ਭੇਤ ਭਰੇ ਹਾਲਾਤਾ ''ਚ ਕਿਸਾਨ ਦੀਆਂ ਦੋ ਮੱਝਾਂ ਤੇ ਕੱਟੀ ਦੀ ਮੌਤ, ਅਣਪਛਾਤਿਆਂ ’ਤੇ ਜ਼ਹਿਰੀਲਾ ਪਦਾਰਥ ਦੇਣ ਦਾ ਸ਼ੱਕ
Thursday, Feb 02, 2023 - 02:55 PM (IST)
ਝਬਾਲ (ਨਰਿੰਦਰ)- ਨਜ਼ਦੀਕੀ ਪਿੰਡ ਪੰਜਵੜ ਵਿਖੇ ਬੀਤੀ ਰਾਤ ਇਕ ਗਰੀਬ ਕਿਸਾਨ ਦੇ ਤਿੰਨ ਪਸ਼ੂਆਂ ਦੀ ਭੇਤਭਰੀ ਹਾਲਤ ’ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਸਰਬਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪੰਜਵੜ ਨੇ ਦੱਸਿਆ ਕਿ ਉਸ ਦੀ ਕੋਈ ਜ਼ਮੀਨ ਨਾ ਹੋਣ ਕਰ ਕੇ ਉਸ ਨੇ ਦੋ ਮੱਝਾਂ ਰੱਖੀਆਂ ਸਨ, ਜਿਨ੍ਹਾਂ ਦੇ ਦੁੱਧ ਵੇਚ ਕੇ ਪਰਿਵਾਰ ਦਾ ਗੁਜ਼ਾਰਾ ਚਲਦਾ ਸੀ।
ਬੀਤੀ ਰਾਤ ਉਸ ਨੇ ਰੋਜ਼ ਵਾਂਗ ਦੋਵੇਂ ਮੱਝਾਂ, ਜੋ ਸੂਣ ਵਾਲੀਆਂ ਸਨ ਤੇ ਇਕ ਕੱਟੀ ਨੂੰ ਰਾਤ ਸਮੇਂ ਅੰਦਰ ਬੰਨ ਦਿੱਤਾ ਅਤੇ ਪਰਿਵਾਰ ਸਮੇਤ ਨੇੜਲੇ ਕਮਰੇ ਵਿਚ ਸੌਂ ਗਿਆ। ਪਰ ਅੱਧੀ ਕੁ ਰਾਤ ਨੂੰ ਜਦੋਂ ਉਨ੍ਹਾਂ ਦੀ ਮਾਤਾ ਉੱਠੀ ਤਾਂ ਉਸ ਨੇ ਮੱਝਾਂ ਵਾਲੇ ਕੋਠੇ ਵਿਚੋਂ ਧੂਆਂ ਨਿਕਲਦਾ ਵੇਖ ਕੇ ਰੋਲਾ ਪਾਇਆ। ਉਨ੍ਹਾਂ ਉਥੇ ਜਾ ਕੇ ਵੇਖਿਆ ਕਿ ਪਸ਼ੂਆਂ ਵਾਲੇ ਕਮਰੇ ਅੰਦਰ ਪਈਆਂ ਪਾਥੀਆਂ ਨੂੰ ਅੱਗ ਲੱਗੀ ਸੀ, ਜਿਸ ਨਾਲ ਸਾਰਾ ਕਮਰਾ ਧੂੰਏ ਨਾਲ ਭਰਿਆ ਪਿਆ ਸੀ ਅਤੇ ਨਾਲ ਹੀ ਅੰਦਰ ਬੱਝੀਆਂ ਦੋ ਮੱਝਾਂ ਤੇ ਇਕ (ਕੱਟੀ) ਦੇ ਮੂੰਹ ਵਿਚੋਂ ਲਹੂ ਵਗ ਰਿਹਾ ਸੀ। ਜੋ ਕਿ ਮਰੀਆਂ ਪਈਆ ਸਨ।
ਇਹ ਵੀ ਪੜ੍ਹੋ- 1984 ਦੇ ਫ਼ੌਜੀ ਹਮਲੇ ਸਬੰਧੀ ਯਾਦਗਾਰ ਨੂੰ ਪਲਸਤਰ ਕਰਨ ਦੀਆਂ ਅਫਵਾਹਾਂ 'ਤੇ SGPC ਨੇ ਦਿੱਤਾ ਸਪੱਸ਼ਟੀਕਰਨ
ਇਸ ਸਬੰਧੀ ਉਨ੍ਹਾਂ ਨੇ ਥਾਣਾ ਝਬਾਲ ਵਿਖੇ ਲਿਖਤੀ ਦਰਖਾਸਤ ਦਿੰਦੇ ਹੋਏ ਸ਼ੱਕ ਜ਼ਾਹਿਰ ਕੀਤਾ ਕਿ ਕਿਸੇ ਅਣਪਛਾਤੇ ਸ਼ਰਾਰਤੀ ਅਨਸਰ ਉਸ ਦੀਆਂ ਮੱਝਾਂ ਨੂੰ ਕੋਈ ਜ਼ਹਿਰੀਲੀ ਦਵਾਈ ਦੇ ਕੇ ਅੰਦਰ ਪਈਆਂ ਪਾਥੀਆਂ ਨੂੰ ਅੱਗ ਲਾ ਗਏ। ਉਨ੍ਹਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਉਸ ਦੇ ਪਰਿਵਾਰ ਦਾ ਇਕੋ ਇਕ ਸਹਾਰਾ ਇਨ੍ਹਾਂ ਮੱਝਾਂ ਨੂੰ ਮਾਰਨ ਵਾਲੇ ਖ਼ਿਲਾਫ਼ ਕਾਰਵਾਈ ਕਰ ਕੇ ਉਸ ਨੂੰ ਮੁਆਵਜ਼ਾ ਦਿੱਤਾ ਜਾਵੇ। ਜਦੋਂ ਇਸ ਸਬੰਧੀ ਵੈਟਰਨਰੀ ਅਫ਼ਸਰ ਡਾਕਟਰ ਗੁਰਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪਸ਼ੂਆਂ ਦੇ ਮਰਨ ਦੇ ਅਸਲ ਕਾਰਨ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਲੱਗੇਗਾ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।