ਗ਼ੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼

Thursday, Nov 15, 2018 - 04:23 AM (IST)

ਗ਼ੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼

ਅੰਮ੍ਰਿਤਸਰ,  (ਦਲਜੀਤ)-  ਸਿਹਤ ਵਿਭਾਗ ਨੇ ਮਾਨਾਂਵਾਲਾ ਨੇਡ਼ੇ ਸਥਿਤ ਪਿੰਡ ਰਾਜੋਵਾਲ ’ਚ ਚੱਲ ਰਹੇ ਇਕ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼ ਕੀਤਾ ਹੈ। ਵਿਭਾਗ ਨੇ ਕੇਂਦਰ ’ਚ ਦਾਖਲ 8 ਨੌਜਵਾਨਾਂ ਨੂੰ ਅਾਜ਼ਾਦ ਕਰਵਾ ਕੇ ਸਰਕਾਰੀ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਕੇਂਦਰ ’ਚ ਦਾਖਲ ਕਰਵਾ ਦਿੱਤਾ ਹੈ। ਵਿਭਾਗ ਦੇ ਅਧਿਕਾਰੀਆਂ ਵੱਲੋਂ ਮੌਕੇ ’ਤੇ ਕੇਂਦਰ ਨੂੰ ਸੀਲ ਕਰ ਕੇ ਸੰਚਾਲਕਾਂ ਖਿਲਾਫ ਕਾਨੂੰਨੀ ਕਾਰਵਾਈ ਲਈ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਕੇਂਦਰ ’ਚ ਦਾਖਲ ਨੌਜਵਾਨ 25 ਤੋਂ 30 ਸਾਲ ਦੇ ਹਨ।  ਉਕਤ ਨੌਜਵਾਨਾਂ ਨੇ ਦੱਸਿਆ ਕਿ ਕੇਂਦਰ ਦੇ ਕਰਮਚਾਰੀ ਉਨ੍ਹਾਂ ਨੂੰ ਡੰਡਿਅਾਂ ਨਾਲ ਕੁੱਟਦੇ ਸਨ ਤੇ ਖਾਣ ਲਈ ਠੀਕ ਖਾਣਾ ਨਹੀਂ ਦਿੰਦੇ ਸਨ।
ਜਾਣਕਾਰੀ ਅਨੁਸਾਰ ਸਿਹਤ ਵਿਭਾਗ ਨੂੰ ਪਤਾ ਲੱਗਾ ਸੀ ਕਿ ਪਿੰਡ ਰਾਜੋਵਾਲ ’ਚ ਬਿਨਾਂ ਲਾਇਸੈਂਸ ਦੇ ਨਸ਼ਾ-ਮੁਕਤੀ ਕੇਂਦਰ ਚਲਾਇਆ ਜਾ ਰਿਹਾ ਹੈ। ਸਹਾਇਕ ਸਿਵਲ ਸਰਜਨ ਡਾ. ਕਿਰਨਦੀਪ ਕੌਰ ਨੇ ਸਵੇਰੇ 8 ਵਜੇ ਦਲ-ਬਲ ਨਾਲ ਕੇਂਦਰ ’ਤੇ ਛਾਪੇਮਾਰੀ ਕੀਤੀ। ਉਸ ਸਮੇਂ ਇਕ ਵੱਡੇ ਹਾਲ ਵਿਚ 8 ਨੌਜਵਾਨਾਂ ਰੱਖਿਆ ਗਿਆ ਸੀ। ਕੇਂਦਰ ਅੰਦਰ ਗੰਦਗੀ ਫੈਲੀ ਹੋਈ ਸੀ। ਮੱਖੀਆਂ ਭਿਣਭਿਣਾ ਰਹੀਅਾਂ ਸਨ। ਟੀਮ ਨੂੰ ਦੇਖ ਕੇ ਨਸ਼ਾ-ਮੁਕਤੀ ਕੇਂਦਰ ਦਾ ਸੰਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪ੍ਰਾਈਵੇਟ ਗੈਰ-ਕਾਨੂੰਨੀ ਨਸ਼ਾ-ਮੁਕਤੀ ਕੇਂਦਰ ਤੋਂ ਅਾਜ਼ਾਦ ਹੋ ਕੇ ਆਏ ਨੌਜਵਾਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਅਾਂ ਦੱਸਿਆ ਕਿ ਇਲਾਜ ਦੇ ਨਾਂ ’ਤੇ ਉਨ੍ਹਾਂ ਨੂੰ ਡੰਡਿਅਾਂ ਨਾਲ ਕੁੱਟਿਆ ਜਾਂਦਾ ਸੀ। ਇਕ ਨੌਜਵਾਨ ਨੇ ਦੱਸਿਆ ਕਿ ਹਰ ਰੋਜ਼ ਉਨ੍ਹਾਂ ਨੂੰ ਚੌਲ ਦਿੱਤੇ ਜਾਂਦੇ ਸਨ, ਜਿਸ ਨੂੰ ਉਹ ਪਾਣੀ ਪੀ ਕੇ ਖਾਂਦੇ ਸਨ। ਇਕ ਦਿਨ ਉਸ ਨੇ ਰੋਟੀ ਮੰਗੀ ਤਾਂ ਉਸ ਨੂੰ ਰਾਤ ਡੇਢ ਵਜੇ ਡੰਡੇ ਨਾਲ ਕੁੱਟਿਆ ਗਿਆ। ਉਸ ਦੇ ਕਮਰ ਅਤੇ ਪੈਰ ’ਤੇ ਗੰਭੀਰ ਸੱਟਾਂ ਆਈਆਂ। ਮੈਨੂੰ ਤਡ਼ਫਦਾ ਛੱਡ ਕੇ ਉਹ ਚਲੇ ਗਏ। ਅੱਜ ਇਕ ਮਹੀਨਾ ਹੋ ਗਿਆ, ਜ਼ਖਮ ਨਹੀਂ ਭਰਿਆ। ਉਨ੍ਹਾਂ ਨੇ ਮੈਨੂੰ ਦਵਾਈ ਤੱਕ ਨਹੀਂ ਦਿੱਤੀ।
ਇਸੇ ਤਰ੍ਹਾਂ 2 ਹੋਰ ਨਸ਼ੇਡ਼ੀਆਂ ਨੇ ਵੀ ਆਪਣੇ ਸਰੀਰ ਦੇ ਜ਼ਖਮ ਦਿਖਾਉਂਦਿਅਾਂ ਕਿਹਾ ਕਿ ਸਾਨੂੰ ਉਥੇ ਸਿਰਫ ਸਰੀਰਕ ਤੌਰ ’ਤੇ ਪ੍ਰੇਸ਼ਾਨੀ ਮਿਲਦੀ ਰਹੀ। ਨੌਜਵਾਨਾਂ ਨੇ ਦੱਸਿਆ ਕਿ ਜਦੋਂ ਮਾਪੇ ਉਨ੍ਹਾਂ ਦਾ ਹਾਲ-ਚਾਲ ਪੁੱਛਣ ਆਉਂਦੇ ਸਨ ਤਾਂ ਉਨ੍ਹਾਂ ਨੂੰ ਕਿਹਾ ਜਾਂਦਾ ਸੀ ਉਨ੍ਹਾਂ ਦਾ ਬੱਚਾ ਸੁਰੱਖਿਅਤ ਰਹੇਗਾ ਤੇ 2-3 ਮਹੀਨਿਆਂ ’ਚ ਨਸ਼ਾ ਛੱਡ ਵੀ ਦੇਵੇਗਾ। ਉਨ੍ਹਾਂ ਦੱਸਿਆ ਕਿ ਇਲਾਜ ਦੇ ਨਾਂ ’ਤੇ ਮਾਪਿਅਾਂ ਤੋਂ ਹਰ ਮਹੀਨੇ 10 ਹਜ਼ਾਰ ਰੁਪਏ ਲਏ ਜਾਂਦੇ। ਨੌਜਵਾਨਾਂ ਦਾ ਇਹ ਵੀ ਕਹਿਣਾ ਸੀ ਕਿ ਨਸ਼ਾ-ਮੁਕਤੀ ਕੇਂਦਰ ਦੇ ਸੰਚਾਲਕ ਅਤੇ ਕਰਮਚਾਰੀ ਆਪਣੇ ਕੱਪਡ਼ੇ ਇਥੋਂ ਤੱਕ ਕਿ ਅੰਡਰਗਾਰਮੈਂਟ ਵੀ ਸਾਡੇ ਤੋਂ ਹੀ ਧਵਾਉਂਦੇ ਰਹੇ, ਨਾਂਹ-ਨੁੱਕਰ ਕਰਨ ’ਤੇ ਗਾਲ੍ਹਾਂ ਕੱਢਣ ਤੋਂ ਇਲਾਵਾ ਮਾਰ-ਕੁਟਾਈ ਕਰਦੇ ਸਨ। ਸਾਡੇ ਘਰਾਂ ’ਚੋਂ ਜੋ ਸਾਮਾਨ ਆਉਂਦਾ ਸੀ ਉਹ ਕਰਮਚਾਰੀ ਖੁਦ ਹੀ ਰੱਖ ਲੈਂਦੇ। 
 ®ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਨੇ ਜਗ ਬਾਣੀ ਨਾਲ ਗੱਲਬਾਤ ਕਰਦਿਅਾਂ ਦੱਸਿਆ ਕਿ ਸਾਰੇ ਨੌਜਵਾਨਾਂ ਦਾ ਸਰਕਾਰੀ ਵਿਵੇਕਾਨੰਦ ਨਸ਼ਾ-ਮੁਕਤੀ ਕੇਂਦਰ ਵਿਚ ਮੁਫਤ ਇਲਾਜ ਹੋਵੇਗਾ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਕੇਂਦਰ ਵਿਚ ਨੌਜਵਾਨਾਂ ਨੂੰ ਦਵਾਈ ਦੇ ਨਾਂ ’ਤੇ ਸੀ. ਪੀ. ਐੱਮ.  ਗੋਲੀ ਦਿੱਤੀ ਜਾਂਦੀ ਸੀ, ਇਹ ਦਵਾਈ ਖੁਰਕ ਰੋਗ ਲਈ ਇਸਤੇਮਾਲ ਕੀਤੀ ਜਾਂਦੀ ਹੈ। ਇਸ ਦੇ ਸੇਵਨ ਉਪਰੰਤ ਨੀਂਦ ਆਉਂਦੀ ਹੈ, ਜਦੋਂ ਕੇਂਦਰ ਵਿਚ ਛਾਪੇਮਾਰੀ ਕੀਤੀ ਗਈ ਤਾਂ ਜ਼ਿਆਦਾਤਰ ਨੌਜਵਾਨ ਦਵਾਈ ਕਾਰਨ ਬੇਸੁੱਧ ਪਏ ਸਨ। ਡਾ. ਘਈ ਨੇ ਦੱਸਿਆ ਕਿ ਕੇਂਦਰ ਦੇ ਸੰਚਾਲਕਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਸ਼ਿਕਾਇਤ ਦੇ ਦਿੱਤੀ ਗਈ ਹੈ।


Related News