ਗੁਰੂਘਰ ਤੋਂ ਸੇਵਾ ਕਰ ਕੇ ਪਰਤਦੇ ਸੇਵਾਦਾਰ ਨਾਲ ਵਾਪਰਿਆ ਸੜਕ ਹਾਦਸਾ
Tuesday, Aug 11, 2026 - 05:41 PM (IST)
ਝਬਾਲ (ਨਰਿੰਦਰ)- ਝਬਾਲ ਨੇੜੇ ਹੋਏ ਮੋਟਰਸਾਈਕਲ ਅਤੇ ਫਾਰਚੂਨਰ ਗੱਡੀ ਦੀ ਭਿਆਨਕ ਟੱਕਰ ਵਿਚ ਗੁਰਦੁਆਰਾ ਕਮੇਟੀ ਦਾ ਸੇਵਾਦਾਰ ਗੰਭੀਰ ਜ਼ਖ਼ਮੀ ਹੋ ਗਿਆ ਹੈ। ਇਸ ਸਬੰਧੀ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਲਵਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਜੋ ਕਿ ਗੁਰਦੁਆਰਾ ਕਮੇਟੀ ਬੀਬੀ ਵੀਰੋ ਜੀ ਝਬਾਲ ਵਿਖੇ ਬਤੌਰ ਸੇਵਾਦਾਰ ਡਿਊਟੀ ਨਿਭਾਅ ਰਿਹਾ ਸੀ। ਬੀਤੀ ਸ਼ਾਮ ਲਗਭਗ 7 ਵਜੇ ਜਦੋਂ ਡਿਊਟੀ ਖ਼ਤਮ ਕਰਕੇ ਮੋਟਰਸਾਈਕਲ ਤੇ ਪਿੰਡ ਠੱਟਾ ਮੋੜ ਨੂੰ ਜਾ ਰਿਹਾ ਸੀ ਕਿ ਅੱਗੇ ਤੇ ਆਉਂਦੀ ਇਕ ਤੇਜ਼ ਰਫਤਾਰ ਫਾਰਚੂਨਰ ਗੱਡੀ ਅਤੇ ਮੋਟਰਸਾਈਕਲ ਦੀ ਹੋਈ ਜ਼ਬਰਦਸਤ ਟੱਕਰ ਵਿਚ ਮੋਟਰਸਾਈਕਲ ਸਵਾਰ ਲਵਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ।
ਉਸ ਨੂੰ ਤੁਰੰਤ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਦਾਖ਼ਲ ਕਰਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਜਾਰੀ ਹੈ। ਹਾਦਸੇ ਦੀ ਸੂਚਨਾ ਥਾਣਾ ਝਬਾਲ ਦੀ ਪੁਲਸ ਨੂੰ ਵੀ ਦੇ ਦਿੱਤੀ ਗਈ ਹੈ।
