22 ਸਾਲਾ ਸੁਖਬੀਰ ਦੀ ਮ੍ਰਿਤਕ ਦੇਹ ਡਾ. ਓਬਰਾਏ ਦੇ ਯਤਨਾਂ ਸਦਕਾ ਦੁਬਈ ਤੋਂ ਪਿੰਡ ਪਹੁੰਚੀ

Friday, Apr 01, 2022 - 04:33 PM (IST)

ਬਟਾਲਾ (ਮਠਾਰੂ) : ਆਪਣੇ ਪਰਿਵਾਰਾਂ ਨੂੰ ਆਰਥਿਕ ਮੰਦਹਾਲੀ 'ਚੋਂ ਕੱਢਣ ਅਤੇ ਸੁਨਹਿਰੀ ਭਵਿੱਖ ਦੀ ਤਲਾਸ਼ 'ਚ ਅਰਬ ਦੇਸ਼ਾਂ ਵਿਚ ਮਿਹਨਤ ਕਰਨ ਗਏ ਲੋਕਾਂ ਦੀ ਮੁਸ਼ਕਿਲ ਦੀ ਹਰ ਘੜੀ 'ਚ ਰਹਿਬਰ ਬਣ ਕੇ ਸੇਵਾ ਕਰਨ ਵਾਲੇ ਦੁਬਈ ਦੇ ਉੱਘੇ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐੱਸ. ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਪਿੰਡ ਉਗਰੇਵਾਲ ਨੇੜੇ ਬਟਾਲਾ ਦੇ 22 ਸਾਲਾ ਨੌਜਵਾਨ ਸੁਖਬੀਰ ਸਿੰਘ ਪੁੱਤਰ ਬਿਕਰਮਜੀਤ ਸਿੰਘ ਦੀ ਮ੍ਰਿਤਕ ਦੇਹ ਦੁਬਈ ਤੋਂ ਜੱਦੀ ਪਿੰਡ ਉਗਰੇਵਾਲ ਪਹੁੰਚੀ।

ਇਹ ਵੀ ਪੜ੍ਹੋ : ਗੁਰਾਇਆ : ਬੈਂਕ ਦੇ ਅੰਦਰ ਹੀ ਸ਼ਾਤਿਰ ਠੱਗ ਟੇਲਰ ਮਾਸਟਰ ਨਾਲ ਮਾਰ ਗਏ 40 ਹਜ਼ਾਰ ਦੀ ਠੱਗੀ

ਇਸ ਸਬੰਧੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਨੇ ਦੱਸਿਆ ਕਿ ਸੁਖਬੀਰ ਸਿੰਘ ਦੇ ਜਨਮ ਤੋਂ 6 ਮਹੀਨੇ ਬਾਅਦ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਸ ਦਾ ਤੇ ਵਿਧਵਾ ਮਾਂ ਦਾ ਪਾਲਣ-ਪੋਸ਼ਣ ਨਾਨਕਾ ਪਰਿਵਾਰ ਵੱਲੋਂ ਕੀਤਾ ਗਿਆ। 4 ਸਾਲ ਪਹਿਲਾਂ ਸੁਨਹਿਰੀ ਭਵਿੱਖ ਦੀ ਤਲਾਸ਼ 'ਚ ਸੁਖਬੀਰ ਦੁਬਈ ਵਿਖੇ ਰਿਸ਼ਤੇ ਵਿਚ ਲੱਗਦੀ ਆਪਣੀ ਮਾਸੀ ਕੋਲ ਗਿਆ ਸੀ, ਜਿਥੇ ਉਹ ਟਰੱਕ ਡਰਾਈਵਰ ਨਾਲ ਬਤੌਰ ਹੈਲਪਰ ਦਾ ਕੰਮ ਕਰਦਾ ਸੀ। ਉਨ੍ਹਾਂ ਦੱਸਿਆਂ ਕਿ 6 ਮਾਰਚ ਨੂੰ ਸੁਖਬੀਰ ਦੀ ਮੌਤ ਹੋ ਜਾਣ ਤੋਂ ਬਾਅਦ 9 ਮਾਰਚ ਨੂੰ ਦੁਬਈ ਪੁਲਸ ਨੂੰ ਸਮੁੰਦਰ ਕੰਢਿਓਂ ਸੁਖਬੀਰ ਦੀ ਮ੍ਰਿਤਕ ਦੇਹ ਮਿਲੀ ਸੀ।

ਇਹ ਵੀ ਪੜ੍ਹੋ : ਅੰਤਰਰਾਜੀ ਵਾਹਨ ਚੋਰ ਗਿਰੋਹ ਦਾ ਪਰਦਾਫਾਸ਼, ਚੋਰੀ ਦੇ 5 ਮੋਟਰਸਾਈਕਲ ਬਰਾਮਦ

ਉਨ੍ਹਾਂ ਦੱਸਿਆ ਕਿ 25 ਮਾਰਚ ਨੂੰ ਪਰਿਵਾਰ ਨੂੰ ਦੁਬਈ ਤੋਂ ਫੋਨ ਆਇਆ ਕਿ ਡੁਹਾਡੇ ਲੜਕੇ ਸੁਖਬੀਰ ਦੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਸੁਖਬੀਰ ਦੀ ਮ੍ਰਿਤਕ ਦੇਹ ਨੂੰ ਦੁਬਈ ਤੋਂ ਪਿੰਡ ਲਿਆਉਣ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਗੁਰਦਾਸਪੁਰ ਦੀ ਟੀਮ ਨਾਲ ਸੰਪਰਕ ਕੀਤਾ, ਜਿਨ੍ਹਾਂ ਤੁਰੰਤ ਟਰਸੱਟ ਦੇ ਮੁਖੀ ਡਾ. ਐੱਸ. ਪੀ. ਸਿੰਘ ਓਬਰਾਏ ਨਾਲ ਸੰਪਰਕ ਕਰਨ ਤੋਂ ਬਾਅਦ ਕਾਗਜ਼ੀ ਕਾਰਵਾਈ ਸ਼ੁਰੂ ਕਰਦਿਆਂ ਡਾ. ਓਬਰਾਏ ਦੇ ਯਤਨਾਂ ਸਦਕਾ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਦੀ ਦੇਖ-ਰੇਖ 'ਚ ਤੁਰੰਤ ਸਾਰੀ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ 5 ਦਿਨਾਂ ਦੇ ਅੰਦਰ ਸੁਖਬੀਰ ਦੀ ਮ੍ਰਿਤਕ ਦੇਹ ਨੂੰ ਪਿੰਡ ਪਹੁੰਚਾਇਆ।

ਇਹ ਵੀ ਪੜ੍ਹੋ : ਫਿਰ ਬਰਾਮਦ ਹੋਈ ਕਮਾਲਪੁਰ ਦੇ ਜੰਗਲਾਂ 'ਚੋਂ ਨਾਜਾਇਜ਼ ਸ਼ਰਾਬ

ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਨੇ ਦੱਸਿਆ ਕਿ ਡਾ. ਐੱਸ. ਪੀ. ਸਿੰਘ ਓਬਰਾਏ ਵੱਲੋਂ ਪਰਉਪਕਾਰੀ ਕਾਰਜ ਕਰਦਿਆਂ ਨੌਜਵਾਨ ਸੁਖਬੀਰ ਦੀ ਇਕੱਲੀ ਰਹਿ ਗਈ ਮਾਂ ਬਲਜਿੰਦਰ ਕੌਰ ਨੂੰ ਸਰਬੱਤ ਦਾ ਭਲਾ ਟਰੱਸਟ ਵੱਲੋਂ 2 ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ ਲਗਾਉਣ ਦਾ ਐਲਾਨ ਕੀਤਾ ਗਿਆ ਹੈ, ਜਿਸ ਦਾ ਪਹਿਲਾ ਚੈੱਕ ਅੱਜ ਅੰਤਿਮ ਸੰਸਕਾਰ ਮੌਕੇ ਜ਼ਿਲ੍ਹਾ ਗੁਰਦਾਸਪੁਰ ਟਰੱਸਟ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ, ਮੈਂਬਰ ਜਗਜੀਤ ਸਿੰਘ ਰਾਜਨ, ਹਰਮਿੰਦਰ ਸਿੰਘ ਬੱਬੂ ਤੇ ਰਜਿੰਦਰ ਸਿੰਘ ਹੈਪੀ ਵੱਲੋਂ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਜ਼ਮੀਨ ਗਹਿਣੇ ਧਰ ਇੰਗਲੈਂਡ ਭੇਜੀ ਪਤਨੀ ਨੇ ਗੱਲਬਾਤ ਕੀਤੀ ਬੰਦ, ਲੜਕੇ ਨਾਲ ਵਾਪਰਿਆ ਇਹ ਭਾਣਾ

ਇਸ ਮੌਕੇ ਮ੍ਰਿਤਕ ਦੇ ਮਾਮਾ ਸੁਖਜਿੰਦਰ ਸਿੰਘ, ਪਰਮਿੰਦਰ ਸਿੰਘ, ਨਾਨਾ ਗੁਰਨਾਮ ਸਿੰਘ ਤੇ ਮਾਂ ਬਲਜਿੰਦਰ ਕੌਰ ਨੇ ਡਾ. ਐੱਸ. ਪੀ. ਸਿੰਘ ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸ਼ਲਾਘਾਯੋਗ ਉਪਰਾਲੇ ਕਾਰਨ ਅੱਜ ਉਨ੍ਹਾਂ ਦੇ ਪਰਿਵਾਰਾਂ ਨੂੰ ਆਪਣੇ ਨੌਜਵਾਨ ਪੁੱਤਰ ਦੇ ਅੰਤਿਮ ਦਰਸ਼ਨ ਨਸੀਬ ਹੋਏ ਹਨ।


Harnek Seechewal

Content Editor

Related News