ਗੁਰਦੁਆਰਾ ਘੱਲੂਘਾਰਾ ਸਾਹਿਬ ਵਿਖੇ ਬੇਅਦਬੀ ਦੇ ਸ਼ੱਕ ’ਚ ਇਕ ਵਿਅਕਤੀ ਗ੍ਰਿਫ਼ਤਾਰ

08/14/2022 9:20:39 AM

ਗੁਰਦਾਸਪੁਰ (ਜੀਤ ਮਠਾਰੂ) - ਕਾਹਨੂੰਵਾਨ ਛੰਭ ਅੰਦਰ ਗੁਰਦੁਆਰਾ ਘੱਲੂਘਾਰਾ ਸਾਹਿਬ ਵਿਖੇ ਗੁਰਦੁਆਰਾ ਬੇਰ ਸਾਹਿਬ ਵਿਖੇ ਬੀਤੀ ਰਾਤ ਸੇਵਾਦਾਰਾਂ ਨੇ ਇਕ ਵਿਅਕਤੀ ਨੂੰ ਬੇਅਦਬੀ ਕਰਨ ਦੇ ਸ਼ੱਕ ’ਚ ਕਾਬੂ ਕਰਕੇ ਭੈਣੀ ਮੀਆਂ ਖਾਂ ਥਾਣੇ ਦੀ ਪੁਲਸ ਦੇ ਹਵਾਲੇ ਕੀਤਾ ਹੈ। ਗੁਰਦੁਆਰਾ ਸਾਹਿਬ ਦੀ ਸੇਵਾ ਕਰ ਰਹੇ ਮਾਸਟਰ ਜੌਹਰ ਸਿੰਘ ਅਤੇ ਜਨਰਲ ਸੈਕਟਰੀ ਦਰਸ਼ਨ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 11 ਵਜੇ ਕੁਝ ਵਿਅਕਤੀ ਗੁਰਦੁਆਰਾ ਬੇਰ ਸਾਹਿਬ ਆਏ, ਜਿਨ੍ਹਾਂ ’ਚੋਂ ਇਕ ਵਿਅਕਤੀ ਗੁਰਦੁਆਰਾ ਸਾਹਿਬ ਅੰਦਰ ਗਿਆ ਅਤੇ ਕੁਝ ਸਮਾਂ ਬੈਠ ਕੇ ਬਾਹਰ ਆ ਗਿਆ।

ਉਸ ਮੌਕੇ ਪਾਠ ਕਰ ਰਹੇ ਗ੍ਰੰਥੀ ਸਿੰਘ ਨੇ ਸ਼ੱਕ ਪੈਣ 'ਤੇ ਗੁਰਦੁਆਰਾ ਸਾਹਿਬ ਦੇ ਬਾਕੀ ਸੇਵਾਦਾਰਾਂ ਨੂੰ ਤੁਰੰਤ ਸੰਦੇਸ਼ ਪਹੁੰਚਾਇਆ। ਜਦੋਂ ਸੇਵਾਦਾਰ ਗੁਰਦੁਆਰਾ ਬੇਰ ਸਾਹਿਬ ਪਹੁੰਚੇ ਤਾਂ ਬਾਹਰ ਖੜ੍ਹੇ ਵਿਅਕਤੀ ਸੇਵਾਦਾਰਾਂ ਨੂੰ ਦੇਖ ਕੇ ਉਥੋਂ ਭੱਜ ਗਏ ਅਤੇ ਇਕ ਵਿਅਕਤੀ ਨੂੰ ਸੇਵਾਦਾਰਾਂ ਵੱਲੋਂ ਕਾਬੂ ਕਰ ਲਿਆ। ਉਨ੍ਹਾਂ ਤੁਰੰਤ ਪੁਲਸ ਨੂੰ ਫੋਨ ਕਰ ਕੇ ਸੂਚਿਤ ਕੀਤਾ, ਜਿਸ ’ਤੇ ਪੁਲਸ ਨੇ ਰਾਤ 12 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਪਹੁੰਚ ਕੇ ਉਕਤ ਵਿਅਕਤੀ ਨੂੰ ਹਿਰਾਸਤ ’ਚ ਲਿਆ। ਉਨ੍ਹਾਂ ਸ਼ੱਕ ਜ਼ਾਹਿਰ ਕੀਤਾ ਕਿ ਇਹ ਸਾਜ਼ਿਸ਼ ਹਲਕੇ ਨਾਲ ਸਬੰਧਿਤ ਇਕ ਸੀਨੀਅਰ ਆਗੂ ਦੀ ਹੋ ਸਕਦੀ ਹੈ, ਕਿਉਂਕਿ ਉਸ ਆਗੂ ਨੇ ਕੁਝ ਦਿਨ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਪਾਠ ਕਰਵਾਇਆ ਸੀ ਅਤੇ ਉਸ ਮੌਕੇ ਪ੍ਰਬੰਧਕਾਂ ਨਾਲ ਕੁਝ ਮਤਭੇਦ ਹੋ ਗਏ ਸਨ। ਉਨ੍ਹਾਂ ਪੰਜਾਬ ਸਰਕਾਰ ਅਤੇ ਪੁਲਸ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਵਾਈ ਜਾਵੇ।


rajwinder kaur

Content Editor

Related News