ਸਫਾਈ ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਕਮਿਸ਼ਨ ਸੁਹਿਰਦ : ਹਰਦੀਪ  ਗਿੱਲ

Saturday, Apr 04, 2026 - 06:27 PM (IST)

ਸਫਾਈ ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਕਮਿਸ਼ਨ ਸੁਹਿਰਦ : ਹਰਦੀਪ  ਗਿੱਲ

ਅੰਮ੍ਰਿਤਸਰ (ਛੀਨਾ)- ਨਗਰ ਨਿਗਮ ਚੰਡੀਗੜ੍ਹ 'ਚ ਪਿਛਲੇ 18-20 ਸਾਲਾਂ ਤੋਂ ਕੱਚੇ ਤੌਰ ’ਤੇ ਡਿਊਟੀ ਨਿਭਾਅ ਰਹੇ  95 ਸਫਾਈ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਸਫਾਈ ਕਰਮਚਾਰੀ ਸੰਘਰਸ਼ ਕਮੇਟੀ ਚੰਡੀਗੜ੍ਹ ਵੱਲੋਂ ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ ਅਤੇ ਜਲਦ ਹੀ ਇਨ੍ਹਾਂ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ।

 ਇਹ ਜਾਣਕਾਰੀ ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ ਦੇ ਉੱਪ ਚੇਅਰਮੈਨ ਹਰਦੀਪ ਸਿੰਘ ਗਿੱਲ ਵੱਲੋਂ ਦਿੱਤੀ ਗਈ। ਉੱਪ ਚੇਅਰਮੈਨ ਹਰਦੀਪ ਗਿੱਲ ਨੇ ਕਿਹਾ ਕਿ ਇਨ੍ਹਾਂ ਸਫਾਈ ਕਰਮਚਾਰੀਆਂ ਦੀਆਂ ਮੁੱਖ ਮੰਗਾਂ ਵਿੱਚ ਬੇਸਿਕ ਡੀ.ਏ., ਮ੍ਰਿਤਕ ਕਰਮਚਾਰੀਆਂ ਦੇ ਪਰਿਵਾਰਿਕ ਮੈਂਬਰਾਂ ਨੂੰ ਨੌਕਰੀ, ਪੋਰਟਲ ਬੂਥ, ਮੈਡੀਕਲ ਦੀ ਸਹੂਲਤ, ਪੁਰਾਣੀ ਪੈਨਸ਼ਨ ਨੀਤੀ ਦੀ ਬਹਾਲੀ ਆਦਿ ਸ਼ਾਮਿਲ ਹਨ ਅਤੇ ਇਨ੍ਹਾਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ ਪੂਰੀ ਤਰ੍ਹਾਂ ਸੁਹਿਰਦ ਹੈ।  ਉਨ੍ਹਾਂ ਕਿਹਾ ਕਿ ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ ਦੇਸ਼ ਵਿੱਚ ਸਫਾਈ ਵਿਵਸਥਾ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਸਾਰੇ ਕਰਮਚਾਰੀਆਂ ਦੇ ਮੋਢੇ ਨਾਲ ਮੋਢਾ ਲਗਾ ਕੇ ਖੜ੍ਹਾ ਹੈ ਅਤੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਸਫਾਈ ਕਰਮਚਾਰੀਆਂ ਦੀਆਂ ਜਿੱਥੇ ਮੰਗਾਂ ਨੂੰ ਪੂਰਾ ਕੀਤਾ ਜਾਵੇ ਉੱਥੇ ਹੀ ਕੰਮ ਲਈ ਵਧੀਆ ਮਾਹੌਲ ਦੀ ਸਿਰਜਣਾ ਕੀਤੀ ਜਾਵੇ। 

ਹਰਦੀਪ ਗਿੱਲ ਨੇ ਕਿਹਾ ਕਿ ਸਫਾਈ ਕਰਮਚਾਰੀ ਸੰਘਰਸ਼ ਕਮੇਟੀ ਚੰਡੀਗੜ੍ਹ ਪ੍ਰਦੇਸ਼ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਚੱਢਾ ਤੇ ਜਸਬੀਰ ਕੁਮਾਰ ਟਾਂਕ ਨੂੰ ਅਸੀਂ ਵਿਸ਼ਵਾਸ਼ ਦਿਵਾਉਦੇ ਹਾਂ ਕਿ ਸਫਾਈ ਕਰਮਚਾਰੀਆਂ ਨੂੰ ਜਿੱਥੇ ਸਹੂਲਤਾਂ  ਯਕੀਨੀ ਬਣਾਉਣ ਲਈ ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ ਕਦਮ ਚੁੱਕੇਗਾ, ਉੱਥੇ ਹੀ ਕੰਮ ਕਰਨ ਦੇ ਹਾਲਾਤਾਂ ਨੂੰ ਬੇਹਤਰ ਬਣਾਉਣ ਲਈ ਵੀ ਕਮਿਸ਼ਨ ਪੂਰੀ ਸੁਹਿਰਦਤਾ ਨਾਲ ਅੱਗੇ ਵੱਧ ਰਿਹਾ ਹੈ।

 ਇਸ ਮੌਕੇ “ਘਰ-ਘਰ ਸੰਵਿਧਾਨ” ਮੁਹਿੰਮ ਦੇ ਤਹਿਤ ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ ਦੇ ਉਪ ਚੇਅਰਮੈਨ ਹਰਦੀਪ ਗਿੱਲ ਨੂੰ ਆਸਟਰੇਲੀਆ ਤੋਂ ਦੀਪ ਚੰਡਾਲੀਆ ਦੀ ਟੀਮ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਗਵਾਨ ਵਾਲਮੀਕਿ ਸ਼ੋਭਾ ਯਾਤਰਾ ਆਯੋਜਕ ਕਮੇਟੀ ਚੰਡੀਗੜ੍ਹ ਪ੍ਰਦੇਸ਼ ਦੇ ਸਮਦਰਸ਼ ਵੈਦ, ਨੀਰਜ ਕੁਮਾਰ, ਸੌਰਵ ਬੱਚੂ, ਰਾਣੀ, ਪੱਪੂ ਚਾਵਲਾ, ਸੋਨੂੰ ਮਹਾਰਾਜ ਤੇ ਹਰਿਆਣਾ ਮਹਾਂ ਸਭਾ ਪੰਚਕੁਲਾ ਦੇ ਪ੍ਰਧਾਨ ਸੁਰੇਸ਼ ਬੈਨੀਵਾਲ ਆਦਿ ਹਾਜ਼ਰ ਸਨ।


author

Shivani Bassan

Content Editor

Related News