ਹੜ੍ਹਾਂ ਕਾਰਨ ਸਰਹੱਦੀ ਖੇਤਰ ਦੀਆਂ ਟੁੱਟੀਆਂ ਸੜਕਾਂ ਦੀ ਸਰਕਾਰ ਨਹੀਂ ਲੈ ਰਹੀ ਸਾਰ, ਲੋਕ ਪ੍ਰੇਸ਼ਾਨ
Monday, Jan 26, 2026 - 01:38 PM (IST)
ਗੁਰਦਾਸਪੁਰ (ਵਿਨੋਦ)- ਪਿਛਲੇ ਸਮੇਂ ਦੌਰਾਨ ਦਰਿਆ ਰਾਵੀ ਵਿਚ ਆਏ ਹੜ੍ਹ ਦੇ ਕਾਰਨ ਸਰਹੱਦੀ ਖੇਤਰ ਦੇ ਲੋਕਾਂ ਦਾ ਜਿੱਥੇ ਵੱਡੀ ਪੱਧਰ ’ਤੇ ਨੁਕਸਾਨ ਹੋਇਆ ਸੀ, ਉੱਥੇ ਹੀ ਇਲਾਕੇ ਦੀਆਂ ਸੜਕਾਂ ਵੀ ਬੁਰੀ ਤਰ੍ਹਾਂ ਨਾਲ ਟੁੱਟ ਭੱਜ ਅਤੇ ਰੁੜ ਗਈਆਂ ਸਨ। ਹੜ੍ਹਾਂ ਕਾਰਨ ਟੁੱਟੀਆਂ ਇਨ੍ਹਾਂ ਸੜਕਾਂ ਦੀ ਸਰਕਾਰ ਵਲੋਂ ਅਜੇ ਤੀਕ ਕੋਈ ਸਾਰ ਨਾ ਲੈਣ ਕਾਰਨ ਲੋਕਾਂ ਦਾ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਸਰਹੱਦੀ ਖੇਤਰ ਦੇ ਲੋਕਾਂ ਨੇ ਦੱਸਿਆ ਕਿ ਦਰਿਆ ਰਾਵੀ ਵਿਚ ਹੜ੍ਹ ਆਉਣ ਨਾਲ ਧੁੱਸੀ ਬੰਨ੍ਹ ਕਈ ਜਗ੍ਹਾ ਤੋਂ ਟੁੱਟਣ ਕਾਰਨ ਉਨ੍ਹਾਂ ਜਿੱਥੇ ਬਹੁਤ ਜ਼ਿਆਦਾ ਮਾਲੀ ਨੁਕਸਾਨ ਹੋਇਆ ਸੀ, ਉੱਥੇ ਹੀ ਇਲਾਕੇ ਦੀਆਂ ਸਾਰੀਆਂ ਸੜਕਾਂ ਬੁਰੀ ਤਰ੍ਹਾਂ ਟੁੱਟ ਭੱਜ ਕੇ ਰੁੜ੍ਹ ਗਈਆਂ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖਸਤਾ ਹਾਲਤ ਸੜਕਾਂ ’ਚੋਂ ਗੁਜਰਨਾ ਉਨ੍ਹਾਂ ਲਈ ਬੇਹੱਦ ਮੁਸ਼ਕਲ ਅਤੇ ਕਿਸੇ ਖਤਰੇ ਤੋਂ ਖਾਲੀ ਨਹੀਂ। ਉਨ੍ਹਾਂ ਕਿਹਾ ਇਨ੍ਹਾਂ ਸੜਕਾਂ ਰਾਹੀਂ ਰੋਜ਼ਾਨਾ ਵੱਡੀ ਗਿਣਤੀ ’ਚ ਲੋਕ ਆਪਣੇ ਕੰਮ ਕਾਜ ਲਈ ਆਉਂਦੇ-ਜਾਂਦੇ ਹਨ। ਉਨ੍ਹਾਂ ਕਿਹਾ ਕਿ ਰੋਜ਼ਾਨਾ ਸਕੂਲੀ ਬੱਚਿਆਂ ਦੀਆਂ ਬੱਸਾਂ ਇਨ੍ਹਾਂ ਖਸਤਾ ਹਾਲਤ ਸੜਕਾਂ ’ਚੋਂ ਬੜੀ ਮੁਸ਼ਕਿਲ ਨਾਲ ਲੰਘਦੀਆਂ ਹਨ ਤੇ ਕਈ ਵਾਰ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੀਆਂ ਹਨ। ਸੜਕਾਂ ਵਿਚਕਾਰ ਉਖੜੇ ਪੱਥਰ ਵਾਹਨਾਂ ਦੇ ਚੱਲਣ ਕਾਰਨ ਕਈ ਵਾਰ ਲੋਕਾਂ ਨੂੰ ਆਮ ਹੀ ਵੱਜਦੇ ਵੇਖੇ ਜਾਂਦੇ ਹਨ। ਸੜਕਾਂ ਵਿਚਕਾਰ ਡੂੰਘੇ-ਡੂੰਘੇ ਖੱਡੇ ਪੈ ਚੁੱਕੇ ਹਨ ਜਿਨ੍ਹਾਂ ਵਿੱਚੋਂ ਦੋ ਪਹੀਆਂ ਵਾਹਨ ਚਾਲਕਾਂ ਦਾ ਲੰਘਣਾ ਬੇਹਦ ਔਖਾ ਹੋਇਆ ਪਿਆ ਹੈ।
ਇਸ ਤੋਂ ਇਲਾਵਾ ਇਨ੍ਹਾਂ ਸੜਕਾਂ ਦੇ ਕੰਡੇ ਵੀ ਬੁਰੀ ਤਰ੍ਹਾਂ ਨਾਲ ਰੁੜ ਚੁੱਕੇ ਹਨ ਜੋ ਰਾਤ ਦੇ ਹਨੇਰੇ ਵਿੱਚ ਬਿਲਕੁਲ ਵੀ ਦਿਖਾਈ ਨਹੀਂ ਦਿੰਦੇ ਅਤੇ ਜੇਕਰ ਕੋਈ ਅਣਜਾਣ ਵਾਹਨ ਚਾਲਕ ਇਨ੍ਹਾਂ ਸੜਕਾਂ ਦੇ ਉੱਪਰੋਂ ਗੁਜਰਦੇ ਹਨ ਤਾਂ ਉਹ ਸੜਕਾਂ ਦੇ ਕੰਢੇ ਨਾ ਹੋਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਲੋਕਾਂ ਨੇ ਦੱਸਿਆ ਕਿ ਬਹਿਰਾਮਪੁਰ ਤੋਂ ਗਾਹਲੜੀ, ਬਹਿਰਾਮਪੁਰ ਤੋਂ ਝਬਕਰੇ, ਝਬਕਰੇ ਤੋਂ ਠੱਠੀ, ਫਰੀਦਕੋਟ ਨੂੰ ਜਾਣ ਵਾਲੀ ਸੜਕ, ਠੱਠੀ ਪਿੰਡ ਤੋਂ ਸੰਦਰਪੁਰ, ਪਿੰਡ ਨੋਸ਼ਹਿਰੇ ਤੋਂ ਦੋਰਾਂਗਲਾਂ ਅਤੇ ਟੋਟੇ ਤੋਂ ਦੋਰਾਂਗਲਾਂ ਨੂੰ ਜਾਣ ਵਾਲੀ ਸੜਕ ਤੋਂ ਇਲਾਵਾ ਹੋਰ ਵੀ ਅਨੇਕਾਂ ਸੜਕਾਂ ਜੋ ਸਰਹੱਦੀ ਖੇਤਰ ਨਾਲ ਜੁੜੀਆਂ ਹੋਈਆਂ ਹਨ, ਜਿਨ੍ਹਾਂ ਦੀ ਹਾਲਤ ਬੇਹੱਦ ਮਾੜੀ ਹੋ ਚੁੱਕੀ ਹੈ।
ਲੋਕਾਂ ਨੇ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਮੰਤਰੀ ਅਤੇ ਜ਼ਿਲਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਵਿਸ਼ੇਸ਼ ਬਜਟ ਤਿਆਰ ਕਰ ਕੇ ਸਰਹੱਦੀ ਖੇਤਰ ਅੰਦਰ ਹੜ੍ਹਾਂ ਦੌਰਾਨ ਨੁਕਸਾਨੀਆਂ ਗਈਆਂ ਸੜਕਾਂ ਦੀ ਪਹਿਲ ਦੇ ਆਧਾਰ ’ਤੇ ਮੁਰੰਮਤ ਕਰਵਾਈ ਜਾਵੇ ਤਾਂ ਜੋ ਉਨ੍ਹਾਂ ਨੂੰ ਆ ਰਹੀ ਇਸ ਮੁਸ਼ਕਲ ਤੋਂ ਨਿਜਾਤ ਮਿਲ ਸਕੇ।
