ਗੁਰਦਾਸਪੁਰ ਪੁਲਸ ਨੇ ਨਾਕੇਬੰਦੀ ਦੌਰਾਨ ''ਸੀ'' ਕੈਟਾਗਰੀ ਦੇ 2 ਦੋਸ਼ੀ ਹਥਿਆਰਾਂ ਸਣੇ ਕੀਤੇ ਗ੍ਰਿਫ਼ਤਾਰ

04/16/2022 12:16:18 PM

ਗੁਰਦਾਸਪੁਰ (ਜੀਤ ਮਠਾਰੂ,ਮਠਾਰੂ)- ਜ਼ਿਲ੍ਹਾ ਗੁਰਦਾਸਪੁਰ ਅੰਦਰ ਸੀ.ਆਈ.ਏ. ਅਤੇ ਸਪੈਸ਼ਲ ਸੈਲ ਦੀ ਟੀਮ ਨੇ 'ਸੀ' ਕੈਟਾਗਰੀ ਦੇ ਦੋ ਦੋਸ਼ੀਆਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਕਤ ਦੋਸ਼ੀ ਯੂ.ਪੀ. ਤੋਂ ਨਾਜਾਇਜ਼ ਹਥਿਆਰ ਲਿਆ ਕੇ ਵੇਚਦੇ ਸਨ ਅਤੇ ਇਹ ਦੋਸ਼ੀ ਲੁੱਟ-ਖੋਹ ਸਮੇਤ ਹੋਰ ਵੀ ਕਈ ਵਾਰਦਾਤਾਂ ਕਰ ਚੁੱਕੇ ਹਨ। ਇਸ ਸਬੰਧ ਵਿਚ ਗੁਰਦਾਸਪੁਰ ਵਿਖੇ ਬੁਲਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਐੱਸ.ਐੱਸ.ਪੀ. ਹਰਜੀਤ ਸਿੰਘ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਦੇ ਇੰਸਪੈਕਟਰ ਵਿਸ਼ਵਨਾਥ ਅਤੇ ਸਪੈਸ਼ਲ ਟੀਮ ਗੁਰਦਾਸਪੁਰ ਦੇ ਏ.ਐੱਸ.ਆਈ. ਜਸਬੀਰ ਸਿੰਘ ਅਤੇ ਮੁੱਖ ਸਿਪਾਹੀ ਗੁਰਵਿੰਦਰ ਸਿੰਘ ਨੇ ਗਸ਼ਤ ਦੌਰਾਨ ਪਿੰਡ ਕਾਲਾਬਾਲਾ ਮੋੜ ਵਿਖੇ ਨਾਕਾ ਲਗਾਇਆ ਹੋਇਆ ਸੀ। 

ਨਾਕੇਬੰਦੀ ਦੌਰਾਨ ਸ਼ੁਭਮ ਭੰਡਾਰੀ ਪੁੱਤਰ ਸਿੰਨਾ ਸੁਆਮੀ ਵਾਸੀ ਗਵਾਰ ਮੰਡੀ ਪੁਤਲੀ ਘਰ ਅੰਮ੍ਰਿਤਸਰ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਦਵਿੰਦਰ ਸਿੰਘ ਵਾਸੀ ਬਗੀਚੀ ਮੁਹੱਲਾ ਪਿੰਡ ਰਾਜਾਸਾਂਸੀ ਬੁਲਟ ਮੋਟਰਸਾਈਕਲ ’ਤੇ ਆਏ, ਜਿਨ੍ਹਾਂ ਨੂੰ ਕਾਬੂ ਕਰ ਕੇ ਪੁੱਛ-ਗਿਛ ਕੀਤੀ। ਉਕਤ ਨੌਜਵਾਨਾਂ ਕੋਲ 32 ਬੋਰ ਦੀ ਇਕ ਪਿਸਟਲ ਅਤੇ 32 ਬੋਰ ਦੇ 10 ਜ਼ਿੰਦਾ ਰੋਂਦ ਬਰਾਮਦ ਹੋਏ। ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਪਰਚਾ ਦਰਜ ਕੀਤਾ ਗਿਆ ਅਤੇ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਿਲ ਕੀਤਾ ਗਿਆ। ਰਿਮਾਂਡ ਦੌਰਾਨ ਦੋਸ਼ੀਆਂ ਕੋਲੋਂ 32 ਬੋਰ ਦੇ ਮੈਗਜੀਨ ਸਮੇਤ 2 ਪਿਸਟਲ, 11 ਰੋਂਦ, 315 ਬੋਰ ਦਾ ਦੇਸੀ ਕੱਟਾ ਵੀ ਬਰਾਮਦ ਹੋਏ।

ਉਨ੍ਹਾਂ ਦੱਸਿਆ ਕਿ ਇਹ ਦੋਸ਼ੀ ਕਈ ਵਾਰਦਾਤਾਂ ਕਰ ਚੁੱਕੇ ਹਨ, ਜਿਨ੍ਹਾਂ ’ਚੋਂ ਸ਼ੁਭਮ ਭੰਡਾਰੀ ਖ਼ਿਲਾਫ਼ ਥਾਣਾ ਕੰਟੋਨਮੈਂਟ ਅੰਮ੍ਰਿਤਸਰ ’ਚ 2 ਦਸੰਬਰ 2019 ਦੌਰਾਨ ਧਾਰਾ 307, 120, 148,149 ਅਤੇ ਅਸਲਾ ਐਕਟ ਮਾਮਲਾ ਦਰਜ ਕੀਤਾ ਹੋਇਆ ਸੀ। ਇਸੇ ਥਾਣੇ ਵਿਚ 2018 ਵਿਚ ਜੁਰਮ 336 ਤਹਿਤ, ਥਾਣਾ ਕੋਤਵਾਲੀ ਕਪੂਰਥਲਾ ਵਿਚ ਧਾਰਾ 52-ਏ ਵਿਚ ਪਰਚਾ ਦਰਜ ਹੈ। ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਗੋਪੀ ਖ਼ਿਲਾਫ਼ 7 ਫਰਵਰੀ 2020 ਨੂੰ ਜੁਰਮ 239-ਬੀ, 34 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਸ਼ੁਭਮ ਭੰਡਾਰੀ ਦੋਸ਼ੀ ਪਹਿਲਾਂ ਸਨੈਚਿੰਗ ਵਗੈਰਾ ਕਰਦਾ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਕੋਲੋਂ ਪੁੱਛ-ਗਿਛ ਕੀਤੀ ਜਾ ਰਹੀ ਹੈ ਅਤੇ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਦੋਸ਼ੀ ਯੂ.ਪੀ. ਤੋਂ ਨਾਜਾਇਜ਼ ਹਥਿਆਰ ਲਿਆ ਕੇ ਵੇਚਣ ਦਾ ਕੰਮ ਕਰਦੇ ਸਨ। ਦੋਸ਼ੀ ਦਾ ਸਬੰਧ ਯੂ.ਪੀ. ਵਿਚ ਰਾਹੁਲ ਨਾਮ ਦੇ ਵਿਅਕਤੀ ਨਾਲ ਹੈ, ਜਿਸ ਨੇ ਇਸ ਨੂੰ ਤਿੰਨ ਪਿਸਟਲ ਸਪਲਾਈ ਕੀਤੇ ਸਨ। ਇਸ ਨੇ ਸਸਤੇ ਪਿਸਟਲ ਖਰੀਦੇ ਸਨ, ਜੋ ਇਥੇ ਕਿਸੇ ਹੋਰ ਗਾਹਕ ਨੂੰ ਵੇਚਣੇ ਸਨ। ਉਨ੍ਹਾਂ ਦੱਸਿਆ ਰਾਹੁਲ ਤੇ ਸ਼ੁਭਮ ਪਹਿਲਾਂ ਜੇਲ੍ਹ ਵਿਚ ਇਕੱਠੇ ਸਨ ਅਤੇ 8 ਅਪ੍ਰੈਲ ਨੂੰ ਜੇਲ੍ਹ ਵਿਚ ਬਾਹਰ ਆਇਆ ਸੀ।


rajwinder kaur

Content Editor

Related News