ਦੁਬਈ ਤੋਂ ਅੰਮ੍ਰਿਤਸਰ ਪੈੱਨ ''ਚ ਸੋਨਾ ਲੁਕਾ ਕੇ ਲਿਆਏ 2 ਭਰਾ ਕਾਬੂ

05/21/2019 10:41:00 PM

ਅੰਮ੍ਰਿਤਸਰ,(ਨੀਰਜ)-ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ 'ਤੇ ਕਸਟਮ ਵਿਭਾਗ ਦੀ ਟੀਮ ਨੇ ਦੁਬਈ ਤੋਂ ਅੰਮ੍ਰਿਤਸਰ ਆਈ ਫਲਾਈਟ 'ਚ ਸਵਾਰ 2 ਸਕੇ ਭਰਾਵਾਂ ਤੋਂ 525 ਗ੍ਰਾਮ ਸੋਨਾ ਬਰਾਮਦ ਕੀਤਾ, ਜਿਸ ਦੀ ਕੀਮਤ 15 ਲੱਖ ਰੁਪਏ ਦੇ ਲਗਭਗ ਦੱਸੀ ਜਾ ਰਹੀ ਹੈ।ਜਾਣਕਾਰੀ ਅਨੁਸਾਰ ਦੋਵੇਂ ਭਰਾ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਹਨ ਅਤੇ ਇਕ ਪੈੱਨ 'ਚ ਸੋਨੇ ਨੂੰ ਲੁਕਾ ਕੇ ਲਿਆ ਰਹੇ ਸਨ। ਵਿਭਾਗ ਦੀ ਟੀਮ ਨੇ ਪੈੱਨ ਦੇ ਨਾਲ ਇਕ ਕੜਾ ਵੀ ਫੜਿਆ ਹੈ, ਜੋ ਸੋਨੇ ਦਾ ਹੈ। ਇਸ ਮਾਮਲੇ ਵਿਚ ਜਿਸ ਤਰ੍ਹਾਂ ਪੈੱਨ 'ਚ ਸੋਨਾ ਲੁਕਾਇਆ ਗਿਆ ਸੀ, ਉਹ ਵਿਭਾਗ ਨੂੰ ਸੋਨੇ ਦੀ ਸਮੱਗਲਿੰਗ ਵੱਲ ਇਸ਼ਾਰਾ ਕਰ ਰਿਹਾ ਹੈ ਕਿਉਂਕਿ ਆਮ ਤੌਰ 'ਤੇ ਸੋਨੇ ਦੀ ਸਮੱਗਲਿੰਗ ਕਰਨ ਵਾਲੇ ਸਮੱਗਲਰ ਹੀ ਇਸ ਤਰ੍ਹਾਂ ਸੋਨੇ ਨੂੰ ਲੁਕਾ ਕੇ ਲਿਆਉਂਦੇ ਹਨ, ਜੇਕਰ ਕੋਈ ਆਮ ਯਾਤਰੀ ਹੁੰਦਾ ਤਾਂ ਉਹ ਗਲਤੀ ਨਾਲ ਕੜਾ, ਮੁੰਦਰੀ, ਹਾਰ ਆਦਿ ਦੇ ਰੂਪ ਵਿਚ ਗਹਿਣਾ ਲੈ ਆਉਂਦਾ ਹੈ। ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਮੱਗਲਿੰਗ ਦੇ ਪਹਿਲੂ ਤੋਂ ਵੀ ਵਿਭਾਗ ਜਾਂਚ ਕਰ ਰਿਹਾ ਹੈ। ਐੱਸ. ਜੀ. ਆਰ. ਡੀ. ਏਅਰਪੋਰਟ 'ਤੇ ਪੈੱਨ 'ਚ ਸੋਨਾ ਲੁਕਾ ਕੇ ਲਿਆਉਣ ਦਾ ਕੇਸ ਵੀ ਆਪਣੀ ਤਰ੍ਹਾਂ ਦਾ ਇਕ ਨਵਾਂ ਕੇਸ ਹੈ। ਇਸ ਤੋਂ ਪਹਿਲਾਂ ਰਸ਼ੀਅਨ ਔਰਤ ਦੇ ਸੈਨੇਟਰੀ ਪੈਡ ਅਤੇ ਇਕ ਔਰਤ ਦੀ ਬ੍ਰਾਅ 'ਚੋਂ ਅੱਧਾ-ਅੱਧਾ ਕਿਲੋ ਸੋਨਾ ਬਰਾਮਦ ਕੀਤਾ ਗਿਆ ਸੀ।


Related News