ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ 764.35 ਕਰੋੜ ਦਾ ਬਜਟ ਪਾਸ

Tuesday, Mar 25, 2025 - 03:01 PM (IST)

ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ 764.35 ਕਰੋੜ ਦਾ ਬਜਟ ਪਾਸ

ਅੰਮ੍ਰਿਤਸਰ (ਸੰਜੀਵ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਤੀ ਸਾਲ 2025-26 ਬਜਟ ਨੂੰ ਯੂਨੀਵਰਸਿਟੀ ਦੀ ਸਿੰਡੀਕੇਟ ਅਤੇ ਸੈਨੇਟ ਦੋਵਾਂ ਸਦਨਾਂ ਵੱਲੋਂ 764 ਕਰੋੜ 35 ਲੱਖ 59 ਹਜ਼ਾਰ ਰੁਪਏ ਨੂੰ ਸਰਬ-ਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ ਗਈ। ਇਸ ਬਜਟ ਵਿਚ ਜਿਥੇ ਪ੍ਰਮੁੱਖ ਤੌਰ ’ਤੇ ਅਧਿਆਪਨ, ਖੋਜ ਅਤੇ ਕਿਤਾ ਮੁਖੀ ਕੋਰਸਾਂ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ, ਉਥੇ ਯੂਨੀਵਰਸਿਟੀ ਦੇ ਮੁੱਢਲੇ ਢਾਂਚੇ ’ਤੇ ਵਾਤਾਵਰਣ ਨੂੰ ਹੋਰ ਵੀ ਵਧੀਆ ਬਣਾਉਣ ਲਈ ਵੀ ਵਿਸ਼ੇਸ਼ ਬਜਟ ਰੱਖਿਆ ਗਿਆ ਹੈ। ਯੂਨੀਵਰਸਿਟੀ ਇਸ ਬਜਟ ਵਿਚੋਂ 46.27 ਫੀਸਦ ਰਕਮ ਅਧਿਆਪਨ, ਅਲਾਈਡ ਅਧਿਆਪਨ, ਖੋਜ ਅਤੇ ਸਿੱਖਿਆ ਵਿਚ ਸੁਧਾਰ ਲਿਆਉਣ ਲਈ ਖਰਚ ਕਰਨ ਜਾ ਰਹੀ ਹੈ।

ਯੂਨੀਵਰਸਿਟੀ ਦੇ ਸਿੰਡੀਕੇਟ ਤੇ ਸੈਨੇਟ ਦੋਵਾਂ ਸਦਨਾਂ ਦੀਆਂ ਵੱਖ-ਵੱਖ ਮੀਟਿੰਗਾਂ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋਫੈਸਰ ਕਰਮਜੀਤ ਸਿੰਘ ਨੇ ਕੀਤੀ ਜਦੋਂਕਿ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਦੋਵਾਂ ਮੀਟਿੰਗਾਂ ਵਿਚ ਏਜੰਡਾ ਪੇਸ਼ ਕੀਤਾ। ਬਜਟ ਦਾ 46.27 ਫੀਸਦੀ ਅਧਿਆਪਨ ਅਲਾਈਡ ਖੋਜ ਅਤੇ ਸਿੱਖਿਆ ਦੇ ਸੁਧਾਰ ਤੇ ਖਰਚ ਕੀਤਾ ਜਾਵੇਗਾ, ਨਾਨ ਟੀਚਿੰਗ ਵਿਭਾਗਾਂ ਤੇ 11.26 ਫੀਸਦ, ਜਨਰਲ ਐਡਮਿਨੀਸਟਰੇਸ਼ਨ ਤੇ 10.52 ਫੀਸਦ, ਪ੍ਰੀਖਿਆਵਾਂ ਦੇ ਸੰਚਾਲਨ ਤੇ 3.00 ਫੀਸਦ, ਆਮ ਮੱਦਾਂ (ਟੀਚਿੰਗ ਅਤੇ ਨਾਨ ਟੀਚਿੰਗ) ’ਤੇ 6.86 ਫੀਸਦ, ਇਮਾਰਤਾਂ ਦੀ ਉਸਾਰੀ ਤੇ 6.12 ਫੀਸਦ ਅਤੇ ਪੈਨਸ਼ਨ ਅਤੇ ਹੋਰ ਦੂਸਰੇ ਸੇਵਾ-ਮੁਕਤੀ ਲਾਭ ਉਪਰ 15.97 ਫੀਸਦ ਖਰਚ ਕੀਤਾ ਜਾਵੇਗਾ। ਉਪ ਕੁਲਪਤੀ ਪ੍ਰੋ. ਸੰਧੂ ਨੇ ਕਿਹਾ ਕਿ ਸਾਲ 2024-25 ਦੌਰਾਨ ਹੋਣਹਾਰ ਅਤੇ ਲੋੜਵੰਦ ਵਿਦਿਆਰਥੀ ਦੀ ਆਰਥਿਕ ਮਦਦ ਲਈ 3 ਕਰੋੜ 81 ਲੱਖ ਰੁਪਏ ਦੀ ਟਿਊਸ਼ਨ ਫੀਸ (ਪੂਰੀ ਅਤੇ ਅੱਧੀ) ਦੀ ਮੁਆਫੀ ਦਿੱਤੀ ਗਈ।

ਇਹ ਵੀ ਪੜ੍ਹੋ-ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਤੇ ਸਨੈਚਰ ਵਿਚਾਲੇ ਚੱਲੀਆਂ ਗੋਲੀਆਂ

ਇਸੇ ਤਰ੍ਹਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਟੂ ਐੱਸ. ਸੀ. ਸਟੂਡੈਂਟ ਸਕੀਮ ਅਧੀਨ ਅਨੂਸੂਚਿਤ ਜਾਤੀ ਦੇ 2076 ਵਿਦਿਆਰਥੀਆਂ ਦੀ 18 ਕਰੋੜ 14 ਲੱਖ 25 ਹਜ਼ਾਰ ਰੁਪਏ ਦਾ ਫੀਸ ਕਲੇਮ ਪੰਜਾਬ ਸਰਕਾਰ ਨੂੰ ਭੇਜਿਆ ਜਾ ਚੁੱਕਿਆ ਹੈ। ਇਸ ਤੋਂ ਛੁੱਟ ਨੈਸ਼ਨਲ ਸਕਾਲਰਸ਼ਿਪ ਪੋਰਟਲ ’ਤੇ ਲਗਭਗ 40 ਵਿਦਿਆਰਥੀਆਂ ਦੇ ਫਾਰਮ ਆਨਲਾਈਨ ਸਰਕਾਰ ਪਾਸ ਭੇਜੇ ਜਾ ਚੁੱਕੇ ਹਨ। ਯੂਨੀਵਰਸਿਟੀ ਵੱਲੋਂ ਗਰੀਬ ਵਰਗ ਦੇ ਵਿਦਿਆਰਥੀਆਂ ਦੀ ਹਰ ਪੱਖ ਤੋਂ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਉਹ ਉਚੇਰੀ ਵਿਦਿਆ ਹਾਸਲ ਕਰਕੇ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾ ਸਕਣ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਨੇ ਵੱਖ-ਵੱਖ ਵਿਭਾਗਾਂ ਦੇ 831 ਵਿਦਿਆਰਥੀਆਂ ਵੱਲੋਂ ਆਪਣੀ ਵਧੀਆ ਕਾਰਗੁਜ਼ਾਰੀ ਸਦਕਾ ਰਾਸ਼ਟਰੀ ਅਤੇ ਅੰਤਰਾਸ਼ਟਰੀ ਪੱਧਰ ਦੀਆਂ ਕੰਪਨੀਆਂ ਵਿਚ ਨੌਕਰੀਆਂ ਪ੍ਰਾਪਤ ਕੀਤੀਆਂ ਹਨ। ਯੂਨੀਵਰਸਿਟੀ ਅਤੇ ਇਸ ਦੇ ਕਾਲਜ ਵਿਦਿਆਰਥੀਆਂ ਵੱਲੋਂ ਖੇਡਾਂ ਦੇ ਖੇਤਰ ਵਿਚ ਮੱਲਾਂ ਮਾਰੀਆਂ ਜਾ ਰਹੀਆਂ ਹਨ। ਯੂਨੀਵਰਸਿਟੀ ਦੇ ਖਿਡਾਰੀਆਂ ਵੱਲੋਂ ਸਾਲ 2024-25 ਦੌਰਾਨ ਵੱਖ-ਵੱਖ ਖੇਡਾਂ ਵਿਚ ਵਧੀਆ ਪ੍ਰਦਰਸ਼ਨ ਕਰਦੇ ਹੋਏ 16 ਗੋਲਡ, 8 ਸਿਲਵਰ ਅਤੇ 1 ਤਾਂਬੇ ਦੇ ਮੈਡਲ ਜਿੱਤੇ ਹਨ।

ਇਹ ਵੀ ਪੜ੍ਹੋ- Punjab: ਮਾਤਮ 'ਚ ਬਦਲੀਆਂ ਖੁਸ਼ੀਆਂ, ਕੱਲ੍ਹ ਭਰਾ ਅੱਜ ਭੈਣ ਦੀ ਮੌਤ

ਇਸ ਤੋਂ ਇਲਾਵਾ ਯੂਨੀਵਰਸਿਟੀ ਵਿਦਿਆਰਥੀਆਂ ਵੱਲੋਂ ਨਾਰਥ ਜ਼ੋਨ ਯੂਥ ਫੈਸਟੀਵਲ ਦੇ ਵੱਖ-ਵੱਖ ਮੁਕਾਬਲਿਆਂ ਵਿਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਓਵਰਆਲ ਦੂਜੀ ਰਨਰਜ਼ਅਪ ਪੁਜ਼ੀਸ਼ਨ ਹਾਸਲ ਕਰਨ ਤੋਂ ਇਲਾਵਾ ਇੰਟਰ ਯੂਨੀਵਰਸਿਟੀ ਨੈਸ਼ਨਲ ਲੈਵਲ ਯੁਵਕ ਮੇਲੇ ਦੀ ਫਸਟ ਰਨਰਜ਼ਅੱਪ ਟਰਾਫੀ ਜਿੱਤੀ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਨੂੰ ਵੱਖ-ਵੱਖ ਫੰਡ ਮੁਹਈਆ ਕਰਵਾਉਣ ਵਾਲੀਆਂ ਏਜੰਸੀਆਂ ਵੱਲੋਂ ਵੱਖ ਵੱਖ ਕਾਰਜਾਂ ਲਈ ਫੰਡ ਦਿੱਤੇ ਗਏ ਹਨ। ਇਨ੍ਹਾਂ ਵਿਚ ਯੂਨੀਵਰਸਿਟੀ ਦੇ ਮਿਆਸ ਡਿਪਾਰਟਮੈਂਟ ਆਫ ਸਪੋਰਟਸ ਸਾਇੰਸ ਐਂਡ ਮੈਡੀਸਨ, ਮਾਲਵੀਆ ਮਿਸ਼ਨ ਟੀਚਰ ਟ੍ਰੇਨਿੰਗ ਪ੍ਰੋਗਰਾਮ, ਡੀ. ਬੀ. ਟੀ ਸਪੋਰਟਡ ਐੱਮ. ਐੱਸ. ਸੀ ਬਾਇਓਟੈਕਾਨਲੋਜੀ, ਡੀਬੀਟੀ ਯੂ. ਐੱਮ. ਐੱਮ. ਆਈ. ਡੀ ਪ੍ਰੋਜੈਕਟ, ਸੈਂਟਰ ਫਾਰ ਇੰਟਰਫੇਥ ਸਟੱਡੀਜ਼, ਐੱਨ. ਟੀ. ਟੀ. ਐੱਮ. ਸਕੀਮ ਟੂ ਡਿਪਾਰਟਮੈਂਟ ਆਫ ਐਪਰਲ ਐਂਡ ਟੈਕਸਟਾਈਲ ਟੈਕਨਾਲੋਜੀ, ਐੱਨ. ਐੱਸ. ਡੀ. ਐੱਫ. ਸਕੀਮ, ਏ.ਐੱਮ. ਆਰ. ਯੂ. ਟੀ. ਫੰਡਡ ਸੈਂਟਰ ਆਫ ਅਰਬਨ ਪਲਾਨਿੰਗ ਫਾਰ ਕੈਪੇਸਿਟੀ ਬਿਲਡਿੰਗ-ਟੂ-ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਸ਼ਾਮਿਲ ਹਨ।

ਇਹ ਵੀ ਪੜ੍ਹੋ- ਪਿਆਕੜਾਂ ਨੂੰ ਲੱਗੀਆਂ ਮੌਜਾਂ, ਪੰਜਾਬ ਦੇ ਇਸ ਜ਼ਿਲ੍ਹੇ 'ਚ ਸਸਤੀ ਹੋ ਗਈ ਸ਼ਰਾਬ

ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਦੇ ਵੱਧ ਰਹੇ ਰੁਝਾਣ ਨੂੰ ਮੁੱਖ ਰਖਦੇ ਹੋਏ ਯੂਨੀਵਰਸਿਟੀ ਵਿਖੇ ‘ਸਾਹਿਬਜ਼ਾਦਾ ਫਤਿਹ ਸਿੰਘ ਲੜਕਿਆਂ ਦਾ ਹੋਸਟਲ’ ਦੇ ਨਾਮ ਦਾ ਇਕ ਹੋਸਟਲ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਰਿਸਰਚ ਦੇ ਕੰਮ ਨੂੰ ਹੋਰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਯੂਨੀਵਰਸਿਟੀ ਬਜਟ ਵਿਚ 100 ਰਿਸਰਚ ਸਕਾਲਰਾਂ ਨੂੰ ਅੱਠ ਹਜ਼ਾਰ ਰੁਪਏ ਪ੍ਰਤੀ ਮਹੀਨਾ ਫਿਕਸਡ ਸਕਾਲਰਸ਼ਿਪ ਦੇਣ ਦੀ ਵਿਵਸਥਾ ਕੀਤੀ ਗਈ ਹੈ। ਮੀਟਿੰਗ ਵਿਚ ਹਾਜ਼ਰ ਮੈਂਬਰਾਂ ਨੇ ਯੂਨੀਵਰਸਿਟੀ ਦੀਆਂ ਉਪਲੱਬਧੀਆਂ ਅਤੇ ਸੁਚਾਰੂ ਬਜਟ ਪੇਸ਼ ਕਰਨ ’ਤੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਅਤੇ ਯੂਨੀਵਰਸਿਟੀ ਭਾਈਚਾਰੇ ਨੂੰ ਵਧਾਈ ਦਿੱਤੀ। ਉਪ ਕੁਲਪਤੀ ਨੇ ਮੈਂਬਰਾਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਯੂਨੀਵਰਸਿਟੀ ਹੋਰ ਉਚਾ ਚੁੱਕਣ ਲਈ ਯਤਨ ਜਾਰੀ ਰੱਖਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shivani Bassan

Content Editor

Related News