ਡਾ.ਓਬਰਾਏ ਹੋਏ ਭਾਈ ਮਰਦਾਨਾ ਜੀ ਦੇ ਪਰਿਵਾਰ ਦੇ ਦੁੱਖ 'ਚ ਸ਼ਰੀਕ

Tuesday, Nov 26, 2019 - 04:12 PM (IST)

ਡਾ.ਓਬਰਾਏ ਹੋਏ ਭਾਈ ਮਰਦਾਨਾ ਜੀ ਦੇ ਪਰਿਵਾਰ ਦੇ ਦੁੱਖ 'ਚ ਸ਼ਰੀਕ

ਡੇਰਾ ਬਾਬਾ ਨਾਨਕ (ਵਤਨ,ਸੋਢੀ)—ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਤੇ ਦੁਬਈ ਦੇ ਨਾਂਮਵਰ ਕਾਰੋਬਾਰੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਭਾਈ ਮਰਦਾਨਾ ਜੀ ਦੇ ਪਰਿਵਾਰ ਦੀ 18ਵੀਂ ਪੀੜ੍ਹੀ 'ਚੋਂ ਭਾਈ ਮੁਹੰਮਦ ਹੁਸੈਨ ਲਾਲ ਜੀ ਦੇ ਜਵਾਈ ਮੁਹੰਮਦ ਹੁਸੈਨ ਵਿੱਕੀ ਦੇ ਇੱਕ ਹਾਦਸੇ ਦੌਰਾਨ ਭਰ ਜਵਾਨੀ 'ਚ ਅਕਾਲ ਚਲਾਣਾ ਕਰ ਜਾਣ ਤੇ ਲਾਹੌਰ ਦੇ ਗਾਜ਼ੀਆਬਾਦ 'ਚ ਜਾ ਕੇ ਪਰਿਵਾਰ ਦੇ ਦੁੱਖ 'ਚ ਸ਼ਰੀਕ ਹੁੰਦਿਆਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਮੁਹੰਮਦ ਹੁਸੈਨ ਵਿੱਕੀ ਦੇ ਛੋਟੀ  ਉਮਰੇ ਅਚਾਨਕ ਅਕਾਲ ਚਲਾਣੇ ਕਰ ਜਾਣ ਤੇ ਸਮੁੱਚਾ ਪਰਿਵਾਰ ਡੂੰਘੇ ਸਦਮੇ 'ਚ ਹੈ । ਉਨ੍ਹਾਂ ਦੱਸਿਆ ਕਿ ਅਜੇ ਕਰੀਬ ਦੋ ਸਾਲ ਪਹਿਲਾਂ ਹੀ ਪਰਿਵਾਰ ਨੇ ਆਪਣੀ ਬੇਟੀ ਦਾ ਵਿਆਹ ਕੀਤਾ ਸੀ ਅਤੇ ਉਸ ਦਾ ਕੇਵਲ 10 ਮਹੀਨੇ ਦਾ ਇੱਕ ਬੱਚਾ ਹੈ। ਡਾ. ਓਬਰਾਏ ਨੇ ਇਹ ਵੀ ਦੱਸਿਆ ਕਿ ਭਾਈ ਮਰਦਾਨਾ ਜੀ ਦੇ ਪਰਿਵਾਰ ਨੇ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦੇ ਬਾਵਜੂਦ ਵੀ ਜਿੱਥੇ ਅੱਜ ਤੱਕ ਆਪਣੇ ਬਜ਼ੁਰਗਾਂ ਦੀ ਕੀਰਤਨ ਕਰਨ ਦੀ ਵਿਰਾਸਤ ਨੂੰ ਨਹੀਂ ਛੱਡਿਆ ਉਥੇ ਹੀ ਉਨ੍ਹਾਂ ਦੇ ਪਰਿਵਾਰ ਦੇ ਕੁੱਲ 22 ਮੈਂਬਰ ਆਪਣੇ ਪੁਰਾਣੇ ਜੱਦੀ ਘਰ 'ਚ ਹੀ ਰਹਿ ਰਹੇ ਹਨ। ਉਨ੍ਹਾਂ

ਕਿਹਾ ਕਿ ਪਰਿਵਾਰ ਦੀਆਂ 2 ਲੜਕੀਆਂ ਜਿਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਮੁਕੰਮਲ ਕਰ ਲਈ ਹੈ, ਉਨ੍ਹਾਂ ਦੀ ਮੁਫਤ ਉਚੇਰੀ ਸਿੱਖਿਆ ਸਬੰਧੀ ਉਹ ਜਲਦ ਹੀ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਵੀ.ਸੀ. ਨਾਲ ਗੱਲ ਕਰਨਗੇ ।ਜ਼ਿਕਰਯੋਗ ਹੈ ਕਿ ਡਾ.ਐਸ.ਪੀ. ਸਿੰਘ ਓਬਰਾਏ ਵੱਲੋਂ ਕੁਝ ਸਮਾਂ ਪਹਿਲਾਂ ਹੀ  ਪਰਿਵਾਰ ਦੀਆਂ ਮੁਸ਼ਕਿਲਾਂ ਨੂੰ ਵੇਖਦਿਆਂ ਹੋਇਆਂ ਭਾਈ ਮਰਦਾਨਾ ਜੀ ਦੀ 19ਵੀਂ ਪੀੜ੍ਹੀ ਦੇ 20 ਸਾਲਾ ਨੌਜਵਾਨ ਅਮੀਰ ਹਮਜ਼ਾ ਪੁੱਤਰ ਸਵ. ਕਰਨ ਹੁਸੈਨ ਲਾਲ ਨੂੰ ਆਪਣੀ ਕੰਪਨੀ 'ਚ ਨੌਕਰੀ ਦਿੱਤੀ ਹੈ ਤਾਂ ਜੋ ਉਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਸਹੀ ਢੰਗ ਨਾਲ ਚੱਲਦਾ ਰਹੇ।
 


author

Shyna

Content Editor

Related News