ਸਰਹੱਦੀ ਖੇਤਰ ਦੇ ਬਮਿਆਲ ਸੈਕਟਰ ਪੁੱਜੇ ਰਾਜਪਾਲ ਪੁਰੋਹਿਤ, ਪੰਜਾਬ ਦੇ ਕਿਸਾਨਾਂ ਦੀ ਕੀਤੀ ਰੱਜ ਕੇ ਤਾਰੀਫ਼
Tuesday, Jul 23, 2024 - 09:04 PM (IST)
ਬਮਿਆਲ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਪੰਜਾਬ ਇੱਕ ਅਜਿਹਾ ਸੂਬਾ ਹੈ ਜਿਸ ਦਾ ਕਿਸਾਨ ਪੂਰੇ ਦੇਸ਼ ਨੂੰ ਅਨਾਜ ਉਪਲੱਬਧ ਕਰਵਾਉਂਦਾ ਹੈ। ਪੰਜਾਬ ਦੇ ਕਿਸਾਨਾਂ ਦੀ ਬਦੌਲਤ ਹੀ ਅੱਜ ਪੂਰੇ ਭਾਰਤ ਵਿੱਚ ਅਨਾਜ ਘੱਟ ਨਹੀਂ ਸਗੋਂ ਜ਼ਰੂਰਤ ਤੋਂ ਜ਼ਿਆਦਾ ਹੀ ਪੈਦਾ ਹੋ ਰਿਹਾ ਹੈ, ਜਿਸ ਦੇ ਚੱਲਦੇ ਭਾਰਤ ਅਨਾਜ ਨੂੰ ਹੋਰ ਦੇਸ਼ਾਂ ਦੇ ਵਿੱਚ ਵੀ ਨਿਰਯਾਤ ਕਰਨ ਦੇ ਯੋਗ ਹੈ। ਇਹ ਸਭ ਪੰਜਾਬ ਦੇ ਕਿਸਾਨ ਦੀ ਬਦੌਲਤ ਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸਰਹੱਦੀ ਖੇਤਰ ਬਮਿਆਲ ਸੈਕਟਰ ਵਿੱਚ ਇੱਕ ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਕੀਤਾ।
ਇਸ ਮੌਕੇ ਉਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਬਾਰੇ ਕਿਹਾ ਕਿ ਪੰਜਾਬ ਦੀ ਕਣਕ ਸਭ ਤੋਂ ਵਧੀਆ ਪੈਦਾਵਾਰ ਹੁੰਦੀ ਹੈ ਜੋ ਕਿ ਪੂਰੇ ਭਾਰਤ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਮਸ਼ਹੂਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਬੇਹੱਦ ਮਿਹਨਤੀ ਹੈ, ਜਿਸ ਦੀ ਬਦੌਲਤ ਅੱਜ ਪੂਰਾ ਦੇਸ਼ ਅਨਾਜ ਖਾ ਰਿਹਾ।
ਦਰਅਸਲ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇਰ ਸ਼ਾਮ ਸਰਹੱਦੀ ਖੇਤਰ ਬਮਿਆਲ ਵਿਖੇ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਵੱਲੋਂ ਪੰਜਾਬ ਪੁਲਸ ਵੱਲੋਂ ਬਣਾਈਆਂ ਗਈਆਂ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰਾਂ ਦੇ ਨਾਲ ਇੱਕ ਅਹਿਮ ਬੈਠਕ ਕੀਤੀ ਗਈ, ਜਿਸ ਵਿੱਚ ਭਾਰਤ-ਪਾਕਿਸਤਾਨ ਸਰਹੱਦ 'ਤੇ ਸੁਰੱਖਿਆ ਨੂੰ ਲੈ ਕੇ ਆ ਰਹੀਆਂ ਮੁਸ਼ਕਲਾਂ ਸਬੰਧੀ ਚਰਚਾ ਕੀਤੀ ਗਈ।
ਇਸ ਮੌਕੇ ਉਨ੍ਹਾਂ ਨੇ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰਾਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕ ਬਹਾਦਰ ਹਨ। ਇਹ ਕਮੇਟੀ ਪੰਜਾਬ ਦੀ ਸੁਰੱਖਿਆ ਦੇ ਲਈ ਬਹੁਤ ਹੀ ਅਹਿਮ ਰੋਲ ਨਿਭਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਕਮੇਟੀ ਦੇ ਮੈਂਬਰ ਸਰਹੱਦ ਦੀ ਸੁਰੱਖਿਆ ਦੇ ਨਾਲ ਨਾਲ ਨਸ਼ੇ 'ਤੇ ਕਾਬੂ ਪਾਉਣ ਵਿੱਚ ਵੀ ਸਹਿਯੋਗ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਮੈ ਪੁਲਸ ਪ੍ਰਸ਼ਾਸਨ ਨੂੰ ਸਲਾਹ ਦਿੱਤੀ ਹੈ ਕਿ ਪੰਜਾਬ ਭਰ 'ਚ ਅਜਿਹੀਆਂ ਕਮੇਟੀਆਂ ਦਾ ਗਠਨ ਕੀਤਾ ਜਾਵੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰਾਂ ਨੂੰ ਵੱਧ ਤੋਂ ਵੱਧ ਸੁਵਿਧਾਵਾਂ ਉਪਲਬਧ ਕਰਵਾਈਆਂ ਜਾ ਸਕਣ ਤਾਂ ਜੋ ਇਹ ਪੰਜਾਬ ਪੁਲਸ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇ ਸਕਣ।
ਇਸ ਮੌਕੇ ਉਨ੍ਹਾਂ ਨੇ ਆਪਣੇ ਸੰਬੋਧਨ ਰਾਹੀਂ ਪਾਕਿਸਤਾਨ 'ਤੇ ਵੀ ਨਿਸ਼ਾਨਾ ਵਿਨ੍ਹਿਆ ਅਤੇ ਕਿਹਾ ਕਿ ਪਾਕਿਸਤਾਨ ਸਿੱਧੇ ਤੌਰ 'ਤੇ ਭਾਰਤ ਨਾਲ ਨਹੀਂ ਲੜਨਾ ਚਾਹੁੰਦਾ ਅਤੇ ਨਾ ਹੀ ਉਹ ਲੜ ਸਕਦਾ ਹੈ। ਜਿਸ ਦੇ ਚਲਦੇ ਉਹ ਭਾਰਤ ਵਿੱਚ ਅੱਤਵਾਦੀ ਹਮਲੇ ਕਰਵਾ ਕੇ ਆਪਣੀ ਘਟੀਆ ਕਰਤੂਤ ਦਾ ਸਬੂਤ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਸੁਰੱਖਿਆ ਏਜੰਸੀਆਂ ਅਤੇ ਭਾਰਤੀ ਸੈਨਾ ਉਨ੍ਹਾਂ ਦਾ ਮੂੰਹ ਤੋੜ ਜਵਾਬ ਦੇ ਰਹੀਆਂ ਹਨ। ਇਸ ਮੌਕੇ ਪੁਲਸ ਅਤੇ ਬੀ.ਐੱਸ.ਐੱਫ. ਸਮੇਤ ਹੋਰ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਹਾਜ਼ਰ ਸਨ।
ਇਹ ਵੀ ਪੜ੍ਹੋ- ਇੰਗਲੈਂਡ ਭੇਜਣ ਦਾ ਝਾਂਸਾ ਦੇ ਕੇ ਜੀਜਾ-ਸਾਲੇ ਨੇ ਰੋਲ਼ੀ ਕੁੜੀ ਦੀ ਪੱਤ, ਉੱਤੋਂ ਮੁਲਜ਼ਮ ਦੇ ਪਿਓ ਨੇ ਚੜ੍ਹਾਇਆ ਵੱਖਰਾ ਚੰਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e