ਸੁਰੱਖਿਆ ਕਿਲੇ ’ਚ ਤਬਦੀਲ ਹੋਇਆ ਗੁਰੂ ਨਾਨਕ ਦੇਵ ਹਸਪਤਾਲ, 108 ਨਵੇਂ ਮੁਲਾਜ਼ਮਾਂ ਦੀ ਕੀਤੀ ਤਾਇਨਾਤੀ

Tuesday, Apr 02, 2024 - 03:04 PM (IST)

ਅੰਮ੍ਰਿਤਸਰ (ਦਲਜੀਤ)-ਗੁਰੂ ਨਾਨਕ ਦੇਵ ਹਸਪਤਾਲ ਵਿਚ ਸੁਰੱਖਿਆ ਦਾ ਕਿਲਾ ਹੁਣ ਹੋਰ ਮਜ਼ਬੂਤ ​​ਹੋ ਗਿਆ ਹੈ। ਇਸ ਦੇ ਨਾਲ ਹੀ ਜੂਨੀਅਰ ਡਾਕਟਰ ਦੀ ਸੁਰੱਖਿਆ ਦੀ ਮੰਗ ਵੀ ਪੂਰੀ ਹੋ ਗਈ ਹੈ। ਹਸਪਤਾਲ ਪ੍ਰਸ਼ਾਸਨ ਵਲੋਂ ਕੰਪਲੈਕਸ ਨੂੰ ਸੁਰੱਖਿਆ ਕਿਲੇ ਵਿਚ ਤਬਦੀਲ ਕਰ ਦਿੱਤਾ ਹੈ ਅਤੇ 108 ਨਵੇਂ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਹਨ। ਉਕਤ ਸੁਰੱਖਿਆ ਅਮਲੇ ਵਿਚ 50 ਫੀਸਦੀ ਮਹਿਲਾ ਸਟਾਫ਼ ਵੀ ਸ਼ਾਮਲ ਹੈ। ਹਸਪਤਾਲ ਵਿਚ 24 ਘੰਟੇ ਸੁਰੱਖਿਆ ’ਤੇ ਨਜ਼ਰ ਰੱਖਣ ਲਈ ਐਮਰਜੈਂਸੀ ਨੇੜੇ ਇਕ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਹਸਪਤਾਲ ਵਿਚ ਸਿਰਫ਼ 33 ਸੁਰੱਖਿਆ ਕਰਮਚਾਰੀ ਕੰਮ ਕਰ ਰਹੇ ਸਨ।

ਇਹ ਵੀ ਪੜ੍ਹੋ : ਬਠਿੰਡਾ 'ਚ ਭਾਜਪਾ ਆਗੂਆਂ ਦੇ ਦਾਖ਼ਲੇ 'ਤੇ ਪਾਬੰਦੀ, ਪੋਸਟਰ 'ਚ ਲਿਖਿਆ- 'ਕਿਸਾਨ ਦਾ ਦਿੱਲੀ ਜਾਣਾ ਬੰਦ, ਭਾਜਪਾ ਦਾ...'

ਜਾਣਕਾਰੀ ਅਨੁਸਾਰ ਪੰਜਾਬ ਦੇ ਸਭ ਤੋਂ ਵੱਡੇ ਸਰਕਾਰੀ 1200 ਬੈੱਡਾਂ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਸੁਰੱਖਿਆ ਦੀ ਘਾਟ ਕਾਰਨ ਆਏ ਦਿਨ ਚੋਰੀਆਂ ਦੀਆਂ ਵਾਰਦਾਤਾਂ ਵਾਪਰਦੀਆਂ ਰਹਿੰਦੀਆਂ ਹਨ। ਹੁਣ ਤੱਕ ਲੱਖਾਂ ਰੁਪਏ ਦਾ ਸਾਮਾਨ ਚੋਰੀ ਹੋ ਚੁੱਕਾ ਹੈ। ਇਸ ਦੇ ਨਾਲ ਹੀ ਸੁਰੱਖਿਆ ਦੀ ਘਾਟ ਕਾਰਨ ਜੂਨੀਅਰ ਡਾਕਟਰਾਂ ਨਾਲ ਕਈ ਵਾਰ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਕੁੱਟਮਾਰ ਵੀ ਕੀਤੀ ਗਈ । ਇੰਨ੍ਹੇ ਵੱਡੇ ਹਸਪਤਾਲਾਂ ਵਿਚ ਸਿਰਫ਼ 33 ਸੁਰੱਖਿਆ ਕਰਮਚਾਰੀ ਹੀ ਮੌਜੂਦ ਸਨ ਪਰ ਹੁਣ ਹਸਪਤਾਲ ਵਿਚ 108 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਜਿਸ ਕਾਰਨ ਸੁਰੱਖਿਆ ਕਰਮਚਾਰੀਆਂ ’ਤੇ ਨਜ਼ਰ ਰੱਖਣ ਲਈ 8 ਸੁਪਰਵਾਈਜ਼ਰ ਫੀਲਡ ਵਿਚ ਕੰਮ ਕਰ ਰਹੇ ਹਨ।

ਮੁਲਾਜ਼ਮ ਦਿਨ ਰਾਤ ਮੁੱਖ ਗੇਟ ਅਤੇ ਹਸਪਤਾਲ ਦੇ ਕੰਪਲੈਕਸ ’ਚ ਰਹਿਣਗੇ ਤਾਇਨਾਤ : ਮੈਡੀਕਲ ਸੁਪਰਡੈਂਟ

ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਹੁਣ ਹਸਪਤਾਲ ਵਿਚ ਭਾਰੀ ਸੁਰੱਖਿਆ ਤਾਇਨਾਤ ਕਰ ਦਿੱਤੀ ਗਈ ਹੈ। ਮੁਲਾਜ਼ਮ ਦਿਨ ਰਾਤ ਮੁੱਖ ਗੇਟ ਅਤੇ ਹਸਪਤਾਲ ਦੇ ਕੰਪਲੈਕਸ ਵਿਚ ਤਾਇਨਾਤ ਰਹਿਣਗੇ। ਹਰ ਸਥਿਤੀ ’ਤੇ ਨਜ਼ਰ ਰੱਖਣ ਲਈ ਐਮਰਜੈਂਸੀ ਨੇੜੇ ਸੁਰੱਖਿਆ ਲਈ ਕੰਟਰੋਲ ਰੂਮ ਬਣਾਇਆ ਗਿਆ ਹੈ, ਜਿਸ ਦੀ ਬਕਾਇਦਾ ਨਿਗਰਾਨੀ ਸੁਪਰਵਾਈਜ਼ਰ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਹਸਪਤਾਲ ਵਿਚ ਚਾਰ ਪੁਲਸ ਕਰਮਚਾਰੀਆਂ ਦੀ ਤਾਇਨਾਤੀ ਵੀ ਹੈ, ਜੋ ਰੋਟੇਸ਼ਨ ਦੇ ਹਿਸਾਬ ਨਾਲ ਕੰਮ ਕਰ ਰਹੇ ਹਨ। ਡਾ. ਕਰਮਜੀਤ ਨੇ ਦੱਸਿਆ ਕਿ ਇਸ ਦੇ ਨਾਲ ਹੀ ਹਸਪਤਾਲ ਦੇ ਮੁੱਖ ਗੇਟ ਅਤੇ ਹਰ ਅਹਿਮ ਸਥਾਨ ’ਤੇ ਅਤਿ-ਆਧੁਨਿਕ ਤਕਨੀਕ ਵਾਲੇ 115 ਸੀ. ਸੀ. ਟੀ. ਵੀ. ਕੈਮਰੇ ਵੀ ਲਗਾਏ ਜਾ ਰਹੇ ਹਨ। ਇਸ ਤੋਂ ਪਹਿਲਾਂ ਹਸਪਤਾਲ ਵਿਚ 90 ਕੈਮਰੇ ਲਗਾਏ ਗਏ ਸਨ ਪਰ ਹੁਣ ਵਧੀਆ ਕੁਆਲਿਟੀ ਦੇ ਕੈਮਰਿਆਂ ਦਾ ਕੰਟਰੋਲ ਮੈਡੀਕਲ ਸੁਪਰਡੈਂਟ ਦਫ਼ਤਰ ਵਿਚ ਹੋਵੇਗਾ, ਜਿੱਥੇ ਪੱਕਾ ਇਕ ਕਰਮਚਾਰੀ ਹਰ ਸਥਿਤੀ ’ਤੇ ਨਜ਼ਰ ਰੱਖੇਗਾ।

ਇਹ ਵੀ ਪੜ੍ਹੋ : ਕਣਕ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਪਾਵਰਕਾਮ ਨੇ ਕੰਟਰੋਲ ਰੂਮ ਦੇ ਨੰਬਰ ਕੀਤੇ ਜਾਰੀ

ਉਨ੍ਹਾਂ ਦੱਸਿਆ ਕਿ ਉਹ ਦੇਰ ਰਾਤ ਵੀ ਹਸਪਤਾਲ ਦੀ ਅਚਨਚੇਤ ਚੈਕਿੰਗ ਕਰਦੇ ਰਹਿੰਦੇ ਹਨ। ਇਸ ਦੇ ਨਾਲ ਹੀ ਹੋਰ ਅਧਿਕਾਰੀ ਵੀ ਚੈਕਿੰਗ ਕਰਦੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਸੁਰੱਖਿਆ ਦੀ ਘਾਟ ਕਾਰਨ ਇੱਥੇ ਕਈ ਚੋਰੀ ਦੀਆਂ ਘਟਨਾਵਾਂ ਵਾਪਰਦੀਆਂ ਸਨ ਪਰ ਹੁਣ ਇਨ੍ਹਾਂ ਘਟਨਾਵਾਂ ’ਤੇ ਕਾਬੂ ਪਾਇਆ ਜਾਵੇਗਾ। ਪੰਜਾਬ ਵਿਚ ਵਧੀਆ ਸਿਹਤ ਸੇਵਾਵਾਂ ਦੇਣ ਵਿਚ ਮੋਹਰੀ ਹੋਣ ਕਾਰਨ ਹਸਪਤਾਲ ਵਿਚ ਦੂਰ-ਦੁਰਾਡੇ ਤੋਂ ਮਰੀਜ਼ ਆਉਂਦੇ ਹਨ। ਹਸਪਤਾਲ ਪ੍ਰਸ਼ਾਸਨ ਇਹ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਕਿ ਹਰ ਕਿਸੇ ਨੂੰ ਸੁਰੱਖਿਅਤ ਮਾਹੌਲ ਅਤੇ ਵਧੀਆ ਸੇਵਾਵਾਂ ਮਿਲ ਸਕਣ।

ਸੀ. ਸੀ. ਟੀ. ਵੀ ਕੈਮਰੇ ਰਾਹੀਂ 2 ਲੁਟੇਰੇ ਕਾਬੂ

ਬੀਤੇ ਦਿਨ ਪੁਲਸ ਪ੍ਰਸ਼ਾਸਨ ਵੱਲੋਂ ਰਣਜੀਤ ਐਵੇਨਿਊ ਇਲਾਕੇ ਵਿਚ ਇਕ ਔਰਤ ਤੋਂ ਸੋਨੇ ਦੀ ਚੇਨ ਖੋਹਣ ਵਾਲੇ ਦੋ ਚੋਰਾਂ ਦੀ ਭਾਲ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲਸ ਮੁਲਾਜ਼ਮਾਂ ਨੂੰ ਪਤਾ ਲੱਗਾ ਕਿ ਉਹ ਗੁਰੂ ਨਾਨਕ ਦੇਵ ਹਸਪਤਾਲ ਵਿਚ ਹਨ। ਪੁਲਸ ਪ੍ਰਸ਼ਾਸਨ ਵਲੋਂ ਹਸਪਤਾਲ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਿਆ ਗਿਆ ਤਾਂ ਇਹ ਚੋਰ ਉਥੋਂ ਕਾਬੂ ਕੀਤੇ ਗਏ। ਸੀ. ਸੀ. ਟੀ. ਵੀ ਕੈਮਰੇ ਵੀ ਸੁਰੱਖਿਆ ’ਤੇ ਨਜ਼ਰ ਰੱਖਣ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਕੈਮਰਿਆਂ ਦੀ ਬਿਹਤਰ ਗੁਣਵੱਤਾ, ਨਿਗਰਾਨੀ ਨੂੰ ਬਿਹਤਰ ਤਰੀਕੇ ਨਾਲ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ :  ਸਿੱਖਿਆ ਵਿਭਾਗ ਵਲੋਂ ਸਕੂਲਾਂ ਲਈ ਗਾਈਡਲਾਈਨ ਜਾਰੀ, ਨਿਯਮਾਂ ਦੀ ਉਲੰਘਣਾ ਕਰਨ 'ਤੇ ਹੋਵੇਗੀ ਸਖ਼ਤ ਕਾਰਵਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News