ਕਾਂਗਰਸ ਲਈ ਘਾਤਕ ਸਿੱਧ ਹੋ ਸਕਦਾ ਹੈ ਔਜਲਾ ਨੂੰ ਨਜ਼ਰ-ਅੰਦਾਜ਼ ਕਰਨਾ

Saturday, Mar 30, 2019 - 12:12 PM (IST)

ਕਾਂਗਰਸ ਲਈ ਘਾਤਕ ਸਿੱਧ ਹੋ ਸਕਦਾ ਹੈ ਔਜਲਾ ਨੂੰ ਨਜ਼ਰ-ਅੰਦਾਜ਼ ਕਰਨਾ

ਅੰਮ੍ਰਿਤਸਰ, (ਸੰਜੀਵ)- ਅੰਮ੍ਰਿਤਸਰ ਲੋਕ ਸਭਾ ਸੀਟ ਨੂੰ ਲੈ ਕੇ ਸੱਤਾਧਾਰੀ ਕਾਂਗਰਸ ’ਚ ਚਲ ਰਹੀ ਖਿੱਚੋਤਾਣ ਗੰਭੀਰ ਹੁੰਦੀ ਜਾ ਰਹੀ ਹੈ। ਇਸ ਸੀਟ ’ਚ ਪੈਂਦੇ 9 ਵਿਧਾਨ ਸਭਾ ਹਲਕਿਆਂ ’ਚੋਂ 8 ਹਲਕਿਆਂ ’ਤੇ ਭਾਵੇਂ ਕਾਂਗਰਸ ਦਾ ਕਬਜ਼ਾ ਹੈ ਪਰ ਇਥੇ ਦੇ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਟਿਕਟ ਕੱਟੇ ਜਾਣ ਦੀਆਂ ਸੰਭਾਵਨਾਵਾਂ ਹਲਕੇ ਦਾ ਸਿਆਸੀ ਸਮੀਕਰਨ ਵਿਗਾੜ ਸਕਦੀਆਂ ਹਨ। ਅਤੀਤ ਵੱਲ ਧਿਆਨ ਮਾਰੀਏ ਤਾਂ 2014 ’ਚ ਸੱਤਾਧਾਰੀ ਅਕਾਲੀ-ਭਾਜਪਾ ਗਠਜੋੜ ਵਿਚ ਗੁੱਟਬਾਜ਼ੀ ਕਾਰਨ ਇਥੇ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮਜੀਤ ਸਿੰਘ ਮਜੀਠੀਆ ਇਸ ਸ਼ਰਤ ’ਤੇ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਲੈ ਕੇ ਆਏ ਸਨ ਕਿ ਉਹ ਕਾਗਜ਼ ਭਰ ਕੇ ਚਲੇ ਜਾਣ, ਉਨ੍ਹਾਂ ਦੀ ਜਿੱਤ ਦੀ ਗਾਰੰਟੀ ਪੱਕੀ ਹੈ ਪਰ ਬਾਅਦ ’ਚ ਨਵਜੋਤ ਸਿੰਘ ਸਿੱਧੂ ਦੀ ਟਿਕਟ ਕੱਟੇ ਜਾਣ ਦੇ ਰੋਸ ’ਚ ਅੰਮ੍ਰਿਤਸਰ ਦੇ ਲੋਕਾਂ ਨੇ ਹਮਦਰਦੀ ਵਜੋਂ ਸਿੱਧੂ ਨਾਲ ਧੱਕਾ ਦੱਸਦੇ ਹੋਏ ਜੇਤਲੀ ਨੂੰ ਹਰਾ ਕੇ ਦੇਸ਼ ਦੀ ਰਾਜਨੀਤੀ ਵਿਚ ਹਲਚਲ ਪੈਦਾ ਕਰ ਦਿੱਤੀ ਸੀ ਕਿਉਂਕਿ ਟਿਕਟ ਮਿਲਣ ਤੋਂ ਵਾਂਝੇ ਰਹਿਣ ਤੋਂ ਬਾਅਦ ਸਿੱਧੂ ਜਿਥੇ ਚੋਣ ਪ੍ਰਚਾਰ ਤੋਂ ਦੂਰ ਰਹੇ, ਉਥੇ ਸਿੱਧੂ ਨਾਲ ਭਾਵਨਾਤਮਕ ਤੌਰ ’ਤੇ ਜੁੜੇ ਲੋਕਾਂ ਨੇ ਜੇਤਲੀ ਦਾ ਸ਼ਰੇਆਮ ਵਿਰੋਧ ਕੀਤਾ ਸੀ। ਜੇਤਲੀ ਦੀ ਹਾਰ ਤੇ ਕੈਪਟਨ ਅਮਰਿੰਦਰ ਦੀ ਇਸ ਲੋਕ ਸਭਾ ਤੋਂ ਹੋਈ ਜਿੱਤ ਨੇ ਹੀ ਪੰਜਾਬ ਦੀ ਰਾਜਨੀਤਕ ਤਸਵੀਰ ਵਿਚ ਇਕਦਮ ਤਬਦੀਲੀ ਦਾ ਸੰਕੇਤ ਦੇ ਦਿੱਤਾ ਸੀ। 5 ਸਾਲ ਬਾਅਦ ਠੀਕ ਉਸੇ ਤਰ੍ਹਾਂ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਵਿਰੋਧ ’ਚ ਖੜ੍ਹੇ ਇਕ ਕਾਂਗਰਸੀ ਪੱਖ, ਜਿਸ ਦੀ ਅਗਵਾਈ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਕਰ ਰਹੇ ਹਨ, ਦਾ ਵੀ ਸ਼ਾਇਦ ਇਹ ਮੰਨਣਾ ਹੈ ਕਿ ਕੋਈ ਵੀ ਕਾਂਗਰਸ ਦੀ ਟਿਕਟ ’ਤੇ ਜਿੱਤ ਸਕਦਾ ਹੈ। ਸ਼ਾਇਦ ਇਸੇ ਲਈ ਉਹ ਮੌਜੂਦਾ ਸੰਸਦ ਮੈਂਬਰ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰਕੇ ਆਪਣੇ ਕਿਸੇ ਹਮਾਇਤੀ ਨੂੰ ਟਿਕਟ ਦਿਵਾਉਣੀ ਚਾਹੁੰਦੇ ਹਨ ਪਰ ਸੱਤਾ ਤੇ ਹੰਕਾਰ ਦੇ ਨਸ਼ੇ ’ਚ ਚੂਰ ਕਾਂਗਰਸ ਲਈ ਅਜਿਹਾ ਫੈਸਲਾ ਸਿਆਸੀ ਪੱਖ ਤੋਂ ਆਤਮਘਾਤੀ ਵੀ ਸਿੱਧ ਹੋ ਸਕਦਾ ਹੈ। ਔਜਲਾ ਵਿਰੋਧੀ ਪੱਖ ਨੇ ਭਾਵੇਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਵੀ ਜੇਤਲੀ ਦੀ ਤਰ੍ਹਾਂ ਇਸ ਸੀਟ ਤੋਂ ਪੇਸ਼ਕਸ਼ ਕੀਤੀ ਸੀ ਪਰ ਅੰਮ੍ਰਿਤਸਰ ਦੇ ਸਿਆਸੀ ਹਾਲਾਤ ਦੇ ਮੱਦੇਨਜ਼ਰ ਡਾ. ਮਨਮੋਹਨ ਸਿੰਘ ਨੇ ਲੋਕ ਸਭਾ ਸੀਟ ਲਈ ਸਾਫ ਤੌਰ ’ਤੇ ਇਨਕਾਰ ਕਰ ਦਿੱਤਾ।

ਭਾਜਪਾ ਨੇ ਟਿਕਾਈ ਬਾਗੀ ਕਾਂਗਰਸੀਆਂ ’ਤੇ ਨਜ਼ਰ

ਭਾਜਪਾ ਦੀ ਕੇਂਦਰੀ ਹਾਈਕਮਾਨ ਅੰਮ੍ਰਿਤਸਰ ਲੋਕ ਸਭਾ ਹਲਕੇ ’ਤੇ ਪੂਰੀ ਤਰ੍ਹਾਂ ਨਜ਼ਰ ਰੱਖ ਰਹੀ ਹੈ। ਸੂਤਰਾਂ ਅਨੁਸਾਰ ਇਹ ਵੀ ਖਬਰ ਹੈ ਕਿ ਜੇਕਰ ਕਾਂਗਰਸ ਔਜਲਾ ਦੀ ਟਿਕਟ ਕੱਟ ਦਿੰਦੀ ਹੈ ਤਾਂ ਇਸ ਹਾਲਾਤ ’ਚ ਜੇਕਰ ਭਾਜਪਾ ਔਜਲਾ ਨੂੰ ਆਪਣੀ ਪਾਰਟੀ ’ਚ ਸ਼ਾਮਲ ਕਰ ਲਵੇ ਤਾਂ ਅਜਿਹੀ ਸਥਿਤੀ ’ਚ ਇਹ ਸੀਟ ਭਾਜਪਾ ਦੇ ਖਾਤੇ ’ਚ ਜਾਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਔਜਲਾ ਦੇ ਮਾਣ-ਸਨਮਾਨ ਤੇ ਉਸ ਦੇ ਨਾਲ ਚੱਲਣ ਵਾਲੀ ਹਮਦਰਦੀ ਦੀ ਲਹਿਰ ਉਸ ਨੂੰ ਭਾਜਪਾ ਦੁਆਰਾ ਟਿਕਟ ਦਿੱਤੇ ਜਾਣ ਦੀ ਸੂਰਤ ’ਚ ਜੇਤੂ ਉਮੀਦਵਾਰ ਬਣਾ ਸਕਦੀ ਹੈ।

ਔਜਲਾ ਨੂੰ ਅਡਜਸਟ ਕਰਨ ਦੇ ਫੈਸਲੇ ’ਤੇ ਵੀ ਕਾਂਗਰਸ ਕਰ ਰਹੀ ਹੈ ਵਿਚਾਰ

ਸੂਤਰਾਂ ਅਨੁਸਾਰ ਕਾਂਗਰਸ ਹਾਈ ਕਮਾਨ ਇਕ ਅਜਿਹੇ ਫਾਰਮੂਲੇ ’ਤੇ ਵੀ ਵਿਚਾਰ ਕਰ ਰਹੀ ਹੈ ਕਿ ਜੇਕਰ ਨਵਜੋਤ ਕੌਰ ਸਿੱਧੂ, ਸੁੱਖ ਸਰਕਾਰੀਆ, ਹਰਪ੍ਰਤਾਪ ਸਿੰਘ ਅਜਨਾਲਾ ਤੇ ਇੰਦਰਬੀਰ ਸਿੰਘ ਬੁਲਾਰੀਆ ’ਚੋਂ ਕਿਸੇ ਇਕ ਵਿਧਾਇਕ ਨੂੰ ਲੋਕ ਸਭਾ ਦੀ ਟਿਕਟ ਦੇ ਕੇ ਚੋਣ ਮੈਦਾਨ ’ਚ ਉਤਾਰ ਦਿੱਤਾ ਜਾਂਦਾ ਹੈ ਤਾਂ ਉਸ ਹਾਲਾਤ ’ਚ ਖਾਲੀ ਹੋਈ ਸੀਟ ਔਜਲਾ ਨੂੰ ਦੇ ਕੇ ਉਸ ਨੂੰ ਸੰਤੁਸ਼ਟ ਕੀਤਾ ਜਾ ਸਕਦਾ ਹੈ ਕਿਉਂਕਿ ਬਹੁਤੀ ਸਿੱਖ ਆਬਾਦੀ ਵਾਲੇ ਹਲਕੇ ’ਚ ਸੱਤਾਧਾਰੀ 8 ਵਿਧਾਇਕਾਂ ’ਚੋਂ 4 ਹੀ ਜੱਟ ਸਿੱਖ ਹਨ ਤੇ ਕਾਂਗਰਸ ਦੁਆਰਾ ਇਸ ਸੀਟ ਤੋਂ ਕਿਸੇ ਜੱਟ ਸਿੱਖ ਨੂੰ ਹੀ ਉਮੀਦਵਾਰ ਬਣਾਏ ਜਾਣ ਦੀਆਂ ਸੰਭਾਵਨਾਵਾਂ ਹਨ ਪਰ ਜਿਥੋਂ ਤੱਕ ਸਿੱਧੂ ਤੇ ਸੁਖ ਸਰਕਾਰੀਆ ਦਾ ਸਵਾਲ ਹੈ ਤਾਂ ਉਹ ਕਿਸੇ ਵੀ ਕੀਮਤ ’ਤੇ ਕੈਬਨਿਟ ਮੰਤਰੀ ਦੀ ਕੁਰਸੀ ਨਹੀਂ ਛੱਡ ਸਕਦੇ। ਅਜਿਹੇ ਹਾਲਾਤ ’ਚ ਅਜਨਾਲਾ ਤੋਂ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਤੇ ਅੰਮ੍ਰਿਤਸਰ ਦੱਖਣੀ ਹਲਕੇ ਦੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ’ਤੇ ਵੀ ਟਿਕਟ ਦਾ ਦਬਾਅ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ। ਭਾਵੇਂ ਸੰਭਾਵੀ ਉਮੀਦਵਾਰਾਂ ’ਚ ਅੰਮ੍ਰਿਤਸਰ ਸ਼ਹਿਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਤੇ ਸਰਕਾਰੀਆ ਦੇ ਭਤੀਜੇ ਦਿਲਰਾਜ ਸਿੰਘ ਸਰਕਾਰੀਆ ਦਾ ਨਾਂ ਵੀ ਲਿਆ ਜਾ ਰਿਹਾ ਹੈ ਪਰ ਔਜਲਾ ਦੇ ਮੁਕਾਬਲੇ ਇਹ ਦੋਵੇਂ ਨੇਤਾ ਸਿਆਸੀ ਤੌਰ ’ਤੇ ਘੱਟ ਹੀ ਜਾਪਦੇ ਹਨ।


author

Bharat Thapa

Content Editor

Related News