ਸ਼ਹਿਜ਼ਾਦ ਭੱਟੀ ਦਾ ਜਲਦ ਹੋਵੇਗਾ ਹਿਸਾਬ, ਰਵਨੀਤ ਬਿੱਟੂ ਦਾ ਵੱਡਾ ਬਿਆਨ
Saturday, Apr 04, 2026 - 01:15 PM (IST)
ਅੰਮ੍ਰਿਤਸਰ- ਅੱਜ ਅੰਮ੍ਰਿਤਸਰ ਦੇ ਹਾਲ ਗੇਟ 'ਤੇ ਭਾਜਪਾ ਆਗੂਆਂ ਵੱਲੋਂ ਡੀ. ਐਮ ਗਗਨਦੀਪ ਰੰਧਾਵਾ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਲਗਾਤਾਰ ਲੜਾਈ ਲੜੀ ਜਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਨੇਤਾਵਾਂ ਨੇ ਕਿਹਾ ਕਿ ਇਨਸਾਫ ਮਿਲਣ ਤੱਕ ਇਹ ਸੰਘਰਸ਼ ਜਾਰੀ ਰਹੇਗਾ ਅਤੇ ਪਰਿਵਾਰ ਦੇ ਨਾਲ ਖੜ੍ਹੇ ਰਹਿਣਗੇ। ਇਸ ਦੌਰਾਨ ਰਵਨੀਤ ਬਿੱਟੂ ਨੇ ਕਿਹਾ ਕਿ ਭਾਜਪਾ ਪਾਰਟੀ ਵਿੱਚ ਜਿੰਨਾ ਜੋਸ਼ ਹੈ, ਉਹ ਕਿਸੇ ਹੋਰ ਪਾਰਟੀ ਵਿੱਚ ਨਹੀਂ ਮਿਲਦਾ। ਉਨ੍ਹਾਂ ਦੱਸਿਆ ਕਿ ਸੀਬੀਆਈ ਜਾਂਚ ਲਈ ਸਾਰੇ ਮੈਂਬਰਾਂ ਨੇ ਲਿਖ ਕੇ ਦੇ ਦਿੱਤਾ ਹੈ, ਪਰ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਅਜੇ ਤੱਕ ਦਸਤਖਤ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਅਜਿਹੀ ਘਟਨਾ ਕਿਸੇ ਵੀ ਘਰ ਵਿੱਚ ਹੋ ਸਕਦੀ ਹੈ ਅਤੇ ਗਗਨਦੀਪ ਰੰਧਾਵਾ ਦੀ ਧਰਮਪਤਨੀ ਅਤੇ ਧੀ ਲਗਾਤਾਰ ਸੀਬੀਆਈ ਜਾਂਚ ਦੀ ਮੰਗ ਕਰ ਰਹੀਆਂ ਹਨ, ਪਰ ਹਾਲੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ। ਉਨ੍ਹਾਂ ਨੇ ਕਾਂਗਰਸੀ ਆਗੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਸੋਚਣ ਕਿ ਉਹ ਕਿਸ ਤਰ੍ਹਾਂ ਦੇ ਪ੍ਰਧਾਨ ਹੇਠ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਾਂ ਤਾਂ ਕਾਂਗਰਸ ਵਿੱਚ ਰਹਿਣ ਬਾਰੇ ਫੈਸਲਾ ਕੀਤਾ ਜਾਵੇ ਜਾਂ ਫਿਰ ਪ੍ਰਧਾਨ ਨੂੰ ਹਟਾਉਣ ਲਈ ਮੁਹਿੰਮ ਚਲਾਈ ਜਾਵੇ।
ਪਾਕਿਸਾਤਨ ਡੌਨ ਸ਼ਹਿਜ਼ਾਦ ਭੱਟੀ 'ਤੇ ਵਰ੍ਹੇ ਬਿੱਟੂ
ਰਵਨੀਤ ਬਿੱਟੂ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਪੰਜਾਬ ਨੂੰ ਬਚਾਓ,ਤੁਸੀਂ ਪਾਕਿਸਾਤਨ ਡੌਨ ਸ਼ਹਿਜ਼ਾਦ ਭੱਟੀ, ਜੋ ਆਈਐਸਆਈ ਦਾ ਏਜੰਟ ਹੈ,ਇਹ ਤਾਂ ਪਾਕਿਸਤਾਨ ਦਾ ਮੁੱਗਲ ਹੈ ਪਰ ਤੁਸੀਂ ਤਾਂ ਪੰਜਾਬੀ ਹੋ, ਇਸ ਦੇ ਪਿੱਛੇ ਲੱਗ ਕੇ ਆਪਣੇ ਸੂਬੇ ਦਾ ਮਾਹੌਲ ਖਰਾਬ ਨਾ ਕਰੋ। ਇਸ ਦਾ ਹਿਸਾਬ ਕਰਾਂਗੇ ਜਿਵੇਂ ਪਹਿਲਿਆਂ ਦਾ ਵੀ ਕੀਤਾ ਹੈ। ਸ਼ਹਿਜ਼ਾਦ ਭੱਟੀ ਵਰਗਾ ਜਿਹੜਾ ਸਾਡੇ ਪੰਜਾਬ ਨੂੰ ਮਾੜੀ ਨਜ਼ਰ ਨਾਲ ਵੇਖਦਾ ਹੈ, ਇਸ ਦਾ ਵੀ ਹਿਸਾਬ ਜਲਦੀ ਹੋਵੇਗਾ, ਬੇਫਿਕਰ ਹੋ ਜਾਓ। ਉਨ੍ਹਾਂ ਕਿਹਾ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਹੁੰਦੇ ਕੋਈ ਵੀ ਪੰਜਾਬ ਦੇ ਹਾਲਾਤ ਖਰਾਬ ਨਹੀਂ ਕਰ ਸਕਦਾ। ਜਿਵੇਂ ਜੰਮੂ-ਕਸ਼ਮੀਰ ਵਿੱਚ ਅੱਤਵਾਦ ਨੂੰ ਕਾਬੂ ਕੀਤਾ ਗਿਆ, ਉਸੇ ਤਰ੍ਹਾਂ ਪੰਜਾਬ ਵਿੱਚ ਵੀ ਅਮਨ-ਸ਼ਾਂਤੀ ਸਥਾਪਿਤ ਕੀਤੀ ਜਾਵੇਗੀ।
ਰਵਨੀਤ ਬਿੱਟੂ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਪਹਿਲੇ ਦਿਨ ਹੀ ਸੀਬੀਆਈ ਜਾਂਚ ਦਾ ਐਲਾਨ ਕਰ ਦੇਣਾ ਚਾਹੀਦਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਗਗਨਦੀਪ ਦੇ ਪਰਿਵਾਰ ਨੂੰ ਕਦੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਕਦੇ ਘਰ ਦੀਆਂ ਲਾਈਟਾਂ ਬੰਦ ਕੀਤੀਆਂ ਜਾ ਰਹੀਆਂ ਹਨ, ਜਦਕਿ ਲਾਲਜੀਤ ਸਿੰਘ ਭੁੱਲਰ ਆਰਾਮ ਦੀ ਜ਼ਿੰਦਗੀ ਬਿਤਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਨੂੰ ਸੋਚਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਵੀ ਧੀ ਹੈ ਅਤੇ ਗਗਨਦੀਪ ਦੇ ਪਰਿਵਾਰ ਦੀ ਸਥਿਤੀ ਨੂੰ ਸਮਝਣਾ ਚਾਹੀਦਾ ਹੈ। ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਬਣਨ ਦੇ ਬਾਵਜੂਦ ਉਹ ਸਿਰਫ਼ ਨਾਮਾਤਰ ਭੂਮਿਕਾ ਨਿਭਾ ਰਹੇ ਹਨ ਅਤੇ ਅਸਲ ਫੈਸਲੇ ਹੋਰ ਲੋਕ ਲੈ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੇ ਐਮਪੀਜ਼ ਦਾ ਵੀ ਫਰਜ਼ ਬਣਦਾ ਹੈ ਕਿ ਉਹ ਸੀਬੀਆਈ ਜਾਂਚ ਦੇ ਹੱਕ ਵਿੱਚ ਲਿਖ ਕੇ ਦੇਣ। ਉਨ੍ਹਾਂ ਕਿਹਾ ਕਿ ਇਕ ਭੈਣ ਇਨਸਾਫ ਦੀ ਮੰਗ ਕਰ ਰਹੀ ਹੈ, ਪਰ ਅਜੇ ਤੱਕ ਉਸ ਨੂੰ ਇਨਸਾਫ ਨਹੀਂ ਮਿਲਿਆ। ਇਸ ਲਈ ਹੁਣ ਵੱਡੇ ਪੱਧਰ ’ਤੇ ਮੁਹਿੰਮ ਚਲਾਉਣ ਦੀ ਲੋੜ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਅਮਿਤ ਸ਼ਾਹ ਨੇ ਖੁਦ ਕਿਹਾ ਸੀ ਕਿ ਐਮਪੀਜ਼ ਇਸ ਮਾਮਲੇ ਵਿੱਚ ਲਿਖ ਕੇ ਦੇਣ, ਅਤੇ ਜਿਨ੍ਹਾਂ ਨੇ ਲਿਖ ਕੇ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਨੇ ਜਿਨ੍ਹਾਂ ਐਮਪੀਜ਼ ਨੇ ਲਿਖ ਕੇ ਦਿੱਤਾ ਉਨ੍ਹਾਂ ਦਾ ਧੰਨਵਾਦ ਕੀਤਾ।
ਇਸ ਦੌਰਾਨ ਰਵਨੀਤ ਬਿੱਟੂ ਨੇ ਰਾਘਵ ਚੱਢਾ ’ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਰਾਘਵ ਚੱਢਾ ਜਿੰਨੀ ਦੇਰ ਏਟੀਐਮ ਸੀ ਉਹ ਚੌਧਰੀ ਬਣਿਆ ਸੀ, ਇਸ ਨੇ ਵੀ ਪੰਜਾਬ ਦਾ ਕੋਈ ਘਰ ਨਹੀਂ ਛੱਡਿਆ ਅਤੇ ਲੋਕਾਂ ਨੂੰ ਲੁੱਟ ਕੇ ਕੇਜਰੀਵਾਲ ਦੀ ਚੋਲੀ 'ਚ ਪਾਇਆ। ਉਨ੍ਹਾਂ ਕਿਹਾ ਅੱਜ ਰਾਘਵ ਚੱਢਾ ਨੂੰ ਵੀ ਇਨਾਮ ਮਿਲ ਗਿਆ। ਉਨ੍ਹਾਂ ਨੇ ਭਗਵੰਤ ਮਾਨ ਨੂੰ ਕਿਹਾ ਕਿ ਜਿਸ ਦਿਨ ਉਹ ਕੇਜਰੀਵਾਲ ਦਾ ਪਾਇਲਟ ਨਾ ਬਣਿਆ , ਉਸ ਦਿਨ ਹੀ ਇਸ ਦੇ ਵੀ ਇਹੀ ਹਾਲਾਤ ਬਣਗੇ।
ਉਨ੍ਹਾਂ ਕਿਹਾ ਕਿ ਸਰਕਾਰ ਬਣਨ ਉਪਰੰਤ ਦੋ ਸਾਲਾਂ ਵਿੱਚ ਪੰਜਾਬ ਨੂੰ ਮੁੜ “ਰੰਗਲਾ ਪੰਜਾਬ” ਬਣਾਉਣ ਦਾ ਟਿੱਚਾ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਧਰਮ ਪਰਿਵਰਤਨ ਸੰਬੰਧੀ ਕਾਨੂੰਨ ਲਿਆਉਣ ਬਾਰੇ ਵੀ ਵਿਚਾਰ ਕੀਤਾ ਜਾਵੇਗਾ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਜਬਰ ਜਾਂ ਗਲਤ ਤਰੀਕੇ ਨਾਲ ਧਰਮ ਬਦਲਾਉਣ ਦੀ ਪ੍ਰਥਾ ਨੂੰ ਰੋਕਿਆ ਜਾ ਸਕੇ। ਇਸ ਦੌਰਾਨ ਧਰਨੇ ਪ੍ਰਦਰਸ਼ਨ 'ਚ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ, ਅਸ਼ਵਨੀ ਸ਼ਰਮਾ, ਤਰੁਣ ਚੁੰਘ, ਰਵਨੀਤ ਬਿੱਟੂ ਸਮੇਤ ਕਈ ਸੀਨੀਅਰ ਆਗੂ ਮੌਜੂਦ ਰਹੇ।
