ਗੁਰੂ ਨਗਰੀ ’ਚ ਫਿਰ ਗੜੇਮਾਰੀ, ਪਾਣੀ ’ਚ ਡੁੱਬਾ ‘ਸੋਨਾ’
Friday, Oct 12, 2018 - 02:13 AM (IST)

ਅੰਮ੍ਰਿਤਸਰ, (ਨੀਰਜ)- ਬੁੱਧਵਾਰ ਰਾਤ ਨੂੰ ਜ਼ਿਲੇ ’ਚ ਫਿਰ ਪਏ ਗਡ਼ੇ ਤੇ ਮੀਂਹ ਕਾਰਨ ਪਰਮਲ ਝੋਨਾ ਤੇ ਬਾਸਮਤੀ 1509 ਦੀ ਫਸਲ ਨੂੰ ਭਾਰੀ ਨੁਕਸਾਨ ਹੋਇਆ।
ਜਾਣਕਾਰੀ ਅਨੁਸਾਰ ਮੀਂਹ ਕਾਰਨ ਜਿਥੇ ਮੰਡੀਆਂ ਵਿਚ ਪਾਣੀ ਭਰ ਗਿਆ ਹੈ ਤਾਂ ਉਥੇ ਹੀ ਖੇਤਾਂ ’ਚ ਤਿਆਰ ਖਡ਼੍ਹੀ ਪਰਮਲ ਝੋਨਾ ਵਿਛ ਗਿਆ। ਇਸ ਵਿਚ ਨਮੀ ਦੀ ਮਾਤਰਾ ਬਹੁਤ ਵੱਧ ਗਈ ਹੈ, ਜਿਸ ਨਾਲ ਕਿਸਾਨਾਂ ਨੂੰ ਆਪਣੀ ਫਸਲ ਮੰਡੀਆਂ ਵਿਚ ਲਿਜਾਣ ਲਈ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਖਰੀਦ ਏਜੰਸੀਆਂ ਸਿਰਫ 17 ਫ਼ੀਸਦੀ ਨਮੀ ਵਾਲੇ ਝੋਨੇ ਦੀ ਹੀ ਖਰੀਦ ਕਰਦੀਆਂ ਹਨ।
ਦੂਜੇ ਪਾਸੇ ਸਰਕਾਰੀ ਖਰੀਦ ਏਜੰਸੀਆਂ ਦੀ ਵੀ ਮੀਂਹ ਨੇ ਨੀਂਦ ਉਡਾ ਦਿੱਤੀ ਹੈ ਕਿਉਂਕਿ ਸਰਕਾਰ ਵੱਲੋਂ ਖਰੀਦਿਆ ਗਿਆ ਝੋਨਾ ਜੇਕਰ ਭਿੱਜ ਜਾਂਦਾ ਹੈ ਤਾਂ ਇਸ ਦੇ ਨੁਕਸਾਨ ਦੀ ਜ਼ਿੰਮੇਵਾਰੀ ਖਰੀਦ ਏਜੰਸੀ ਦੇ ਇੰਸਪੈਕਟਰ ’ਤੇ ਆ ਜਾਂਦੀ ਹੈ। ਉਥੇ ਹੀ ਮੰਡੀਆਂ ਵਿਚ ਠੀਕ ਵਿਵਸਥਾ ਦਾ ਦਾਅਵਾ ਕਰਨ ਵਾਲੇ ਮੰਡੀ ਬੋਰਡ ਦੀ ਵੀ ਮੀਂਹ ਨੇ ਪੋਲ ਖੋਲ੍ਹ ਦਿੱਤੀ ਹੈ ਕਿਉਂਕਿ ਜ਼ਿਲੇ ਦੀਅਾਂ ਕਈ ਅਨਾਜ ਮੰਡੀਆਂ ਵਿਚ ਪਾਣੀ ਭਰ ਗਿਆ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਕਿਸਾਨਾਂ ਨੂੰ ਹੋਏ ਨੁਕਸਾਨ ਦੀ ਜਾਂਚ ਕਰਵਾਈ ਜਾ ਰਹੀ ਹੈ।
ਮਜੀਠਾ, (ਪ੍ਰਿਥੀਪਾਲ)-ਬੀਤੀ ਦੇਰ ਰਾਤ ਹੋਈ ਭਾਰੀ ਬਾਰਿਸ਼ ਕਾਰਨ ਦਾਣਾ ਮੰਡੀ ਮਜੀਠਾ ਵਿਖੇ ਖੁੱਲ੍ਹਾ ਤੇ ਬੋਰੀਆਂ ’ਚ ਪਿਆ ਝੋਨਾ ਪਾਣੀ ਦੀ ਮਾਰ ਹੇਠ ਆ ਗਿਆ। ਝੋਨੇ ਦੀਆਂ ਢੇਰੀਆਂ ਤੇ ਬੋਰੀਆਂ ਦੇ ਆਲੇ-ਦੁਆਲੇ ਪਾਣੀ ਖਡ਼੍ਹਾ ਹੋ ਗਿਆ।
ਮਜ਼ਦੂਰਾਂ ਨੇ ਕਿਹਾ ਕਿ ਅਸੀਂ ਬਾਲਟੀਆਂ ਨਾਲ ਪਾਣੀ ਕੱਢ ਰਹੇ ਹਾਂ ਕਿਉਂਕਿ ਇਥੇੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ। ਇਥੋਂ ਤੱਕ ਕਿ ਸ਼ੈੱਡ ਵੀ ਟੁੱਟੇ ਹੋਣ ਕਰ ਕੇ ਚੋ ਰਹੇ ਹਨ।