ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਫੂਕਿਆ ਸਰਕਾਰ ਦਾ ਪੁਤਲਾ
Sunday, Oct 14, 2018 - 02:43 AM (IST)

ਭਿੱਖੀਵਿੰਡ, (ਅਮਨ, ਸੁਖਚੈਨ, ਰਾਜੀਵ, ਭਾਟੀਅਾ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਆਪਣੇ ਪ੍ਰੋਗਰਾਮ ਤਹਿਤ ਪੰਜਾਬ ਦੇ ਜਬਰ ਵਿਰੁੱਧ ਥਾਂ-ਥਾਂ ਪੁਤਲੇ ਫੂਕੇ ਜਾ ਰਹੇ ਹਨ। ਇਨ੍ਹਾਂ ਪ੍ਰੋਗਰਾਮਾਂ ਤਹਿਤ ਅੱਜ ਭਿੱਖੀਵਿੰਡ ਦੇ ਮੇਨ ਚੌਕ ਵਿਚ ਪੰਜਾਬ ਸਰਕਾਰ ਦਾ ਪੁਤਲਾ ਦਿਲਬਾਗ ਸਿੰਘ ਪਹੁਵਿੰਡ ਅਤੇ ਬਲਕਾਰ ਸਿੰਘ ਖਾਲਡ਼ਾ ਦੀ ਪ੍ਰਧਾਨਗੀ ਹੇਠ ਫੂਕਿਆ ਗਿਆ। ਇਸ ਮੌਕੇ ਮੇਜਰ ਸਿੰਘ ਤਲਵੰਡੀ ਅਤੇ ਗੁਰਸਾਹਿਬ ਸਿੰਘ ਪਹੁਵਿੰਡ ਨੇ ਸਰਕਾਰ ਦੀਆਂ ਧੱਕੇਸ਼ਾਹੀਆਂ ਅਤੇ ਨਾਕਾਮੀਆਂ ਨੂੰ ਲੋਕਾਂ ਸਾਹਮਣੇ ਰੱਖਿਆ। ਆਗੂਆਂ ਨੇ ਕਿਹਾ ਕਿ ਕਿਸਾਨਾਂ ’ਤੇ ਕੋਝੀਆਂ ਪਾਬੰਦੀਆਂ ਲਾ ਕੇ ਕਿਸਾਨਾਂ ਨੂੰ ਹਰ ਰੋਜ਼ ਲੁੱਟਿਆ ਅਤੇ ਕੁੱਟਿਆ ਜਾ ਰਿਹਾ ਹੈ। ਸਰਕਾਰ ਵੱਲੋਂ ਕਿਸਾਨਾਂ ਦੀ ਝੋਨੇ ਦੀ ਪਰਾਲੀ ਸਾਂਭਣ ਲਈ ਸਰਕਾਰ ਵੱਲੋਂ ਜ਼ਿਮੀਂਦਾਰਾਂ ਨੂੰ ਕੋਈ ਸੰਦ ਮੁਹੱਈਆ ਨਹੀਂ ਕਰਵਾਏ ਗਏ ਅਤੇ ਨਾ ਹੀ 6000 ਪ੍ਰਤੀ ਏਕਡ਼ ਪਰਾਲੀ ਨੂੰ ਸਾਂਭਣ ਲਈ ਮੁਆਵਜੇ ਦੀ ਸਰਕਾਰ ਵੱਲੋਂ ਕੋਈ ਗੱਲ ਕੀਤੀ ਗਈ ਹੈ। ਆਗੂਆਂ ਨੇ ਕਿਹਾ ਕਿ ਕਿਸਾਨ ਆਪਣੇ ਖਰਚੇ ’ਤੇ ਪਰਾਲੀ ਨਹੀਂ ਸੰਭਾਲ ਸਕਦਾ, ਕਿਉਂਕਿ ਕਿਸਾਨਾਂ ਨੂੰ ਪਹਿਲਾਂ ਹੀ ਕਰਜ਼ਾਈ ਕੀਤਾ ਪਿਆ ਹੈ। ਉਨ੍ਹਾਂ ਕੋਲ ਕੋਈ ਸਾਧਨ ਨਹੀਂ ਹੈ ਅਤੇ ਡੀਜ਼ਲ ਅੱਤ ਦਾ ਮਹਿੰਗਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਤੁਰੰਤ ਕਿਸਾਨਾਂ ਦੀ ਪਰਾਲੀ ਦੀ ਸੰਭਾਲ ਵਾਸਤੇ ਬੋਨਸ ਦੇਵੇ। ਜੇਕਰ ਸਰਕਾਰ ਨੇ ਆਪਣਾ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਕਿਸਾਨ ਮਜ਼ਦੂਰ ਜਥੇਬੰਦੀਆਂ ਆਉਣ ਵਾਲੇ ਦਿਨਾਂ ’ਚ ਪੰਜਾਬ ਅੰਦਰ ਥਾਂ -ਥਾਂ ਸਰਕਾਰ ਦੇ ਪੁਤਲੇ ਫੂਕਣਗੀਅਾਂ ਤੇ ਤਿੱਖਾ ਸੰਘਰਸ਼ ਕੀਤਾ ਜਾਵੇਗਾ, ਜਿਸਦੀ ਜ਼ੁੰਮੇਵਾਰ ਪੰਜਾਬ ਸਰਕਾਰ ਹੋਵੇਗੀ। ਇਸ ਮੌਕੇ ਮੋਤਾ ਸਿੰਘ, ਸ਼ੇਰ ਸਿੰਘ ਵੀਰਮ, ਬਲਦੇਵ ਸਿੰਘ ਮਾਡ਼ੀ ਉਦੋਕੇ, ਗੁਰਚਰਨ ਸਿੰਘ ਨੌਸ਼ਹਿਰਾ, ਜਰਨੈਲ ਸਿੰਘ ਮਾਡ਼ੀਮੇਘਾ, ਤੀਰਥ ਸਿੰਘ, ਸੁਰਜੀਤ ਸਿੰਘ ਫੌਜੀ, ਮੂਲਾ ਸਿੰਘ ਅਮੀਸ਼ਾਹ ਤੇ ਮਲਕੀਤ ਸਿੰਘ ਅਮੀਸ਼ਾਹ ਹਾਜ਼ਰ ਸਨ।