ਕੋਰੋਨਾ ਕਾਰਨ ਬੰਦ ਪਏ ਸਕੂਲਾਂ ਨੂੰ ਪੰਜਾਬ ਸਰਕਾਰ 9 ਤਾਰੀਖ਼ ਤੱਕ ਖੋਲ੍ਹਣ ਦਾ ਲਏ ਫ਼ੈਸਲਾ : ਰਾਸਾ

02/02/2022 5:32:30 PM

ਅੰਮ੍ਰਿਤਸਰ (ਦਲਜੀਤ ਸ਼ਰਮਾ) - ਰੈਕੋਗਨਾਈਜ਼ ਅਤੇ ਐਫ਼ੀਲਿਏਟਡ ਸਕੂਲਜ਼ ਐਸੋਸ਼ੀਏਸ਼ਨ ਰਾਸਾ ਪੰਜਾਬ ਦੀ ਤਹਿਸੀਲ ਬਾਬਾ ਬਕਾਲਾ ਯੂਨਿਟ ਦੀ ਮੀਟਿੰਗ ਤਹਿਸੀਲ ਪ੍ਰਧਾਨ ਪ੍ਰਿੰਸੀਪਲ ਗੁਰਜੀਤ ਸਿੰਘ ਵਡਾਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ’ਚ ਤਹਿਸੀਲ ਕੋਆਰਡੀਨੇਟਰ ਬਿਕਰਮਜੀਤ ਚੀਮਾ ਅਤੇ ਤਹਿਸੀਲ ਦੇ ਹੋਰ ਮੈਂਬਰ ਸਕੂਲ ਸ਼ਾਮਲ ਹੋਏ। ਇਸ ਮੌਕੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਕੋਵਿਡ ਪਾਬੰਦੀਆਂ ਦੀਆਂ ਜੋ ਤਾਜ਼ਾ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ, ਉਸਦੇ ਅਨੁਸਾਰ 8 ਫਰਵਰੀ ਤੱਕ ਸਕੂਲ ਬੰਦ ਰੱਖੇ ਗਏ ਹਨ। ਰਾਸਾ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ 9 ਤਾਰੀਖ਼ ਤੱਕ ਪੰਜਾਬ ਸਰਕਾਰ ਸਕੂਲ ਖੋਲ੍ਹਣ ਦਾ ਫ਼ੈਸਲਾ ਲਏ। 

10 ਤਾਰੀਖ਼ ਤੋਂ ਇਲੈਕਸ਼ਨ ਕਮਿਸ਼ਨ ਵੀ ਚੌਣ ਪ੍ਰਚਾਰ ਵਿੱਚ ਗਿਣਤੀ ਦੀ ਹੱਦ ਵਧਾ ਰਿਹਾ ਹੈ ਅਤੇ ਬਾਕੀ ਗਤੀਵਿਧੀਆਂ ਬਦਸਤੂਰ ਜਾਰੀ ਹਨ। ਇਸ ਕਰਕੇ ਅਜਿਹੇ ਸਮੇਂ ਵਿੱਚ ਇਕੱਲੇ ਸਕੂਲ ਬੰਦ ਰੱਖਣੇ ਕਿਸੇ ਤਰ੍ਹਾਂ ਵੀ ਉੱਚਿਤ ਨਹੀਂ ਹਨ। ਇਸ ਨਾਲ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਅਤੇ ਪੰਜਾਬ ਸਿੱਖਿਆ ਪੱਖੋਂ ਦਿਨ-ਬ-ਦਿਨ ਹੇਠਾਂ ਨੂੰ ਜਾ ਰਿਹਾ ਹੈ। ਇਸ ਕਰਕੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਕੂਲਾਂ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਉਨ੍ਹਾਂ ਨੇ ਪੰਜਾਬ ਦੇ ਮੁੱਖ ਚੌਣ ਅਧਿਕਾਰੀ ਕੇ ਕਰੁਣਾ ਰਾਜੂ, ਸਿੱਖਿਆ ਮੰਤਰੀ ਪੰਜਾਬ ਪ੍ਰਗਟ ਸਿੰਘ, ਸਿੱਖਿਆ ਸਕੱਤਰ ਪੰਜਾਬ ਅਜੋਏ ਸ਼ਰਮਾ ਨੂੰ ਬੇਨਤੀ ਕੀਤੀ ਕਿ 9 ਤਾਰੀਖ਼ ਤੋਂ ਸ਼ਰਤਾਂ ਤਹਿਤ ਸਕੂਲ ਖੋਲ੍ਹਣ ਦਾ ਫ਼ੈਸਲਾ ਜਲਦੀ ਤੋਂ ਜਲਦੀ ਲਿਆ ਜਾਵੇ। 

ਇਸ ਮੌਕੇ ਕਿਸਾਨ ਜਥੇਬੰਦੀਆਂ ਦੇ 7 ਤਰੀਖ਼ ਦੇ ਚੱਕਾ ਜਾਮ ਦੀ ਹਮਾਇਤ ਕਰਨ ਦਾ ਫ਼ੈਸਲਾ ਕੀਤਾ ਗਿਆ, ਕਿਉਂਕਿ ਕਿਸਾਨ ਜਥੇਬੰਦੀਆਂ ਸਕੂਲ ਖੁਲਾਉਣ ਲਈ ਵੱਡੀ ਪੱਧਰ ਤੇ ਸੰਗਰਸ਼ ਕਰ ਰਹੀਆਂ ਹਨ। ਇਸ ਮੌਕੇ ਤਹਿਸੀਲ ਸਰਪ੍ਰਸਤ ਨਿਰਮਲ ਸਿੰਘ ਸਿੱਧੂ, ਤਹਿਸੀਲ ਮਜੀਠਾ ਦੇ ਪ੍ਰਧਾਨ ਅਮਰਪ੍ਰੀਤ ਸਿੰਘ, ਸੂਬਾ ਅਡੀਸ਼ਨਲ ਜਨਰਲ ਸਕੱਤਰ ਹਰਸ਼ਦੀਪ ਸਿੰਘ ਰੰਧਾਵਾ, ਤੇਜਬੀਰ ਸਿੰਘ ਸੋਹਲ ਆਦਿ ਹਾਜ਼ਰ ਸਨ।
 
 


rajwinder kaur

Content Editor

Related News