ਅੰਮ੍ਰਿਤਸਰ ਜ਼ਿਲ੍ਹਾ ਆਬਕਾਰੀ ਵਿਭਾਗ ਨੇ ਸ਼ਰਾਬ ਮਾਫੀਆ ’ਤੇ ਕੀਤੀ ਸਖ਼ਤ ਕਾਰਵਾਈ, 2 ਗ੍ਰਿਫ਼ਤਾਰ
Saturday, Sep 09, 2023 - 11:00 AM (IST)

ਅੰਮ੍ਰਿਤਸਰ/ਅਜਨਾਲਾ (ਇੰਦਰਜੀਤ/ਗੁਰਜੰਟ)- ਜ਼ਿਲ੍ਹਾ ਆਬਕਾਰੀ ਵਿਭਾਗ ਨੇ ਸ਼ਰਾਬ ਮਾਫ਼ੀਆ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਨਾਲ ਇਕ ਮਿੰਨੀ ਸ਼ਰਾਬ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਅਤੇ ਐਕਸਾਈਜ਼ ਵਿਭਾਗ ਦੀ ਸਾਂਝੀ ਕਾਰਵਾਈ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਆਪ੍ਰੇਸ਼ਨ ਸਹਾਇਕ ਕਮਿਸ਼ਨਰ ਅੰਮ੍ਰਿਤਸਰ ਸੁਖਵਿੰਦਰ ਸਿੰਘ ਦੀਆਂ ਹਦਾਇਤਾਂ ’ਤੇ ਕੀਤਾ ਗਿਆ।
ਜਾਣਕਾਰੀ ਅਨੁਸਾਰ ਸਹਾਇਕ ਕਮਿਸ਼ਨਰ ਅੰਮ੍ਰਿਤਸਰ ਸੁਖਵਿੰਦਰ ਸਿੰਘ ਅਤੇ ਜ਼ਿਲ੍ਹਾ ਆਬਕਾਰੀ ਅਫ਼ਸਰ-2 ਅਮਨਵੀਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਅਜਨਾਲਾ ਇਲਾਕੇ ਵਿਚ ਲੋਕ ਨਾਜਾਇਜ਼ ਸ਼ਰਾਬ ਦਾ ਧੰਦਾ ਕਰ ਰਹੇ ਹਨ। ਗੁਪਤ ਸੂਚਨਾ ਨੇ ਇਹ ਵੀ ਦੱਸਿਆ ਸੀ ਕਿ ਜੇਕਰ ਉਨ੍ਹਾਂ ਖ਼ਿਲਾਫ਼ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਇਸ ਨਾਜਾਇਜ਼ ਫੈਕਟਰੀ ਤੋਂ ਬਣਿਆ ਮਾਲ ਸ਼ਹਿਰੀ ਇਲਾਕਿਆਂ ’ਚ ਆ ਸਕਦਾ ਹੈ। ਸੂਚਨਾ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਸਹਾਇਕ ਕਮਿਸ਼ਨਰ ਅਤੇ ਜ਼ਿਲ੍ਹਾ ਆਬਕਾਰੀ ਅਫ਼ਸਰ ਨੇ ਇਸ ਮਾਮਲੇ ਦੀ ਕਾਰਵਾਈ ਲਈ ਬਹੁਤ ਹੀ ਤੇਜ਼ ਤਰਾਰ ਮਹਿਲਾ ਅਧਿਕਾਰੀ ਰਾਜਵਿੰਦਰ ਕੌਰ ਨੂੰ ਇਸ ਵੱਡੀ ਕਾਰਵਾਈ ਲਈ ਤਾਇਨਾਤ ਕੀਤਾ। ਉਨ੍ਹਾਂ ਦੇ ਨਾਲ ਥਾਣਾ ਅਜਨਾਲਾ ਦੇ ਇੰਸਪੈਕਟਰ ਸੁਖਜਿੰਦਰ ਸਿੰਘ ਅਤੇ ਪੁਲਸ ਮੁਲਾਜ਼ਮਾਂ ਨੇ ਵੀ ਸ਼ਮੂਲੀਅਤ ਕੀਤੀ। ਪਹਿਲੇ ਪੜਾਅ ਦੀ ਕਾਰਵਾਈ ਦੌਰਾਨ ਮੈਡਮ ਰਾਜਵਿੰਦਰ ਕੌਰ ਨੇ ਸੁੱਚਾ ਸਿੰਘ ਪੁੱਤਰ ਨੰਦ ਸਿੰਘ ਵਾਸੀ ਡਾਲਾ ਨੂੰ ਕਾਬੂ ਕਰ ਕੇ ਉਸ ਦੇ ਕਬਜ਼ੇ ਵਿਚੋਂ 12 ਡਰੰਮ ਨਾਜਾਇਜ਼ ਸ਼ਰਾਬ ਬਰਾਮਦ ਕੀਤੇ, ਜਿਸ ਵਿਚ 2200 ਦੇ ਕਰੀਬ ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਹੋਈ।
ਇਹ ਵੀ ਪੜ੍ਹੋ- ਰਾਤ ਨੂੰ ਘਰ ’ਚ ਇਕੱਲੀ ਨੂੰਹ ਵੇਖ ਸਹੁਰੇ ਦੀ ਬਦਲੀ ਨੀਅਤ, ਹਵਸ ਦਾ ਸ਼ਿਕਾਰ ਬਣਾ ਦਿੱਤੀ ਇਹ ਧਮਕੀ
ਇਸੇ ਤਰ੍ਹਾਂ ਇਕ ਹੋਰ ਕਾਰਵਾਈ ਕਰਦੇ ਹੋਏ ਵਿਸਾਖਾ ਸਿੰਘ ਪੁੱਤਰ ਵਾਸੀ ਧੌਲਾ ਨੂੰ ਕਾਬੂ ਕਰ ਕੇ ਉਸ ਦੇ ਕਬਜ਼ੇ ਵਿਚੋਂ ਇਕ ਚਾਲੂ ਸ਼ਰਾਬ ਦੀ ਭੱਠੀ ਅਤੇ ਉਸ ’ਤੇ ਚੜਾਇਆ ਹੋਇਆ ਇਕ ਡਰੰਮ ਬਰਾਮਦ ਕੀਤਾ ਗਿਆ, ਜਿਸ ਵਿਚ ਕਰੀਬ 180 ਲੀਟਰ ਸ਼ਰਾਬ ਤਿਆਰ ਕੀਤੀ ਜਾ ਰਹੀ ਸੀ। ਇਸ ਦੇ ਨਾਲ ਹੀ ਇਕ ਅਣਐਲਾਨੇ ਤੌਰ ’ਤੇ ਚਲਾਈ ਜਾ ਰਹੀ ਮਿੰਨੀ ਫੈਕਟਰੀ ਵਿਚ ਵਰਤੋਂ ਕੀਤੇ ਜਾਣ ਵਾਲੇ ਐਲੂਮੀਨੀਅਮ ਦੇ ਵੱਡੇ-ਵੱਡੇ ਬਰਤਨ ਵੀ ਬਰਾਮਦ ਹੋਏ। ਸਹਾਇਕ ਕਮਿਸ਼ਨਰ ਆਬਕਾਰੀ ਅਤੇ ਜ਼ਿਲਾ ਆਬਕਾਰੀ ਅਫ਼ਸਰ ਅਮਨਵੀਰ ਨੇ ਦੱਸਿਆ ਕਿ ਦੋ 2500 ਲੀਟਰ ਨਾਜਾਇਜ਼ ਸ਼ਰਾਬ ਦੇ ਨਾਲ-ਨਾਲ ਸ਼ਰਾਬ ਬਣਾਉਣ ਦਾ ਸਾਮਾਨ ਵੀ ਵੱਡੀ ਮਾਤਰਾ ਵਿਚ ਬਰਾਮਦ ਕੀਤਾ ਗਿਆ ਹੈ।
10 ਲੱਖ ਲੀਟਰ ਪਹਿਲਾਂ ਵੀ ਹੋ ਚੁੱਕੀ ਹੈ ਸ਼ਰਾਬ ਬਰਾਮਦ
ਦੱਸਣਾ ਜ਼ਰੂਰੀ ਹੈ ਕਿ ਪਿਛਲੇ ਦੋ ਸਾਲਾਂ ਵਿਚ ਛਾਪੇਮਾਰੀ ਮੁਹਿੰਮ ਦੀ ਕਪਤਾਨ ਮੈਡਮ ਰਾਜਵਿੰਦਰ ਕੌਰ ਨੇ ਕਰੀਬ 10 ਲੱਖ ਲੀਟਰ ਨਾਜਾਇਜ਼ ਸ਼ਰਾਬ ਫੜੀ ਹੈ ਅਤੇ ਕਈ ਲੋਕਾਂ ਨੂੰ ਜੇਲ੍ਹ ਵੀ ਭੇਜਿਆ ਹੈ। ਇਸ ਦੇ ਨਾਲ ਹੀ ਉਕਤ ਅਧਿਕਾਰੀ ਨੇ ਅਜਨਾਲਾ ਰੇਂਜ ਅਧੀਨ ਪੈਂਦੇ ਕਮਾਲਪੁਰ ਦੇ ਜੰਗਲਾਂ ਵਿੱਚ 25 ਵਾਰ ਛਾਪੇਮਾਰੀ ਕਰ ਕੇ ਹਰ ਵਾਰ ਨਾਜਾਇਜ਼ ਸ਼ਰਾਬ ਅਤੇ ਸਾਮਾਨ ਬਰਾਮਦ ਕਰਨ ਦਾ ਰਿਕਾਰਡ ਤੋੜਿਆ ਹੈ। ਕਮਾਲਪੁਰ ਦਾ ਜੰਗਲ ਅਜਿਹਾ ਸਥਾਨ ਹੈ, ਜੋ ਕਿ ਜੰਗਲਾਤ ਵਿਭਾਗ ਦੇ ਅਧੀਨ ਆਉਂਦਾ ਹੈ ਅਤੇ ਇੱਥੇ ਛਾਪੇਮਾਰੀ ਕਰਨ ਲਈ ਜੰਗਲਾਤ ਵਿਭਾਗ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ, ਪਰ ਇਸ ਦੇ ਬਾਵਜੂਦ ਨਾਜਾਇਜ਼ ਸ਼ਰਾਬ ਦੇ ਸਮੱਗਲਰਾਂ ਨੇ ਇੱਥੇ ਵੱਡੇ-ਵੱਡੇ ਗੜ੍ਹ ਬਣਾਏ ਹੋਏ ਸਨ, ਜਿੰਨ੍ਹਾਂ ਦਾ ਕਈ ਵਾਰ ਉਕਤ ਮਹਿਲਾ ਅਧਿਕਾਰੀ ਵੱਲੋਂ ਖ਼ੁਲਾਸਾ ਕੀਤਾ ਗਿਆ ਹੈ। ਇੱਥੋਂ ਤੱਕ ਕਿ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੇ ਕਮਾਲਪੁਰ ਜੰਗਲਾਂ ਦੇ ਸ਼ਰਾਬ ਸਮੱਗਲਰਾਂ ਅੱਗੇ ਹੱਥ ਖੜ੍ਹੇ ਕਰ ਦਿੱਤੇ ਹਨ।
ਇਹ ਵੀ ਪੜ੍ਹੋ- ਬਟਾਲਾ ਵਿਖੇ ਫ਼ੈਕਟਰੀ ’ਚ ਕੰਮ ਕਰਦੀ ਔਰਤ ਨਾਲ ਵਾਪਰਿਆ ਭਾਣਾ, ਹੋਈ ਦਰਦਨਾਕ ਮੌਤ
ਹਾਈ ਪ੍ਰੋਫਾਇਲ ਮਾਮਲੇ ’ਚ ਕਈ ਉਪਕਰਨ ਬਰਾਮਦ
ਪਤਾ ਲੱਗਾ ਹੈ ਕਿ ਇਸ ਹਾਈ ਪ੍ਰੋਫਾਈਲ ਮਾਮਲੇ ਵਿਚ ਕਈ ਤਰ੍ਹਾਂ ਦੇ ਅਜਿਹੇ ਉਪਕਰਨ ਬਰਾਮਦ ਕੀਤੇ ਗਏ ਹਨ, ਜਿਸ ਦੀ ਵਰਤੋਂ ਆਮ ਸ਼ਰਾਬ ਬਣਾਉਣ ਵਾਲੇ ਧੰਦੇਬਾਜ਼ ਨਹੀਂ ਕਰਦੇ। ਇਨ੍ਹਾਂ ਪਤੀਲਿਆਂ ਨਾਲ ਭੱਠੀ ’ਤੇ ਚੜਿਆ ਹੋਇਆ ਡਰੰਮ ਢੱਕਿਆ ਜਾਂਦਾ ਹੈ ਅਤੇ ਇਹ ਉਸ ਨੂੰ ਫਿਲਟਰ ਕਰ ਕੇ ਸ਼ਰਾਬ ਬਣਾਉਣ ਦਾ ਕੰਮ ਕਰਦੀ ਹੈ। ਇਸ ਤਰ੍ਹਾਂ ਦੇ 4 ਉਪਕਰਨ ਬਰਾਮਦ ਕੀਤੇ ਗਏ ਹਨ ਅਤੇ ਸੰਭਵ ਤੌਰ ’ਤੇ ਇਨ੍ਹਾਂ ਨੂੰ ਨਸ਼ਟ ਕਰ ਦਿੱਤਾ ਜਾਵੇਗਾ ਤਾਂ ਜੋ ਕੋਈ ਇਨ੍ਹਾਂ ਦੀ ਦੁਰਵਰਤੋਂ ਨਾ ਕਰ ਸਕੇ। ਜ਼ਿਕਰਯੋਗ ਹੈ ਕਿ ਇਹ ਬਰਾਮਦ ਕੀਤੇ ਗਏ ਯੰਤਰ ਲਾਊਡਸਪੀਕਰ ਦੇ ਸ਼ੈੱਲ ਵਰਗੇ ਦਿਖਾਈ ਦਿੰਦੇ ਹਨ, ਜਿਸ ਨਾਲ ਉਨ੍ਹਾਂ ਦੀ ਸਮਰੱਥਾ ਦਾ ਕੋਈ ਅੰਦਾਜ਼ਾ ਨਹੀਂ ਹੁੰਦਾ।
ਇਹ ਵੀ ਪੜ੍ਹੋ- ਨਸ਼ੇ ਦੀ ਓਵਰਡੋਜ਼ ਕਾਰਨ ਔਰਤ ਦੀ ਮੌਤ, ਬਟਾਲਾ ਦੇ ਸਰਕਾਰੀ ਹਸਪਤਾਲ ਦੇ ਸਾਹਮਣੇ ਮਿਲੀ ਲਾਸ਼
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8