ਸਰਹੱਦੀ ਜ਼ਿਲ੍ਹੇ ’ਚ ਕੋਈ ਵੀ ਗਾਈਨਾਕਾਲੌਜਿਸਟ ਡਾਕਟਰ ਨਾ ਹੋਣ ਕਾਰਨ ਪ੍ਰਾਈਵੇਟ ਡਾਕਟਰਾਂ ਦੀ ਹੋ ਰਹੀ ਚਾਂਦੀ

Saturday, May 20, 2023 - 12:30 PM (IST)

ਸਰਹੱਦੀ ਜ਼ਿਲ੍ਹੇ ’ਚ ਕੋਈ ਵੀ ਗਾਈਨਾਕਾਲੌਜਿਸਟ ਡਾਕਟਰ ਨਾ ਹੋਣ ਕਾਰਨ ਪ੍ਰਾਈਵੇਟ ਡਾਕਟਰਾਂ ਦੀ ਹੋ ਰਹੀ ਚਾਂਦੀ

ਤਰਨਤਾਰਨ (ਰਮਨ)- ਸਥਾਨਕ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਵਿਖੇ ਬੀਤੇ ਕਰੀਬ ਚਾਰ ਮਹੀਨੇ ਤੋਂ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਗਾਈਨਾਕਾਲੌਜਿਸਟ ਦੀ ਪੋਸਟ ਖਾਲ੍ਹੀ ਹੋਣ ਕਾਰਨ ਗਰਭਵਤੀ ਮਹਿਲਾਵਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਪੋਸਟ ਦੇ ਖਾਲ੍ਹੀ ਹੋਣ ਕਾਰਨ ਜਿੱਥੇ ਗਰਭਵਤੀ ਔਰਤਾਂ ਨੂੰ ਬਿਨਾਂ ਇਲਾਜ ਕਰਵਾਏ ਵਾਪਸ ਪਰਤਣਾ ਪੈ ਰਿਹਾ ਹੈ, ਉੱਥੇ ਉਨ੍ਹਾਂ ਨੂੰ ਮਜ਼ਬੂਰਨ ਪ੍ਰਾਈਵੇਟ ਡਾਕਟਰ ਪਾਸੋਂ ਇਲਾਜ ਕਰਵਾਉਣਾ ਪਿਆ ਰਿਹਾ ਹੈ, ਜਿਸ ਦੌਰਾਨ ਪ੍ਰਾਈਵੇਟ ਡਾਕਟਰਾਂ ਦੀ ਲਗਾਤਾਰ ਚਾਂਦੀ ਹੋ ਰਹੀ ਹੈ। ਜ਼ਿਕਰਯੋਗ ਹੈ ਕੀ ਪ੍ਰਾਈਵੇਟ ਹਸਪਤਾਲ ਵਿਚ ਗਰਭਵਤੀ ਔਰਤ ਦੇ ਵੱਡੇ ਆਪ੍ਰੇਸ਼ਨ ਸਬੰਧੀ ਰੈਫ਼ਰ ਕਰਨ ਵਾਲੇ ਕਥਿਤ ਕਰਮਚਾਰੀ ਮੋਟੀਆਂ ਕਮਿਸ਼ਨਾਂ ਵਸੂਲ ਕਰ ਰਹੇ ਹਨ।

ਇਹ ਵੀ ਪੜ੍ਹੋ-  ਬਟਾਲਾ ਦੇ ਬੱਸ ਸਟੈਂਡ ਤੋਂ ਨਸ਼ੇ ਦੀ ਹਾਲਤ 'ਚ ਮਿਲੀ ਔਰਤ, ਹੋਸ਼ ਆਉਣ 'ਤੇ ਕੀਤੇ ਵੱਡੇ ਖ਼ੁਲਾਸੇ

ਜਾਣਕਾਰੀ ਅਨੁਸਾਰ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਤਰਨਤਾਰਨ ਵਿਖੇ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਜੱਚਾ-ਬੱਚਾ ਵਾਰਡ ਵਿਚ ਬੀਤੇ ਕਰੀਬ ਚਾਰ ਮਹੀਨਿਆਂ ਤੋਂ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਵੰਦਨਾ ਦਾ ਤਬਾਦਲਾ ਹੋਣ ਕਾਰਨ ਮਰੀਜ਼ਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਜੱਚਾ-ਬੱਚਾ ਵਾਰਡ ਵਿਚ ਜਿੱਥੇ ਰੋਜ਼ਾਨਾ 100 ਦੇ ਕਰੀਬ ਗਰਭਵਤੀ ਔਰਤਾਂ ਇਲਾਜ ਲਈ ਪਹੁੰਚ ਕਰਦੀਆਂ ਸਨ ਉੱਥੇ ਪ੍ਰਤੀ ਮਹੀਨਾ 70 ਤੋਂ 80 ਵੱਡੇ ਆਪ੍ਰੇਸ਼ਨ ਅਤੇ ਨਾਰਮਲ ਡਲੀਵਰੀਆਂ ਕੀਤੀਆਂ ਜਾਂਦੀਆਂ ਸਨ। ਹੈਰਾਨੀ ਦੀ ਗੱਲ ਹੈ ਕਿ ਜ਼ਿਲ੍ਹੇ ਭਰ ਵਿਚ ਮੌਜੂਦ ਕਮਿਊਨਿਟੀ ਹੈਲਥ ਸੈਂਟਰ ਅਤੇ ਜ਼ਿਲ੍ਹਾ ਪੱਧਰੀ ਹਸਪਤਾਲਾਂ ਵਿਚ ਇਸ ਸਮੇਂ ਇਕ ਵੀ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਮੌਜੂਦ ਨਾ ਹੋਣ ਕਾਰਨ ਆਮ ਅਤੇ ਗਰਭਵਤੀ ਔਰਤਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ- ਦੀਨਾਨਗਰ 'ਚ ਔਰਤ ਦਾ ਬੇਰਹਿਮੀ ਨਾਲ ਕਤਲ, ਪਿੰਡ 'ਚ ਬਣਿਆ ਦਹਿਸ਼ਤ ਦਾ ਮਾਹੌਲ

ਜ਼ਿਲ੍ਹੇ ਵਿਚ ਮੌਜੂਦ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਦੀ ਦਿਨ-ਰਾਤ ਚਾਂਦੀ ਇਸ ਲਈ ਹੋ ਰਹੀ ਹੈ ਕਿਉਂਕਿ ਸਰਕਾਰੀ ਇਲਾਜ ਕਰਵਾਉਣ ਵਾਲੀਆਂ ਗਰਭਵਤੀ ਔਰਤਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਲਈ ਭੇਜਣ ਬਦਲੇ ਮੋਟੀਆਂ ਕਮਿਸ਼ਨਾਂ ਵਸੂਲ ਕੀਤੀਆਂ ਜਾ ਰਹੀਆਂ ਹਨ। ਜਿਸ ਸਬੰਧੀ ਪ੍ਰਾਈਵੇਟ ਹਸਪਤਾਲਾਂ ਵਿਚ ਲਗਾਤਾਰ ਮਰੀਜ਼ਾਂ ਦੀ ਆਮਦ ਵਧਣ ਕਰਕੇ ਉਨ੍ਹਾਂ ਦੀ ਚਾਂਦੀ ਹੋ ਰਹੀ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਗਰਭਵਤੀ ਔਰਤ ਦੇ ਵੱਡੇ ਆਪ੍ਰੇਸ਼ਨ ਬਦਲੇ ਮਰੀਜ਼ ਪਾਸੋਂ 30 ਤੋਂ 50 ਹਜ਼ਾਰ ਵਸੂਲ ਕੀਤੇ ਜਾ ਰਹੇ ਹਨ, ਜਿਸ ਵਿਚੋਂ ਮਰੀਜ਼ ਭੇਜਣ ਵਾਲੀ ਕਥਿਤ ਆਸ਼ਾ ਵਰਕਰ ਜਾਂ ਫਿਰ ਹੋਰ ਕਰਮਚਾਰੀ ਨੂੰ ਪੰਜ ਤੋਂ ਸੱਤ ਹਜ਼ਾਰ ਰੁਪਏ ਪ੍ਰਤੀ ਮਰੀਜ਼ ਕਮਿਸ਼ਨ ਜਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਕੈਨੇਡਾ ’ਚ ਸਿਹਤ ਸਹੂਲਤਾਂ ਲੜਖੜਾਈਆਂ, ਮਰੀਜ਼ ਅਮਰੀਕਾ ਤੇ ਦੂਸਰੇ ਦੇਸ਼ਾਂ ਨੂੰ ਜਾਣ ਲਈ ਮਜ਼ਬੂਰ, ਡਾਕਟਰਾਂ ਦੇ ਹੱਥ ਖੜ੍ਹੇ

ਇਸ ਬਾਬਤ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਨੇ ਮੰਨਿਆ ਕਿ ਜ਼ਿਲ੍ਹੇ ਅੰਦਰ ਮਹਿਲਾ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਜਿਸ ਸਬੰਧੀ ਉਨ੍ਹਾਂ ਵਲੋਂ ਡਾਕਟਰਾਂ ਦੀ ਤਾਇਨਾਤੀ ਸਬੰਧੀ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਜਾ ਚੁੱਕੀ ਹੈ। ਜ਼ਿਲ੍ਹੇ ਵਿਚ ਮੌਜੂਦ ਸਰਜਨ ਅਤੇ ਹੋਰ ਮਹਿਲਾ ਡਾਕਟਰ ਵਲੋਂ ਮਰੀਜ਼ਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ। ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਕੋਈ ਕਰਮਚਾਰੀ ਪ੍ਰਾਈਵੇਟ ਹਸਪਤਾਲ ਵਿਚ ਮਰੀਜ਼ ਨੂੰ ਭੇਜਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਰਵਾਈ ਜ਼ਰੂਰ ਅਮਲ ਵਿਚ ਲਿਆਂਦੀ ਜਾਵੇਗੀ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News