ਦਾਣਾ ਮੰਡੀ ’ਚ ਫਸਲ ਘੱਟ ਤੋਲਣ ਸਬੰਧੀ ਹੋਏ ਝਗਡ਼ੇ ’ਚ ਕਰਾਸ ਮੁਕੱਦਮਾ ਦਰਜ
Thursday, Dec 13, 2018 - 05:16 AM (IST)

ਤਰਨਤਾਰਨ, (ਜ. ਬ.)- ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਦੋ ਦਿਨ ਪਹਿਲਾਂ ਘੱਟ ਤੋਲਣ ਦੇ ਮਾਮਲੇ ਨੂੰ ਲੈ ਕੇ ਹੋਏ ਝਗਡ਼ੇ ’ਚ ਮੁੱਦਈ ਪਾਰਟੀ ਦੇ ਖਿਲਾਫ ਕਰਾਸ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਤਨਾਮ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਕੈਰੋਂ ਨੇ ਬਿਆਨ ਦਰਜ ਕਰਵਾਏ ਕਿ ਮੈਂ ਆਪਣੀ ਫਸਲ ਲੈ ਕੇ ਜਤਿੰਦਰ ਸਿੰਘ ਦੀ ਆਡ਼੍ਹਤ ’ਤੇ ਗਿਆ ਸੀ। ਜਤਿੰਦਰ ਸਿੰਘ ਮੇਰੇ ਚਾਚੇ ਦਾ ਪੁੱਤ ਹੋਣ ਕਾਰਨ ਆਡ਼੍ਹਤ ਤੋਂ ਕਿਤੇ ਕੰਮ ਜਾਂਦੇ ਤਾਂ ਮੈਨੂੰ ਪਿੱਛੇ ਜ਼ਿੰਮੇਵਾਰੀ ਸੌਂਪ ਜਾਂਦੇ। ਉਸ ਦਿਨ ਗੁਰਦੇਵ ਸਿੰਘ ਪੁੱਤਰ ਸੁਰਿੰਦਰਪਾਲ ਵਾਸੀ ਜਵੰਦਾ ਕਲਾ ਵੀ ਬਾਸਮਤੀ 1121 ਵੇਚਣ ਆਇਆ ਸੀ। ਮੇਰੇ ਸਾਹਮਣੇ ਮੁਨੀਮ ਗੁਰਮੀਤ ਸਿੰਘ ਪੁੱਤਰ ਭਾਨ ਸਿੰਘ ਦੇ ਸਾਹਮਣੇ ਬਾਸਮਤੀ 1121 ਤੋਲੀ ਗਈ। ਉਨ੍ਹਾਂ ’ਚੋਂ 2 ਤੋਡ਼ੇ ਬਾਸਮਤੀ ਦੇ ਘਰੇਲੂ ਵਰਤੋਂ ਲਈ ਗੁਰਦੇਵ ਸਿੰਘ ਨੇ ਆਪਣੀ ਟਰਾਲੀ ’ਚ ਸੁੱਟ ਲਏ। ਆਡ਼੍ਹਤ ਤੋਂ ਘਰ ਚਲਾ ਗਿਆ। ਮੈਂ ਆਡ਼੍ਹਤ ’ਤੇ ਜ਼ਿੰਮੇਵਾਰੀ ਕਾਰਨ ਖਡ਼੍ਹਾ ਸੀ ਕਿ ਤਕਰੀਬਨ ਰਾਤ 9 ਵਜੇ ਗੁਰਦੇਵ ਸਿੰਘ ਜਿਸਦੇ ਹੱਥ ਡਾਂਗ, ਪ੍ਰਗਟ ਸਿੰਘ ਜਿਸਦੇ ਹੱਥ ਦਾਤਰ, ਨਿਰਮਲ ਸਿੰਘ ਜਿਸਦੇ ਹੱਥ ਬੇਸਬਾਲ ਅਤੇ ਹੋਰ 10-12 ਬੰਦੇ ਨਾਲ ਮੌਜੂਦ ਸਨ। ਆਉਂਦਿਆਂ ਹੀ ਲਲਕਾਰਾ ਮਾਰ ਕੇ ਕਿਹਾ ਕਿ ਫਡ਼ਲੋ ਇਨ੍ਹਾਂ ਨੂੰ ਘੱਟ ਤੋਲਣ ਦਾ ਮਜ਼ਾ ਚਖਾ ਦਿਉ। ਇੰਨੇ ਨੂੰ ਪ੍ਰਗਟ ਸਿੰਘ ਨੇ ਦਾਤਰ ਦਾ ਵਾਰ ਮੇਰੇ ’ਤੇ ਕੀਤਾ ਤੇ ਮੈਂ ਖੱਬੀ ਬਾਂਹ ਉੱਪਰ ਕਰ ਲਈ ਤਾਂ ਦਾਤਰ ਮੇਰੀ ਕੂਹਣੀ ਦੇ ਹੇਠਾਂ ਲੱਗਾ। ਉਥੇ ਮੌਜੂਦ ਕਿਸਾਨ ਮੈਨੂੰ ਛੁਡਾਉਣ ਲਈ ਅੱਗੇ ਆਏ ਤਾਂ ਇਨ੍ਹੇ ਚਿਰ ਨੂੰ ਆਡ਼੍ਹਤ ਦਾ ਮਾਲਕ ਜਤਿੰਦਰ ਸਿੰਘ ਵਾਸੀ ਕੈਰੋਂ ਵੀ ਆ ਗਿਆ। ਉਪਰੋਕਤ ਸਾਰੇ ਵਿਅਕਤੀਆਂ ਨੇ ਉਸ ਦੀ ਵੀ ਕੁੱਟਮਾਰ ਕਰ ਦਿੱਤੀ। ਉਸ ਦੇ ਗਲ ਵਾਲੀ ਚੈਨ ਗੁਰਦੇਵ ਸਿੰਘ ਨੇ ਝਪਟ ਮਾਰ ਕੇ ਖੋਹ ਲਈ। ਰੌਲਾ ਪਾਉਣ ’ਤੇ ਉਪਰੋਕਤ ਵਿਅਕਤੀ ਆਪਣੇ ਆਪਣੇ ਵ੍ਹੀਕਲਾਂ ’ਤੇ ਫਰਾਰ ਹੋ ਗਏ। ਮਾਮਲੇ ਦੀ ਜਾਂਚ ਕਰ ਰਹੇ ਐੱਸ. ਐੱਚ. ਓ. ਚੰਦਰ ਭੂਸ਼ਣ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।