ਚੱਢਾ ਸ਼ੂਗਰ ਮਿੱਲ ਨੇ ਕੀਤੀ ਗੰਨੇ ਦੀ ਪੀੜਾਈ ਸ਼ੁਰੂ
Thursday, Dec 13, 2018 - 09:55 AM (IST)
ਬਟਾਲਾ/ਗੁਰਦਾਸਪੁਰ (ਬੇਰੀ, ਹਰਮਨ)—ਚੱਢਾ ਸ਼ੂਗਰ ਮਿੱਲ ਕੀੜੀ ਅਫਗਾਨਾ ਵਿਖੇ ਗੰਨੇ ਦੀ ਪੀੜਾਈ ਦਾ ਸੀਜ਼ਨ 2018-19 ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿਲ ਦੇ ਚੀਫ ਜਨਰਲ ਮੈਨੇਜਰ ਪਿਆਰਾ ਸਿੰਘ ਅਤੇ ਜੀ. ਐੱਮ. ਮਹਾਵੀਰ ਸਿੰਘ ਨੇ ਦੱਸਿਆ ਕਿ ਮਿੱਲ ਦੇ ਸੀਜ਼ਨ ਦਾ ਉਦਘਾਟਨ ਮਿੱਲ ਮਾਲਕ ਜਸਦੀਪ ਕੌਰ ਚੱਢਾ ਤੇ ਮਿੱਲ ਦੇ ਪ੍ਰੈਜ਼ੀਡੈਂਟ ਆਰ. ਏ. ਸਿੰਘ ਵਲੋਂ ਬੁੱਧਵਾਰ ਰਾਤ 11 ਵਜੇ ਸਾਂਝੇ ਤੌਰ 'ਤੇ ਕੀਤਾ ਗਿਆ। ਪਿਆਰਾ ਸਿੰਘ ਨੇ ਦੱਸਿਆ ਕਿ ਗੰਨੇ ਦੀਆਂ 250 ਟਰਾਲੀਆਂ ਮਿੱਲ ਵਿਚ ਪਹੁੰਚ ਚੁੱਕੀਆਂ ਹਨ। ਇਸ ਮਿੱਲ ਦੀ 8 ਹਜ਼ਾਰ ਟਨ ਰੋਜ਼ਾਨਾ ਗੰਨਾ ਪੀੜਨ ਦੀ ਸਮਰੱਥਾ ਹੈ। 110 ਲੱਖ ਕੁਇੰਟਲ ਗੰਨਾ ਪੀੜਤ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਢੇ 33 ਕਰੋੜ ਰੁਪਏ ਕਿਸਾਨਾਂ ਦੇ ਮਿੱਲ ਨੇ ਅਜੇ ਬਕਾਇਆ ਦੇਣੇ ਹਨ। ਹੁਣ ਜਿਹੜਾ ਗੰਨਾ ਪੀੜਿਆ ਜਾਵੇਗਾ, ਦੀ ਪੇਮੈਂਟ ਨਾਲ-ਨਾਲ ਕਰ ਦਿੱਤੀ ਜਾਵੇਗੀ। ਮਿੱਲ ਨੇ ਇਸ ਸੀਜ਼ਨ ਵਿਚ ਆਪਣਾ 23 ਹਜ਼ਾਰ ਏਕੜ ਗੰਨਾ ਚੁੱਕਣ ਦਾ ਟੀਚਾ ਮਿੱਥਿਆ ਹੈ। ਇਸ ਤੋਂ ਇਲਾਵਾ ਗੁਰਦਾਸਪੁਰ, ਬਟਾਲਾ ਅਤੇ ਭੋਗਪੁਰ ਸ਼ੂਗਰ ਮਿੱਲਾਂ ਦੇ ਇਲਾਕਿਆਂ ਵਿਚੋਂ ਵੀ ਗੰਨਾ ਚੁੱਕਣ ਦੀ ਇਜਾਜ਼ਤ ਮਿਲੀ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੇ ਗੰਨੇ ਦੀ ਪੀੜਾਈ ਕਰਵਾਉਣ ਮੌਕੇ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਮੌਕੇ ਯੂਨਿਟ ਹੈੱਡ ਮੁਨੀਸ਼ ਪਾਲ, ਵਾਈਸ ਪ੍ਰੈਜ਼ੀਡੈਂਟ ਜੇ. ਐੱਸ. ਗਰੇਵਾਲ, ਸਮੀਰ ਮਾਜੁਮਦਾਰ ਈ. ਵੀ. ਪੀ., ਪੀ. ਐੱਸ. ਰੰਧਾਵਾ ਡੀ. ਜੀ. ਐੱਮ. ਸੇਲਜ਼ ਆਦਿ ਮੌਜੂਦ ਸਨ।