ਡਿਪੂ ਹੋਲਡਰਾਂ ਨੂੰ ਬਲੈਕਮੇਲ ਕਰਨ ਦਾ ਮਾਮਲਾ: ਸਮਾਜ ਸੇਵਕ ਵਰੁਣ ਸਰੀਨ ਦੀ ਗ੍ਰਿਫ਼ਤਾਰੀ ਲਈ CP ਨੂੰ ਕੀਤੀ ਸ਼ਿਕਾਇਤ
Thursday, Jun 29, 2023 - 02:58 PM (IST)

ਅੰਮ੍ਰਿਤਸਰ (ਜ.ਬ/ਇੰਦਰਜੀਤ)- ਗੈਰਕਾਨੂੰਨੀ ਤੌਰ ’ਤੇ ਡਿਪੂ ਹੋਲਡਰਾਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਕੇ ਬਲੈਕੇਮਲ ਕਰਨ ਵਾਲੇ ਅਤੇ ਕਥਿਤ ਸਮਾਜ ਸੇਵਕ ਵਰੁਣ ਸਰੀਨ ਖ਼ਿਲਾਫ਼ ਪੂਰੇ ਪੰਜਾਬ ਵਿਚ ਡਿਪੂ ਹੋਲਡਰ ਇਕ ਮੰਚ ’ਤੇ ਆ ਗਏ ਹਨ ਅਤੇ ਵਰੁਣ ਸਰੀਨ ਦੀ ਗ੍ਰਿਫ਼ਤਾਰੀ ਲਈ ਅੰਦੋਲਨ ਛੇੜ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਡਿਪੂ ਹੋਲਡਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਸੰਜੀਵ ਸ਼ਰਮਾ ਲਾਡੀ ਦੀ ਅਗਵਾਈ ਵਿਚ ਸੈਂਕੜੇ ਡਿਪੂ ਹੋਲਡਰਾਂ ਨੇ ਕਮਿਸ਼ਨਰ ਆਫ਼ ਪੁਲਸ ਨੌਨਿਹਾਲ ਸਿੰਘ, ਡਿਪਟੀ ਕਮਿਸ਼ਨਰ ਅਮਿਤ ਤਲਵਾੜ ਅਤੇ ਡੀ. ਐੱਫ. ਐੱਸ. ਸੀ. ਅੰਮ੍ਰਿਤਸਰ ਨੂੰ ਹਲਫ਼ੀਆ ਬਿਆਨ ਰਾਹੀਂ ਸ਼ਿਕਾਇਤ ਦੇ ਕੇ ਵਰੁਣ ਸਰੀਨ ਖ਼ਿਲਾਫ਼ ਤੁਰੰਤ ਆਈ. ਟੀ. ਐਕਟ ਅਤੇ ਬਲੈਕਮੇਲਿੰਗ ਕਰਨ ਦੀਆਂ ਸਖ਼ਤ ਧਰਾਵਾਂ ਤਹਿਤ ਪਰਚਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰਨ ਬਾਰੇ ਕਿਹਾ ਹੈ। ਇਸ ਦੇ ਨਾਲ ਉਨ੍ਹਾਂ ਸਰਕਾਰ ਨੂੰ ਅਲਟੀਮੇਟਮ ਵੀ ਦਿੱਤਾ ਕਿ ਇਕ ਹਫ਼ਤੇ ਦੇ ਅੰਦਰ ਵਰੁਣ ਸਰੀਨ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜਿਆ ਜਾਵੇ, ਨਹੀਂ ਤਾਂ ਪੰਜਾਬ ਵਿਚ ਪੁਲਸ ਕਮਿਸ਼ਨਰ ਦਫ਼ਤਰਾਂ ਦੇ ਬਾਹਰ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਸੰਜੀਵ ਸ਼ਰਮਾ ਲਾਡੀ ਦੱਸਿਆ ਕਿ ਕੁਝ ਦਿਨ ਪਹਿਲਾਂ ਵਰੁਣ ਨੇ ਨਾਜਾਇਜ਼ ਤੌਰ ’ਤੇ ਡਿਪੂ ਹੋਲਡਰ ਜਸਵੀਰ ਸਿੰਘ ਅਤੇ ਹੋਰ ਕਈ ਡਿਪੂ ਹੋਲਡਰਾਂ ਦੀ ਵੀਡੀਓ ਬਣਾਈ ਅਤੇ ਬਾਅਦ ਵਿਚ ਉਨ੍ਹਾਂ ਨੂੰ ਵਾਇਰਲ ਕਰਨ ਦੀਆਂ ਧਮਕੀਆਂ ਦੇ ਕੇ ਬਲੈਕਮੇਲ ਕਰਨ ਲੱਗਾ, ਜਦੋ ਡਿਪੂ ਹੋਲਡਰਾਂ ਵਲੋਂ ਉਨ੍ਹਾਂ ਦੀ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ ਤਾਂ ਉਸ ਨੇ ਵੀਡੀਓ ਨੂੰ ਵਾਇਰਲ ਕਰ ਦਿੱਤਾ ਅਤੇ ਜਸਬੀਰ ਸਿੰਘ ਦੇ ਰਿਸ਼ਤੇਦਾਰਾਂ ਤੱਕ ਨੂੰ ਵੀਡੀਓ ਪੋਸਟ ਕਰ ਦਿੱਤੀ ਗਈ। ਜਸਬੀਰ ਸਿੰਘ ਦੇ ਨਾਲ ਉਸ ਦਾ ਮੁੰਡਾ ਜੋ ਬੀ. ਏ. ਪਹਿਲੇ ਸਮੈਸਟਰ ਵਿਚ ਪੜ੍ਹਦਾ ਹੈ, ਉਸ ਦੀ ਵੀ ਵੀਡੀਓ ਬਣਾਈ ਗਈ, ਜਿਸ ਨਾਲ ਉਸ ਦਾ ਮੁੰਡਾ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋ ਗਿਆ ਹੈ ਅਤੇ ਸਾਰੇ ਪਰਿਵਾਰ ਦਾ ਸਮਾਜ ਵਿਚ ਅਕਸ ਖ਼ਰਾਬ ਹੋਇਆ ਹੈ, ਜਦਕਿ ਵੀਡੀਓ ਵਿਚ ਜੋ ਬਾਰਦਾਨੇ ਦੀ ਗੱਲ ਕੀਤੀ ਗਈ ਹੈ ਉਹ ਵੀ ਗਲਤ ਸਾਬਿਤ ਹੋਈ ਹੈ, ਕਿਉਂਕਿ ਬਰਦਾਨੇ ’ਤੇ ਡਿਪੂ ਹੋਲਡਰ ਦਾ ਅਧਿਕਾਰ ਹੁੰਦਾ ਹੈ।
ਇਹ ਵੀ ਪੜ੍ਹੋ- ਰੇਲਵੇ ਸਟੇਸ਼ਨ ਦੇ ਪਲੇਟਫ਼ਾਰਮ ਨੰਬਰ 1 ’ਤੇ ਸ਼ਤਾਬਦੀ ਐੱਕਸਪ੍ਰੈੱਸ ਦਾ 12 ਘੰਟੇ ਕਬਜ਼ਾ, ਸਵਾਰੀਆਂ ਲਈ ਬਣੀ ਸਮੱਸਿਆ
ਬਲੈਕਮੇਲਿੰਗ ਦਾ ਸ਼ਿਕਾਰ ਹੋਏ ਹੋਰ ਡਿਪੂ ਹੋਲਡਰ ਵੀ ਆਏ ਅੱਗੇ
ਵਰੁਣ ਸਰੀਨ ਦੀ ਬਲੈਕਮੇਲਿੰਗ ਦਾ ਖੁਲਾਸਾ ਕਰਨ ਵਾਲੇ ਡਿਪੂ ਹੋਲਡਰ ਜਸਵੀਰ ਸਿੰਘ ਤੋਂ ਬਾਅਦ ਹੁਣ ਕਈ ਹੋਰ ਡਿਪੂ ਹੋਲਡਰ ਵੀ ਯੂਨੀਅਨ ਦੇ ਸਾਹਮਣੇ ਆ ਗਏ ਹਨ, ਜਿਨ੍ਹਾਂ ਨੂੰ ਵਰੁਣ ਸਰੀਨ ਵੱਲੋਂ ਇਕ ਤਰ੍ਹਾਂ ਨਾਲ ਬਲੈਕਮੇਲ ਕੀਤਾ ਗਿਆ ਸੀ। ਅਸਲ ’ਚ ਡਾਈ ਹੋਲਡਰ ਤੋਂ ਇਕ ਲੱਖ ਰੁਪਏ ਤੱਕ ਲਏ ਗਏ ਸਨ, ਜਿਸ ਦਾ ਖੁਲਾਸਾ ਹੁਣ ਡਾਈ ਹੋਲਡਰ ਨੇ ਕੀਤਾ ਹੈ ਅਤੇ ਉਹ ਵੀ ਪੁਲਸ ਨੂੰ ਵੱਖਰੇ ਤੌਰ ’ਤੇ ਸ਼ਿਕਾਇਤ ਕਰਨ ਜਾ ਰਿਹਾ ਹੈ। ਇਕ ਹੋਰ ਡਿਪੂ ਹੋਲਡਰ ਨੇ ਵੀ ਵਰਣ ਖ਼ਿਲਾਫ਼ ਪੁਲੀਸ ਤੇ ਹੋਰ ਅਧਿਕਾਰੀਆਂ ਕੋਲ ਸ਼ਿਕਾਇਤ ਕੀਤੀ, ਜਿਸ ਨੂੰ ਦਬਾਇਆ ਜਾ ਰਿਹਾ ਹੈ।
ਫੂਡ ਸਪਲਾਈ ਵਿਭਾਗ ਦੇ ਗੱਦਾਰ ਅਫਸਰਾਂ ਦੇ ਜਲਦ ਕੀਤੇ ਜਾਣਗੇ ਖੁਲਾਸੇ
ਸੰਜੀਵ ਸ਼ਰਮਾ ਲਾਡੀ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਡਿਪੂ ਹੋਲਡਰਾਂ ਨੂੰ ਭਾਰੀ ਪ੍ਰੇਸ਼ਾਨੀ ਵਿੱਚੋਂ ਲੰਘਣਾ ਪੈ ਰਿਹਾ ਹੈ, ਜਦਕਿ ਵਿਭਾਗ ਦੇ ਕੁਝ ਗੱਦਾਰ ਅਧਿਕਾਰੀ ਖੁਦ ਹੀ ਬਲੈਕਮੇਲਰਾਂ ਨੂੰ ਗੁਪਤ ਸੂਚਨਾਵਾਂ ਦੇ ਕੇ ਡਿਪੂ ਹੋਲਡਰਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਇਸ ਲਈ ਜਲਦੀ ਹੀ ਵਿਭਾਗ ਦੇ ਉਨ੍ਹਾਂ ਗੱਦਾਰ ਅਫਸਰਾਂ ਦੇ ਨਾਂ ਸਾਹਮਣੇ ਲਿਆਂਦੇ ਜਾਣਗੇ ਜੋ ਆਪਣੇ ਵਿੱਤੀ ਲਾਭ ਅਤੇ ਨਿੱਜੀ ਹਿੱਤਾਂ ਲਈ ਵਿਭਾਗ ਨਾਲ ਧੋਖਾ ਕਰ ਰਹੇ ਹਨ ਅਤੇ ਈਮਾਨਦਾਰ ਅਫਸਰਾਂ ਅਤੇ ਡਿਪੂ ਹੋਲਡਰਾਂ ਨੂੰ ਬਲੈਕਮੇਲ ਕਰ ਰਹੇ ਹਨ। ਅਜਿਹੇ ਗਦਾਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸਿ਼ਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ- ਪੁਲਸ ਕਮਿਸ਼ਨ ਨੌਨਿਹਾਲ ਸਿੰਘ ਨੇ 45 ਦਿਨਾਂ ’ਚ ਸਾਰੀਆਂ ਸ਼ਿਕਾਇਤਾਂ ਦਾ ਕੀਤਾ ਨਿਪਟਾਰਾ, DGP ਨੇ ਥਾਪੜੀ ਪਿੱਠ
ਕਈ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਗਵਾਹੀ ਦੇਣ ਨੂੰ ਹਨ ਤਿਆਰ
ਜਿਵੇਂ ਹੀ ਡਿਪੂ ਹੋਲਡਰਾਂ ਨੇ ਬਲੈਕਮੇਲ ਕਰਨ ਵਾਲੇ ਵਰੁਣ ਸਰੀਨ ਖ਼ਿਲਾਫ਼ ਮੋਰਚਾ ਖੋਲ੍ਹਿਆ ਹੈ, ਇਸ ਨੂੰ ਦੇਖਦੇ ਹੋਏ ਕੁਝ ਹੋਰ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਡਿਪੂ ਹੋਲਡਰ ਯੂਨੀਅਨ ਦੇ ਸੰਪਰਕ ਵਿੱਚ ਆ ਗਏ ਹਨ ਅਤੇ ਪੁਲਸ ਨੂੰ ਵਰੁਣ ਖਿਲਾਫ ਗਵਾਹੀ ਦੇਣ ਲਈ ਤਿਆਰ ਹੋ ਗਏ ਹਨ। ਇਨ੍ਹਾਂ ਵਿਚ ਕੁਝ ਅਧਿਕਾਰੀ ਤਾਂ ਖੁਦ ਪੁਲਸ ਦੇ ਹੀ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਅੱਤਵਾਦੀ ਹਮਲੇ ਦੀ ਤਲਾਸ਼ 'ਚ ਆਈ.ਐੱਸ.ਆਈ, ਭਾਲ ਰਹੀ ਦਹਿਸ਼ਤ ਫੈਲਾਉਣ ਵਾਲੇ ਹੈਂਡਲਰ
ਮੁੱਖ ਮੰਤਰੀ ਦੀ ਵੀਡੀਓ ਬਣਾਉਣ ਦੇ ਹੁਕਮਾਂ ਦੀ ਗਲਤ ਵਰਤੋ ਕਰ ਰਹੇ ਹਨ ਕਈ ਲੋਕ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿੱਥੇ ਭ੍ਰਿਸ਼ਟਾਚਾਰ ਹੈ, ਉੱਥੇ ਵੀਡੀਓ ਬਣਾ ਕੇ ਟੋਲ ਫ੍ਰੀ ਸ਼ਿਕਾਇਤ ਸੈੱਲ ਵਿਚ ਪਾ ਦਿਓ ਪਰ ਮੁੱਖ ਮੰਤਰੀ ਦੀ ਇਸ ਅਪੀਲ ਨੂੰ ਕਈ ਲੋਕ ਗਲਤ ਤਰੀਕੇ ਇਸਤੇਮਾਲ ਕਰ ਰਹੇ ਹਨ। ਬਲੈਕਮੇਲਿੰਗ ਕਰਨ ਵਾਲੇ ਲੋਕ ਗੈਰ-ਕਾਨੂੰਨੀ ਤਰੀਕੇ ਨਾਲ ਵੀਡੀਓ ਬਣਾ ਕੇ ਇਸ ਦੀ ਆੜ ਵਿਚ ਬਲੈਕਮੇਲ ਕਰ ਰਹੇ ਹਨ। ਹਾਲ ਹੀ ਵਿਚ ਪੁਲਸ ਨੇ ਦੋ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਗੈਰ-ਕਾਨੂੰਨੀ ਤਰੀਕੇ ਨਾਲ ਵੀਡੀਓ ਬਣਾ ਰਹੇ ਸਨ। ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਕਿਸੇ ਵੀ ਵਿਅਕਤੀ ਦੀ ਇਜਾਜ਼ਤ ਤੋਂ ਬਿਨਾਂ ਉਸ ਦੀ ਵੀਡੀਓ ਨਹੀਂ ਬਣਾਈ ਜਾ ਸਕਦੀ ਅਤੇ ਵੀਡੀਓ ਵਾਇਰਲ ਕਰਨਾ ਇੱਕ ਵੱਡਾ ਅਪਰਾਧ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।