ਪੜ੍ਹੋ-ਪੰਜਾਬ 'ਚ ਸ਼ਨੀਵਾਰ ਤੇ ਐਤਵਾਰ ਨਹੀਂ ਹੋਵੇਗੀ ਸਰਕਾਰੀ ਛੁੱਟੀ, ਖੁੱਲ੍ਹੇ ਰਹਿਣਗੇ ਦਫ਼ਤਰ

ਉਨ੍ਹਾਂ ਕਿਹਾ ਕਿ ਅੱਜ ਵੱਖ-ਵੱਖ ਟੀਮਾਂ ਵੱਲੋਂ ਜ਼ਿਲ੍ਹੇ ਅੰਦਰ 16,601 ਕੰਟੇਨਰ ਚੈੱਕ ਕੀਤੇ ਗਏ ਅਤੇ ਜਿੱਥੇ ਡੇਂਗੂ ਫੈਲਾਉਣ ਵਾਲਾ ਲਾਰਵਾ ਮਿਲਿਆ ਹੈ। ਉੱਥੇ ਬਕਾਇਦਾ ਚਲਾਨ ਕੱਟਣ ਦੇ ਨਾਲ-ਨਾਲ ਸਖ਼ਤ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਲੋਕ ਆਪਣੇ ਘਰਾਂ ਵਿਚ ਕਿਸੇ ਵੀ ਜਗ੍ਹਾ ’ਤੇ ਪਾਣੀ ਇਕੱਤਰ ਨਾ ਹੋਣ ਦੇਣ। ਉਨ੍ਹਾਂ ਕਿਹਾ ਕਿ ਡੇਂਗੂ ਫੈਲਾਉਣ ਵਾਲਾ ਲਾਰਵਾ ਆਮ ਤੌਰ ’ਤੇ ਘਰਾਂ ਵਿਚ ਵੱਖ-ਵੱਖ ਪਾਣੀ ਦੇ ਬਰਤਨਾਂ ਗਮਲਿਆਂ, ਟਰੇਆਂ, ਕੂਲਰਾਂ, ਟਾਇਰਾਂ ਵਰਗੀਆਂ ਥਾਵਾਂ ’ਤੇ ਖੜੇ ਸਾਫ ਪਾਣੀ ਵਿਚ ਪੈਦਾ ਹੁੰਦਾ ਹੈ। ਇਸ ਲਈ ਲੋਕਾਂ ਨੂੰ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਹਰੇਕ ਸ਼ੁੱਕਰਵਾਰ ਵਿਸ਼ੇਸ਼ ਮੁਹਿੰਮ ਤਹਿਤ ਆਪਣੇ ਘਰਾਂ ਅੰਦਰ ਪਾਣੀ ਦੇ ਅਜਿਹੇ ਸਾਰੇ ਸੋਮਿਆਂ ਨੂੰ ਸੁਕਾ ਲੈਣ। ਉਨ੍ਹਾਂ ਕਿਹਾ ਕਿ ਹਫਤੇ ਵਿਚ ਇਕ ਵਾਰ ਪਾਣੀ ਦੇ ਅਜਿਹੇ ਸੋਮੇ ਸੁਕਾਉਣ ਨਾਲ ਡੇਂਗੂ ਫੈਲਾਉਣ ਵਾਲਾ ਲਾਰਵਾ ਆਪਣੇ ਆਪ ਮਰ ਜਾਂਦਾ ਹੈ। ਜਿਸ ਕਾਰਨ ਲੋਕ ਸੁਰੱਖਿਆਤ ਰਹਿ ਸਕਦੇ ਹਨ।

ਇਹ ਵੀ ਪੜ੍ਹੋ-ਪੰਜਾਬ 'ਚ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ, ਜਾਣੋ ਆਉਣ ਵਾਲੇ 4 ਦਿਨਾਂ ਦਾ ਹਾਲ

ਕੀ ਹੈ ਹੁਣ ਤੱਕ ਦੇ ਸੀਜ਼ਨ ਵਿਚ ਸਥਿਤੀ

ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਅਤੇ ਜ਼ਿਲਾ ਐਪੀਡਿਮਾਲੋਜਿਸਟ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਹੁਣ ਤੱਕ ਇਸ ਸੀਜ਼ਨ ਵਿਚ ਗੁਰਦਾਸਪੁਰ ਜ਼ਿਲੇ ਅੰਦਰ ਅਰਬਨ ਖੇਤਰ ਵਿਚ 47,370 ਘਰਾਂ ਦੀ ਚੈਕਿੰਗ ਕੀਤੀ ਜਾ ਚੁੱਕੀ ਹੈ। ਜਿਨਾਂ ਵਿਚੋਂ 1230 ਘਰਾਂ ਵਿਚ ਡੇਂਗੂ ਫੈਲਾਉਣ ਵਾਲਾ ਲਾਰਵਾ ਮਿਲਿਆ ਹੈ। ਇਸੇ ਤਰ੍ਹਾਂ ਦਿਹਾਤੀ ਇਲਾਕੇ ਵਿਚ 484,753 ਘਰਾਂ ’ਚ ਚੈਕਿੰਗ ਕੀਤੀ ਗਈ ਸੀ ਜਿਨਾਂ ਵਿਚੋਂ 105 ਘਰਾਂ ਵਿਚ ਡੇਂਗੂ ਫੈਲਾਉਣ ਵਾਲਾ ਲਾਰਵਾ ਮਿਲਿਆ ਹੈ। ਇਸ ਤਰ੍ਹਾਂ ਸ਼ਹਿਰੀ ਅਤੇ ਪੇਂਡੂ ਇਲਾਕਿਅਾਂ ਨੂੰ ਮਿਲਾ ਕੇ ਹੁਣ ਤੱਕ ਗੁਰਦਾਸਪੁਰ ਜ਼ਿਲੇ ਅੰਦਰ ਸਿਹਤ ਵਿਭਾਗ ਦੀਆਂ 174 ਟੀਮਾਂ ਵੱਲੋਂ 5,32123 ਘਰਾਂ ਅਤੇ ਹੋਰ ਇਮਾਰਤਾਂ ਦੀ ਚੈਕਿੰਗ ਕੀਤੀ ਗਈ ਹੈ। ਜਿਨ੍ਹਾਂ ਵਿਚੋਂ ਕੁੱਲ 1335 ਥਾਵਾਂ ’ਤੇ ਡੇਂਗੂ ਫੈਲਾਉਣ ਵਾਲਾ ਲਾਰਵਾ ਮਿਲਿਆ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਰਜਿਸਟਰੀ ਕਲਰਕਾਂ ਸਮੇਤ 44 ਕਰਮਚਾਰੀਆਂ ਦੇ ਤਬਾਦਲੇ

ਲੋਕਾਂ ਨੂੰ ਕੀਤੀ ਅਪੀਲ

ਸਿਹਤ ਅਧਿਕਾਰੀਆਂ ਨੇ ਜ਼ਿਲੇ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡੇਂਗੂ ਤੋਂ ਬਚਾਅ ਲਈ ਸੁਚੇਤ ਰਹਿਣ। ਉਨ੍ਹਾਂ ਕਿਹਾ ਕਿ ਡੇਂਗੂ ਹੋਣ ਨਾਲ ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਹੁੰਦਾ ਹੈ, ਤੇਜ਼ ਬੁਖਾਰ ਹੁੰਦਾ ਹੈ, ਮਾਸਪੇਸ਼ੀਆਂ ਵਿਚ ਵੀ ਦਰਦ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਨੇੜਲੇ ਸਿਹਤ ਕੇਂਦਰ ਵਿੱਚ ਆਪਣਾ ਇਲਾਜ ਸ਼ੁਰੂ ਕਰਵਾਇਆ ਜਾਵੇ । ਉਨ੍ਹਾਂ ਕਿਹਾ ਕਿ ਸਿਹਤ ਕੇਂਦਰਾਂ ਵਿਚ ਹਰ ਤਰ੍ਹਾਂ ਦੀ ਸਹੂਲਤ ਮੁਹੱਈਅਾ ਹੈ ਅਤੇ ਲੋਕਾਂ ਨੂੰ ਬਿਨਾਂ ਦੇਰੀ ਡਾਕਟਰਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News