ਬੱਜਰੀ ਨਾਲ ਭਰਿਆ ਚਾਲੂ ਟਿੱਪਰ ਛੱਡ ਕੇ ਰੀਚਾਰਜ ਕਰਵਾਉਣ ਲੱਗ ਪਿਆ ਡਰਾਈਵਰ, ਫਿਰ ਵੇਖੋ ਕੀ ਬਣਿਆ

Sunday, Oct 12, 2025 - 07:56 PM (IST)

ਬੱਜਰੀ ਨਾਲ ਭਰਿਆ ਚਾਲੂ ਟਿੱਪਰ ਛੱਡ ਕੇ ਰੀਚਾਰਜ ਕਰਵਾਉਣ ਲੱਗ ਪਿਆ ਡਰਾਈਵਰ, ਫਿਰ ਵੇਖੋ ਕੀ ਬਣਿਆ

ਦੀਨਾਨਗਰ, (ਹਰਜਿੰਦਰ ਸਿੰਘ ਗੋਰਾਇਆ)- ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪਿੰਡ ਚਾਵਾ ਨੇੜੇ ਗੁਰਦਾਸਪੁਰ ਮੁਕੇਰੀਆਂ ਰੋਡ 'ਤੇ ਸੜਕਾਂ ਬਣਾਉਣ ਵਾਲੀ ਇੱਕ ਕੰਪਨੀ (ਜੇ. ਕੇ. ਬੀ.) ਜਿਸ ਵਿੱਚ ਪ੍ਰੀ ਮਿਕਸ ਭਰਿਆ ਸੀ ਨੇ ਪਹਿਲਾਂ ਇੱਕ ਜੂਸ ਵਾਲੀ ਰੇਹੜੀ ਪਲਟਾਈ ਅਤੇ ਫਿਰ ਇੱਕ ਗਰੀਬ ਪ੍ਰਵਾਸੀ ਪਰਿਵਾਰ ‌ਦਾ ਮੂੰਗਫਲੀ ਵਾਲਾ ਖੋਖਾ ਦਰੜ ਦਿੱਤਾ। 

ਜਾਣਕਾਰੀ ਅਨੁਸਾਰ ਡਰਾਈਵਰ ਚਾਲੂ ਟਿੱਪਰ ਖੜ੍ਹਾ ਕਰਕੇ ਨੇੜੇ ਦੀ ਦੁਕਾਨ 'ਤੇ ਮੋਬਾਇਲ ਰੀਚਾਰਜ ਕਰਵਾਉਣ ਚਲਾ ਗਿਆ ਅਤੇ ਉਸਨੇ ਹੈਂਡ ਬ੍ਰੇਕ ਵੀ ਨਹੀਂ ਸੀ ਲਗਾਈ। ਉਤਰਾਈ ਹੋਣ ਕਾਰਨ ਟਿੱਪਰ ਰਿੜ ਗਿਆ ਤੇ ਪਹਿਲਾਂ ਮਿਲਕ ਸ਼ੇਕ, ਆਈਸਕ੍ਰੀਮ ਵਾਲੀ ਰੇਹੜੀ ਅਤੇ ਫੇਰ ਮੂੰਗਫਲੀ ਦੇ ਖੋਖੇ ਨੂੰ ਲਪੇਟ ਵਿੱਚ ਲੈ ਲਿਆ। ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਖੋਖੇ ਦਾ ਮਾਲਕ ਰਾਮਪਾਲ ਉਸ ਸਮੇਂ ਉੱਥੇ ਨਹੀਂ ਸੀ, ਜਦਕਿ ਖੋਖੇ ਵਿੱਚ ਬੈਠੀ ‌ਉਸ ਦੀ ਪਤਨੀ ਅਤੇ ਉਸ ਦੀ ਛੋਟੀ ਜਿਹੀ ਬੇਟੀ ਨੇ ਦੌੜ ਕੇ ਜਾਨ ਬਚਾਈ। 

ਉਥੇ ਹੀ ਖੋਖਾ ਮਾਲਕ ਰਾਮਪਾਲ ਅਤੇ ਉਸ ਦੀ ਪਤਨੀ ਭੂਰੀ ਦਾ ਕਹਿਣਾ ਹੈ ਕਿ ਉਹਨਾਂ ਦਾ 25-30 ਹਜ਼ਾਰ ਦਾ ਨੁਕਸਾਨ ਹੋਇਆ ਹੈ ਜਦਕਿ ਮਿਲਕ ਸ਼ੇਕ ਅਤੇ ਆਈਸਕ੍ਰੀਮ ਦੀ ਰੇਹੜੀ ਲਗਾਉਣ ਵਾਲੇ ਪ੍ਰਵਾਸੀ ਦਾ ਕਹਿਣਾ ਹੈ ਕਿ ਉਸਦਾ ਡੇਢ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਦੂਜੇ ਪਾਸੇ ਸਾਬਕਾ ਸਰਪੰਚ ਦਲਬੀਰ ਕੰਡਾ ਨੇ ਦੱਸਿਆ ਕਿ ਇਸ ਰੋਡ ਤੇ ਸੜਕ ਦੇ ਕਿਨਾਰੇ ਖੜੀਆਂ ਰੇਹੜੀਆਂ ਕਾਰਨ ਪਹਿਲਾਂ ਵੀ ਕਈ ਦੁਰਘਟਨਾਵਾਂ ਹੋ ਚੁੱਕੀਆਂ ਹਨ। ਸਾਲ ਕੁ ਪਹਿਲਾਂ ਇਸੇ ਤਰ੍ਹਾਂ ਬੇਕਾਬੂ ਹੋਇਆ ਟਰੱਕ ਸੜਕ ਦੀਆਂ ਰੇੜੀਆਂ ਵਿੱਚ ਵੱਜਿਆ ਸੀ ਤੇ ਫਿਰ ਇੱਕ ਦੁਕਾਨ ਵਿੱਚ ਜਾ ਟਕਰਾਇਆ ਸੀ ਜਿਸ ਨਾਲ ਦੁਕਾਨ ਦਾ ਕਾਫੀ ਨੁਕਸਾਨ ਹੋਇਆ ਸੀ ਅਤੇ ਦੁਕਾਨ ਟੁੱਟ ਵੀ ਗਈ ਸੀ। ਇਸ ਦੁਰਘਟਨਾ ਵਿੱਚ ਦੋ ਮੌਤਾਂ ਵੀ ਹੋਈਆਂ ਸੀ, ਜਿਨਾਂ ਵਿੱਚ ਇੱਕ ਪ੍ਰਵਾਸੀ ਰੇਹੜੀ ਵਾਲਾ ਵੀ ਸ਼ਾਮਿਲ ਸੀ। ਇਸ ਤੋਂ ਬਾਅਦ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਦੇ ਕੇ ਮੰਗ ਕੀਤੀ ਸੀ ਕਿ ਸੜਕ ਕਿਨਾਰੇ ਰੇੜੀਆਂ ਲਈ ਵਖਰੀ ਜਗ੍ਹਾ ਜਾਂ ਫਿਰ  ਨਿਯਮ ਨਿਰਧਾਰਿਤ ਕੀਤੇ ਜਾਣ  ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਲਗਾਤਾਰ ਰੋਡ ਤੇ ਦੁਰਘਟਨਾਵਾਂ ਵਾਪਰ ਰਹੀਆਂ ਹਨ।


author

Rakesh

Content Editor

Related News