CIA ਸਟਾਫ ਤਰਨਤਾਰਨ ਨੇ ਰਿਵਾਲਵਰ ਅਤੇ ਅਫੀਮ ਸਮੇਤ 3 ਮੁਲਜ਼ਮਾਂ ਨੂੰ ਕੀਤਾ ਕਾਬੂ

05/05/2022 12:05:45 PM

ਤਰਨ ਤਾਰਨ (ਰਮਨ) - ਸੀ. ਆਈ. ਏ. ਸਟਾਫ ਤਰਨਤਾਰਨ ਦੀ ਪੁਲਸ ਵੱਲੋਂ 3 ਸਮੱਗਲਰਾਂ ਨੂੰ ਇਕ ਪਿਸਤੌਲ ਅਤੇ 250 ਗ੍ਰਾਮ ਅਫੀਮ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਪੱਟੀ ਵਿਖੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਵਿਚੋਂ ਇਕ ਖੁਦ ਨੂੰ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਦਾ ਰਿਸ਼ਤੇਦਾਰ ਦੱਸ ਰਿਹਾ ਹੈ।

ਜਾਣਕਾਰੀ ਅਨੁਸਾਰ ਸੀ. ਆਈ. ਏ. ਸਟਾਫ ਤਰਨਤਾਰਨ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਯੂ. ਪੀ. ਤੋਂ ਇਕ ਗਿਰੋਹ ਦੇ ਚਾਰ ਮੈਂਬਰ ਅਸਲਾ ਅਤੇ ਅਫੀਮ ਲਿਆ ਕੇ ਪੱਟੀ ਇਲਾਕੇ ਵਿਚ ਵੇਚਣ ਦਾ ਕਾਰੋਬਾਰ ਕਰ ਰਹੇ ਹਨ। ਉਹ ਬੀਤੇ ਦਿਨ ਪੱਟੀ ਇਲਾਕੇ ਵਿਚ ਘੁੰਮ ਰਹੇ ਹਨ। ਇਸ ਸੂਚਨਾ ਦੇ ਆਧਾਰ ਉੱਪਰ ਸੀ. ਆਈ. ਏ. ਸਟਾਫ ਵੱਲੋਂ ਪੱਟੀ ਇਲਾਕੇ ਦੇ ਚੂਸਲੇਵੜ ਮੌੜ ਵਿਖੇ ਨਾਕਾਬੰਦੀ ਕਰਦੇ ਹੋਏ ਇਕ ਦਿੱਲੀ ਨੰਬਰ ਸਵਿਫਟ ਕਾਰ ਨੂੰ ਰੋਕਦੇ ਹੋਏ ਉਸ ਦੀ ਤਲਾਸ਼ੀ ਲਈ ਗਈ। ਕਾਰ ’ਚ ਕਰਨਬੀਰ ਸਿੰਘ ਉਰਫ ਕਰਨ ਪੁੱਤਰ ਸੁਖਦੇਵ ਸਿੰਘ, ਨਿਰੰਜਣ ਸਿੰਘ ਉਰਫ ਗੁਰਲਾਲ ਪੁੱਤਰ ਗੁਲਜ਼ਾਰ ਸਿੰਘ, ਗੁਰਜੀਤ ਸਿੰਘ ਉਰਫ ਜੀਤਾ ਪੁੱਤਰ ਸੁਖਵਿੰਦਰ ਸਿੰਘ ਅਤੇ ਸਰਵਣ ਸਿੰਘ ਪੁੱਤਰ ਬਲਬੀਰ ਸਿੰਘ ਸਵਾਰ ਸਨ।

ਪੁਲਸ ਨੇ ਤਲਾਸ਼ੀ ਦੌਰਾਨ ਇਨ੍ਹਾਂ ਤੋਂ 250 ਗ੍ਰਾਮ ਅਫੀਮ ਅਤੇ 32 ਬੋਰ ਰਿਵਾਲਵਰ ਬਰਾਮਦ ਕੀਤਾ। ਇਸ ਸਬੰਧੀ ਪੁਲਸ ਨੇ ਥਾਣਾ ਸਦਰ ਪੱਟੀ ਵਿਖੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਬਾਬਤ ਜਦੋਂ ਜ਼ਿਲ੍ਹੇ ਦੇ ਐੱਸ. ਪੀ. ਵਿਸ਼ਾਲ ਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਕੀਤੀ ਕਾਰਵਾਈ ਸਬੰਧੀ ਜਾਣਕਾਰੀ ਜਲਦ ਪੱਤਰਕਾਰਾਂ ਨੂੰ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪੁਲਸ ਇਸ ਬਾਬਤ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਰਾਹੀਂ ਜਾਣਕਾਰੀ ਦੇ ਸਕਦੀ ਹੈ।


rajwinder kaur

Content Editor

Related News