ਪ੍ਰੀ-ਮੈਟ੍ਰਿਕ ਵਜ਼ੀਫੇ ਲਈ ਘੱਟ ਅਪਲਾਈ ਹੋਣ ਪਿੱਛੇ ਸਿੱਖਿਆ ਵਿਭਾਗ ਦੀਆਂ ਬੇਲੋੜੀਆਂ ਸ਼ਰਤਾਂ ਜ਼ਿੰਮੇਵਾਰ

Saturday, Mar 02, 2024 - 02:43 PM (IST)

ਪ੍ਰੀ-ਮੈਟ੍ਰਿਕ ਵਜ਼ੀਫੇ ਲਈ ਘੱਟ ਅਪਲਾਈ ਹੋਣ ਪਿੱਛੇ ਸਿੱਖਿਆ ਵਿਭਾਗ ਦੀਆਂ ਬੇਲੋੜੀਆਂ ਸ਼ਰਤਾਂ ਜ਼ਿੰਮੇਵਾਰ

ਅੰਮ੍ਰਿਤਸਰ (ਦਲਜੀਤ)-ਸਕੂਲ ਸਿੱਖਿਆ ਵਿਭਾਗ ਵੱਲੋਂ ਪਹਿਲਾਂ ਦੇ ਮੁਕਾਬਲੇ ਆਮਦਨ, ਜਾਤੀ ਅਤੇ ਰਿਹਾਇਸ਼ ਸਰਟੀਫਿਕੇਟਾਂ ਦੀਆਂ ਲਗਾਈਆਂ ਨਵੀਆਂ ਸ਼ਰਤਾਂ ਕਾਰਨ ਦਰਪੇਸ਼ ਔਕੜਾਂ ਦੇ ਮੱਦੇਨਜ਼ਰ ਇਸ ਸਾਲ ਪ੍ਰੀ-ਮੈਟ੍ਰਿਕ ਐੱਸ. ਸੀ. ਵਜ਼ੀਫੇ ਲਈ ਘੱਟ ਵਿਦਿਆਰਥੀਆਂ ਵੱਲੋਂ ਅਪਲਾਈ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਤਰਨਤਾਰਨ ਵੱਲੋਂ 126 ਦੇ ਕਰੀਬ ਸਕੂਲ ਮੁਖੀਆਂ ਨੂੰ 35 ਪ੍ਰਤੀਸ਼ਤ ਤੋਂ ਘੱਟ ਅਪਲਾਈ ਹੋਣ ਦੇ ਹਵਾਲੇ ਨਾਲ ‘ਕਾਰਨ ਦੱਸੋ’ ਨੋਟਿਸ ਜਾਰੀ ਕਰਨ ਵਿਰੁੱਧ ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ. ਟੀ. ਐੱਫ.) ਨੇ ਸਖ਼ਤ ਇਤਰਾਜ ਦਰਜ ਕਰਵਾਇਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, ਆਮ ਆਦਮੀ ਪਾਰਟੀ ਦੇ ਆਗੂ ਦਾ ਗੋਲੀਆਂ ਮਾਰ ਕੇ ਕਤਲ

ਡੀ. ਟੀ. ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ, ਤਰਨਤਾਰਨ ਤੋਂ ਜ਼ਿਲ੍ਹਾ ਪ੍ਰਧਾਨ ਪ੍ਰਤਾਪ ਸਿੰਘ ਠੱਠਗੜ੍ਹ ਨੇ ਕਿਹਾ ਕਿ ਜ਼ਮੀਨੀ ਹਕੀਕਤਾਂ ਤੋਂ ਕੋਰੇ ਉੱਚ ਸਿੱਖਿਆ ਅਧਿਕਾਰੀਆਂ ਦੇ ਦਬਾਅ ਹੇਠ ਜ਼ਿਲ੍ਹਾ ਸਿੱਖਿਆ ਅਫਸਰਾਂ ਵੱਲੋਂ ਸਕੂਲ ਮੁਖੀਆਂ ਨੂੰ ਅਜਿਹੇ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿੱਥੇ ਪਹਿਲਾਂ ਪਿਤਾ ਦੇ ਜਾਤੀ ਸਰਟੀਫਿਕੇਟ ਦੇ ਆਧਾਰ ’ਤੇ ਵਜ਼ੀਫਾ ਅਪਲਾਈ ਹੋ ਜਾਂਦਾ ਸੀ, ਉੱਥੇ ਹੁਣ ਵਿਦਿਆਰਥੀ ਦਾ ਆਪਣਾ ਮੰਗਿਆ ਜਾ ਰਿਹਾ ਹੈ। ਪਹਿਲਾਂ ਆਮਦਨ ਅਤੇ ਰਿਹਾਇਸ਼ ਸਰਟੀਫਿਕੇਟ ਦੀ ਥਾਂ ਵਿਦਿਆਰਥੀ ਵੱਲੋਂ ਸਰਪੰਚ ਤੋਂ ਤਸਦੀਕਸ਼ੁਦਾ ਸਵੈ-ਘੋਸ਼ਣਾ ਹੀ ਕਾਫੀ ਹੁੰਦੀ ਸੀ। ਵਿਭਾਗ ਵੱਲੋਂ ਲਾਈਆਂ ਨਵੀਆਂ ਗੈਰ ਵਾਜਿਬ ਸ਼ਰਤਾਂ ਪੂਰੀਆਂ ਕਰਨੀਆਂ ਦਿਹਾੜੀਦਾਰਾਂ ਅਤੇ ਹੋਰਨਾਂ ਕਿਰਤੀਆਂ ਲਈ ਬੜੀ ਟੇਡੀ ਖੀਰ ਸਾਬਿਤ ਹੋ ਰਿਹਾ ਹੈ। ਕਈ-ਕਈ ਦਿਨ ਦਿਹਾੜੀ ਛੁੱਟਣ ਅਤੇ ਭਾਰੀ ਖੱਜਲ-ਖੁਆਰੀ ਦੇ ਚੱਲਦਿਆਂ ਲੋੜਵੰਦ ਹੋਣ ਦੇ ਬਾਵਜੂਦ ਵਿਦਿਆਰਥੀਆਂ ਦੇ ਮਾਪੇ ਵਜ਼ੀਫ਼ਾ ਨਾ ਲੈਣ ਨੂੰ ਹੀ ਤਰਜੀਹ ਦੇ ਰਹੇ ਹਨ।

ਇਹ ਵੀ ਪੜ੍ਹੋ : ਲੱਖਾਂ ਰੁਪਏ ਖ਼ਰਚ ਕਰ ਵਿਦੇਸ਼ ਭੇਜੀ ਨੂੰਹ ਨੇ ਕੀਤੀ ਅਜਿਹੀ ਕਰਤੂਤ, ਮੁੰਡਾ ਹੋਇਆ ਮਾਨਸਿਕ ਰੋਗੀ

ਜਥੇਬੰਦੀ ਵੱਲੋਂ ਇਨ੍ਹਾਂ ਨਵੀਆਂ ਸ਼ਰਤਾਂ ਨੂੰ ਵਾਪਸ ਲੈਣ ਅਤੇ ਵਜ਼ੀਫਾ ਰਾਸ਼ੀ ਵਧਾਉਣ ਨੂੰ ਲੈ ਕੇ ਪਿਛਲੇ ਸਮੇਂ ਵਿਚ ਜ਼ਿਲ੍ਹਾ ਪੱਧਰ ’ਤੇ ਪੰਜਾਬ ਸਰਕਾਰ ਵੱਲ ‘ਮੰਗ ਪੱਤਰ’ ਵੀ ਭੇਜੇ ਗਏ ਸਨ। ਪ੍ਰੰਤੂ ਸਾਰੇ ਵਿਦਿਆਰਥੀਆਂ ਨੂੰ ਵਜੀਫਾ ਮਿਲਣਾ ਯਕੀਨੀ ਬਨਾਉਣ ਲਈ ਪ੍ਰਕਿਰਿਆ ਨੂੰ ਅਸਾਨ ਕਰਨ ਦੀ ਥਾਂ ਸਿੱਖਿਆ ਵਿਭਾਗ ਵੱਲੋਂ ਸਕੂਲ ਮੁਖੀਆਂ ਨੂੰ ਹੀ ਨਿਸ਼ਾਨੇ ’ਤੇ ਲੈਣਾ ਨਿਖੇਧੀ ਯੋਗ ਵਰਤਾਰਾ ਹੈ, ਜਦਕਿ ਸਕੂਲਾਂ ਵਿਚ ਪਹਿਲਾਂ ਹੀ ਪ੍ਰਿੰਸੀਪਲਾਂ, ਮੁੱਖ ਅਧਿਆਪਕਾਂ, ਅਧਿਆਪਕਾਂ ਅਤੇ ਨਾਨ-ਟੀਚਿੰਗ ਕਰਮਚਾਰੀਆਂ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਹਨ ਅਤੇ ਹੁਣ ਵਜ਼ੀਫੇ ਦੀਆਂ ਸਖ਼ਤ ਸ਼ਰਤਾਂ ਅਨੁਸਾਰ ਕਾਗਜ਼ ਪੂਰੇ ਕਰਨ ਦੀ ਜ਼ਿੰਮੇਵਾਰੀ ਵੀ ਸਕੂਲ ਮੁਖੀਆਂ ’ਤੇ ਪਾਉਣਾ ਅਤੇ ਨੋਟਿਸ ਜਾਰੀ ਕਰ ਕੇ ਧਮਕੀਆਂ ਦੇਣਾ ਉੱਕਾ ਹੀ ਠੀਕ ਨਹੀਂ ਹੈ।

 ਇਹ ਵੀ ਪੜ੍ਹੋ : ਗੁਰਦਾਸਪੁਰ ਤੋਂ ਸ਼ਰਮਨਾਕ ਕਾਰਾ, 5 ਮਹੀਨੇ ਦੀ ਵਿਆਹੁਤਾ ਨੂੰ ਪਤੀ ਦੇ ਸਾਹਮਣੇ ਅਗਵਾ ਕਰ ਕੇ ਕੀਤਾ ਜਬਰ-ਜ਼ਿਨਾਹ

ਇਸ ਮੌਕੇ ਜਗਪਾਲ ਬੰਗੀ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲ, ਰਘਵੀਰ ਭਵਾਨੀਗੜ੍ਹ, ਜਸਵਿੰਦਰ ਔਜਲਾ, ਪਵਨ ਕੁਮਾਰ, ਜਰਮਨਜੀਤ ਸਿੰਘ, ਗੁਰਬਿੰਦਰ ਸਿੰਘ ਖਹਿਰਾ, ਹਰਜਾਪ ਸਿੰਘ ਬੱਲ, ਗੁਰਦੇਵ ਸਿੰਘ, ਰਾਜੇਸ਼ ਕੁਮਾਰ ਪਰਾਸ਼ਰ, ਨਿਰਮਲ ਸਿੰਘ, ਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ ਜੱਬੋਵਾਲ ਆਦਿ ਨੇ ਵਜੀਫੇ ਦੀਆਂ ਸ਼ਰਤਾਂ ਨਰਮ ਕਰਨ ਦੀ ਮੰਗ ਕਰਦਿਆਂ ਸਕੂਲ ਮੁੱਖੀਆਂ ਅਤੇ ਅਧਿਆਪਕਾਂ ਖਿਲਾਫ਼ ਅਜਿਹੀਆਂ ਕਾਰਵਾਈਆਂ ਦੇ ਵਾਪਸ ਨਾ ਹੋਣ ਦੀ ਸੂਰਤ ਵਿਚ ਸੰਘਰਸ਼ਾਂ ਦੀ ਚਿਤਾਵਨੀ ਦਿੱਤੀ ਹੈ।

ਇਹ ਵੀ ਪੜ੍ਹੋ : ਡਿਊਟੀ ਦੌਰਾਨ ਥਾਣੇ 'ਚ ਸ਼ਰਾਬ ਪੀਣ ਵਾਲੇ ਸਬ-ਇੰਸਪੈਕਟਰ 'ਤੇ ਵੱਡੀ ਕਾਰਵਾਈ, ਵੀਡੀਓ ਹੋਈ ਵਾਇਰਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News