CIA ਪੁਲਸ ਨੇ ਸਫ਼ਲਤਾ ਹਾਸਲ ਕਰਦਿਆਂ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

11/29/2022 8:01:24 PM

ਅੰਮ੍ਰਿਤਸਰ (ਗੁਰਿੰਦਰ ਸਾਗਰ) : ਪੰਜਾਬ ਸਰਕਾਰ ਵੱਲੋਂ ਗੰਨ ਕਲਚਰ 'ਤੇ ਰੋਕ ਲਾਉਣ ਲਈ ਲਗਾਤਾਰ ਆਦੇਸ਼ ਜਾਰੀ ਕੀਤੇ ਜਾ ਰਹੇ ਹਨ, ਜਿਸ ਦੇ ਚੱਲਦੇ ਪੰਜਾਬ ਪੁਲਸ ਵੱਲੋਂ ਵੱਖ-ਵੱਖ ਥਾਵਾਂ 'ਤੇ ਮਾਮਲੇ ਵੀ ਦਰਜ ਕੀਤੇ ਗਏ ਹਨ। ਤਾਜ਼ਾ ਮਾਮਲੇ 'ਚ ਅੰਮ੍ਰਿਤਸਰ ਪੁਲਸ ਦੇ ਸੀਆਈਏ ਸਟਾਫ਼ ਨੇ 2 ਵਿਦੇਸ਼ੀ ਪਿਸਤੌਲਾਂ ਸਣੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ।

ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਬਾਈਪਾਸ 'ਤੇ ਨਾਕਾਬੰਦੀ ਕਰਕੇ ਜਦੋਂ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਨੌਜਵਾਨ ਪੁਲਸ ਨੂੰ ਦੇਖ ਕੇ ਘਬਰਾ ਕੇ ਭੱਜਣ ਲੱਗਾ। ਪੁਲਸ ਨੇ ਬੜੀ ਮੁਸਤੈਦੀ ਨਾਲ ਉਸ ਨੂੰ ਫੜਨ ਵਿੱਚ ਸਫ਼ਲਤਾ ਹਾਸਲ ਕੀਤੀ। ਵਿਅਕਤੀ ਦੀ ਪਛਾਣ ਜਗਪ੍ਰੀਤ ਸਿੰਘ ਉਰਫ ਲੋਹਾ ਦੇ ਰੂਪ 'ਚ ਹੋਈ, ਜਿਸ ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ 2 ਪਿਸਤੌਲ ਬਰਾਮਦ ਹੋਏ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਨੇ ਇਹ ਵਿਦੇਸ਼ੀ ਪਿਸਤੌਲ ਪਾਕਿਸਤਾਨ ਬੈਠੇ ਅਰਸ਼ਦੀਪ ਸਿੰਘ ਕੋਲੋਂ ਮਗਵਾਏ ਸਨ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਪਹਿਲੀ ਵਾਰ ਨੇਤਰਹੀਣਾਂ ਲਈ ਸ਼ੁਰੂ ਕੀਤੀ ਗਈ ਇਹ ਰਜਿਸਟ੍ਰੇਸ਼ਨ

PunjabKesari

ਸਾਂਢੂ ਨੂੰ ਮਾਰਨ ਵਾਲਾ ਵੀ ਦਬੋਚਿਆ

ਇਕ ਹੋਰ ਮਾਮਲੇ 'ਚ ਅੰਮ੍ਰਿਤਸਰ ਪੁਲਸ ਨੇ ਦੱਸਿਆ ਕਿ ਪਿਛਲੇ ਦਿਨੀਂ ਥਾਣਾ ਬੀ-ਡਵੀਜ਼ਨ ਅਧੀਨ ਆਉਂਦੇ ਇਲਾਕੇ 'ਚ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਕਾਰਵਾਈ ਕਰਦਿਆਂ ਮ੍ਰਿਤਕ ਸ਼ਮਸ਼ੇਰ ਸਿੰਘ ਦੀ ਪਤਨੀ ਮਨਦੀਪ ਕੌਰ ਦੇ ਬਿਆਨਾਂ 'ਤੇ ਮਾਮਲਾ ਦਰਜ ਕੀਤਾ ਸੀ।

ਉਨ੍ਹਾਂ ਦੱਸਿਆ ਕਿ ਮਨਦੀਪ ਕੌਰ ਨੇ ਦੱਸਿਆ ਕਿ ਉਸ ਦੀ ਛੋਟੀ ਭੈਣ ਦਾ ਵਿਆਹ ਸੀ, ਜਿੱਥੇ ਸਾਰੇ ਰਿਸ਼ਤੇਦਾਰਾਂ ਤੋਂ ਇਲਾਵਾ ਉਸ ਦਾ ਵੱਡਾ ਜੀਜਾ ਕੰਵਲਜੀਤ ਸਿੰਘ ਆਪਣੀ ਪਤਨੀ ਨਾਲ ਮਨਦੀਪ ਕੌਰ ਦੇ ਘਰ ਗਿਆ ਤੇ ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਅਗਲੇ ਦਿਨ ਉਹ ਆਪਣੇ ਘਰ ਵਾਪਸ ਚਲਾ ਗਿਆ। ਮਨਦੀਪ ਕੌਰ ਨੇ ਦੱਸਿਆ ਕਿ ਉਸ ਦੇ ਵੱਡੇ ਜੀਜਾ ਕੰਵਲਜੀਤ ਸਿੰਘ ਦਾ ਉਸ ਦੇ ਪਤੀ ਸ਼ਮਸ਼ੇਰ ਸਿੰਘ ਨਾਲ ਕਾਫੀ ਗਾਲੀ-ਗਲੋਚ ਹੋਇਆ, ਜਿਸ ਤੋਂ ਬਾਅਦ ਕੰਵਲਜੀਤ ਸਿੰਘ ਨੇ ਉਸ ਦੇ ਪਤੀ ਸ਼ਮਸ਼ੇਰ ਸਿੰਘ ਨੂੰ ਗੋਲੀ ਮਾਰ ਕੇ ਜਾਨੋਂ ਮਾਰ ਦਿੱਤਾ। ਇਸ 'ਤੇ ਪੁਲਸ ਨੇ ਕਾਰਵਾਈ ਕਰਦਿਆਂ ਕੰਵਲਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਸ ਕੋਲੋਂ ਇਕ ਪਿਸਤੌਲ ਅਤੇ ਕਾਰਤੂਸ ਬਰਾਮਦ ਕਰ ਲਏ ਹਨ। ਪੁਲਸ ਦਾ ਕਹਿਣਾ ਹੈ ਕਿ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸੁਨਿਆਰੇ ਦੀ ਦੁਕਾਨ 'ਤੇ ਨਕਾਬਪੋਸ਼ਾਂ ਦਾ ਕਾਰਨਾਮਾ, CCTV ਖੰਗਾਲ ਰਹੀ ਪੁਲਸ (ਵੀਡੀਓ)

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News