ਸਰਹੱਦੀ ਇਲਾਕੇ ’ਚ ਮਾਤਰ 10 ਮਿੰਟ ਦੀ ਜ਼ੋਰਦਾਰ ਬਰਸਾਤ ਕਾਰਨ ਕਈ ਪਿੰਡਾਂ ’ਚ ਪਾਣੀ ਭਰਿਆ

Sunday, Aug 18, 2024 - 11:37 AM (IST)

ਸਰਹੱਦੀ ਇਲਾਕੇ ’ਚ ਮਾਤਰ 10 ਮਿੰਟ ਦੀ ਜ਼ੋਰਦਾਰ ਬਰਸਾਤ ਕਾਰਨ ਕਈ ਪਿੰਡਾਂ ’ਚ ਪਾਣੀ ਭਰਿਆ

ਗੁਰਦਾਸਪੁਰ (ਵਿਨੋਦ)- ਬੀਤੇ ਦਿਨ ਸਵੇਰੇ ਸਿਰਫ਼ 10 ਮਿੰਟ ਦੀ ਭਾਰੀ ਬਰਸਾਤ ਕਾਰਨ ਸਰਹੱਦੀ ਖੇਤਰ ਦੇ ਕਈ ਪਿੰਡਾਂ ਵਿਚ ਪਾਣੀ ਭਰ ਗਿਆ ਜਦ ਕਿ ਦੋਰਾਂਗਲਾ ਇਸ ਮੀਂਹ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਇਆ। 10 ਮਿੰਟ ਤੱਕ ਪਏ ਭਾਰੀ ਮੀਂਹ ਕਾਰਨ ਕਈ ਪਿੰਡਾਂ ਵਿਚ ਪਾਣੀ ਭਰ ਗਿਆ ਜਿਸ ਕਾਰਨ ਸਕੂਲ ਜਾਣ ਵਾਲੇ ਬੱਚੇ ਕਾਫੀ ਪ੍ਰੇਸ਼ਾਨ ਹੋ ਗਏ ਅਤੇ ਬੱਚਿਆਂ ਦਾ ਸਕੂਲ ਤੋਂ ਘਰ ਪਹੁੰਚਣਾ ਵੀ ਔਖਾ ਹੋ ਗਿਆ। ਇਸ ਭਾਰੀ ਬਰਸਾਤ ਕਾਰਨ ਦੋਰਾਂਗਲਾ ਕਸਬੇ ਦੀ ਮੁੱਖ ਸੜਕ ਸਮੇਤ ਸਰਕਾਰੀ ਹਸਪਤਾਲ, ਥਾਣਾ, ਸਕੂਲ ਅਤੇ ਸ਼ਮਸ਼ਾਨਘਾਟ ਨੂੰ ਜਾਂਦੀ ਸੜਕ ਉਪਰੋਂ ਲੰਘਦੀ ਪਾਣੀ ਲੰਘਦਾ ਨਜ਼ਰ ਆਇਆ।

ਇਹ ਵੀ ਪੜ੍ਹੋ-ਟਰੈਕਟਰ ਨਾਲ ਤੋੜ ਕੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਦੇ ਮਾਮਲੇ 'ਚ ਆਇਆ ਨਵਾਂ ਮੋੜ

ਇਸੇ ਤਰ੍ਹਾਂ ਪੂਰੇ ਬਾਜ਼ਾਰ ਵਿਚ ਪਾਣੀ ਭਰ ਗਿਆ, ਜਿਸ ਕਾਰਨ ਬੱਚਿਆਂ ਨੂੰ ਸਕੂਲਾਂ ਵਿਚ ਛੁੱਟੀ ਦੌਰਾਨ ਘਰਾਂ ਨੂੰ ਪਹੁੰਚਣ ਲਈ ਪਾਣੀ ਵਿਚੋਂ ਲੰਘਣਾ ਪਿਆ। ਮੀਂਹ ਦਾ ਗੰਦਾ ਪਾਣੀ ਪਿੰਡਾਂ ਵਿਚ ਵਗਦਾ ਦੇਖਿਆ ਗਿਆ। ਦੋਰਾਂਗਲਾ ਕਸਬੇ ਵਿਚੋਂ ਪਾਣੀ ਦੀ ਨਿਕਾਸੀ ਲਈ ਕਰੀਬ ਡੇਢ ਕਰੋੜ ਰੁਪਏ ਦੀ ਨਿਕਾਸੀ ਯੋਜਨਾ ਬਣਾਈ ਗਈ ਸੀ ਪਰ ਇਸ ਦੇ ਬਾਵਜੂਦ ਨਿਕਾਸੀ ਸਹੀ ਢੰਗ ਨਾਲ ਨਹੀਂ ਹੋ ਰਹੀ ਜਿਸ ਕਾਰਨ ਸਕੂਲ ਜਾਣ ਵਾਲੇ ਬੱਚਿਆਂ, ਸਰਕਾਰੀ ਅਧਿਆਪਕਾਂ, ਹਸਪਤਾਲ ਜਾਣ ਵਾਲੇ ਮੁਲਾਜ਼ਮਾਂ ਅਤੇ ਥਾਣੇ ਜਾਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਇਨ੍ਹਾਂ ਲੋਕਾਂ ਨੇ ਧਰਨਾ ਵੀ ਦਿੱਤਾ ਸੀ ਪਰ ਕੋਈ ਹੱਲ ਨਹੀਂ ਨਿਕਲਿਆ ਸੀ। ਹੁਣ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਜਲਦੀ ਹੀ ਪੁਖਤਾ ਪ੍ਰਬੰਧ ਨਾ ਕੀਤੇ ਗਏ ਤਾਂ ਮੁੱਖ ਮਾਰਗ ’ਤੇ ਧਰਨਾ ਦਿੱਤਾ ਜਾਵੇਗਾ। ਦੋਰਾਂਗਲਾ ਕਸਬੇ ਵਿਚ ਬਰਸਾਤ ਦਾ ਪਾਣੀ ਭਰ ਜਾਣ ਕਾਰਨ ਕੁਝ ਲੋਕਾਂ ਨੇ ਆਪਣੀ ਸਹੂਲਤ ਲਈ ਨਾਲੇ ਨੂੰ ਇਕ ਥਾਂ ਤੋਂ ਦੂਜੀ ਥਾਂ ਮੋੜ ਦਿੱਤਾ ਜਿਸ ਕਾਰਨ ਬਾਜ਼ਾਰ ’ਚ ਭਾਰੀ ਪਾਣੀ ਭਰ ਗਿਆ ਹੈ, ਜਿਸ ਤੋਂ ਬਾਅਦ ਬਾਜ਼ਾਰ ’ਚ ਆਉਣ ਵਾਲੇ ਲੋਕ ਕਾਫੀ ਪ੍ਰੇਸ਼ਾਨ ਹੋਏ।

ਇਹ ਵੀ ਪੜ੍ਹੋ-  ਗੁਰਦੁਆਰ ਸਾਹਿਬ ਅੰਦਰ ਵਿਅਕਤੀ ਨੇ ਸੇਵਾਦਾਰ ਨਾਲ ਕੀਤੀ ਬਦਸਲੂਕੀ, CCTV ਤਸਵੀਰਾਂ ਨੇ ਮਚਾਈ ਤਰਥੱਲੀ

ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਘਰਾਂ ਦੇ ਆਲੇ-ਦੁਆਲੇ ਅਤੇ ਬਾਜ਼ਾਰਾਂ ਵਿਚ ਪਾਣੀ ਇਕੱਠਾ ਰਹਿੰਦਾ ਹੈ, ਜਿਸ ਕਾਰਨ ਡੇਂਗੂ ਵਰਗੀ ਖਤਰਨਾਕ ਬੀਮਾਰੀ ਫੈਲਣ ਦਾ ਡਰ ਬਣਿਆ ਰਹਿੰਦਾ ਹੈ ਅਤੇ ਇਸ ਗੰਦੇ ਪਾਣੀ ਕਾਰਨ ਕਈ ਲੋਕ ਬੀਮਾਰ ਵੀ ਹੋ ਚੁੱਕੇ ਹਨ। ਬੱਚਿਆਂ ਸਮੇਤ ਬਜ਼ੁਰਗ ਬੀਮਾਰ ਹੋ ਰਹੇ ਹਨ ਪਰ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News