ਕੈਨੇਡਾ ਦਾ ਵੀਜ਼ਾ ਨਾ ਲਗਾਉਣ ਅਤੇ 25.60 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਨਾਮਜ਼ਦ
Thursday, Sep 18, 2025 - 02:37 PM (IST)

ਧਾਰੀਵਾਲ (ਖੋਸਲਾ, ਬਲਬੀਰ)-ਥਾਣਾ ਘੁੰਮਣ ਕਲਾਂ ਦੀ ਪੁਲਸ ਨੇ ਕੈਨੇਡਾ ਦਾ ਵੀਜ਼ਾ ਨਾ ਲਗਵਾਉਣ ਅਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੀ ਇਕ ਔਰਤ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਵਿਰੁੱਧ ਕੇਸ ਦਰਜ ਕੀਤਾ ਹੈ। ਜਰਮਨਪ੍ਰੀਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਮੁਸਤਫਾਪੁਰ ਨੇ ਪੁਲਸ ਅਧਿਕਾਰੀਆਂ ਨੂੰ ਦੱਸਿਆ ਕਿ ਉਸਦਾ ਵਿਆਹ ਰਮਨਦੀਪ ਕੌਰ ਪੁੱਤਰੀ ਜਸਵੰਤ ਸਿੰਘ ਵਾਸੀ ਵਜੀਰਕੇ ਖੁਰਦ ਜ਼ਿਲਾ ਬਰਨਾਲਾ ਨਾਲ ਹੋਇਆ ਸੀ ਪਰ ਵਿਆਹ ਤੋਂ ਬਾਅਦ ਰਮਨਦੀਪ ਕੌਰ ਅਤੇ ਉਸਦੇ ਭਰਾ ਸੁਖਪਾਲ ਸਿੰਘ, ਪਿਤਾ ਜਸਵੰਤ ਸਿੰਘ, ਮਾਤਾ ਸਰਬਜੀਤ ਕੌਰ, ਗੁਰਪਾਲ ਸਿੰਘ ਵਾਸੀਆਨ ਵਜੀਰਕੇ ਖੁਰਦ, ਕੁਲਦੀਪ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਫੱਤੂਪੁਰ ਨੇ ਇਕ ਸਲਾਹ ਹੋ ਕੇ ਰਮਨਦੀਪ ਕੌਰ ਨੂੰ ਉਸਦੇ ਖਰਚੇ ’ਤੇ ਵਿਦੇਸ਼ ਕੈਨੇਡਾ ਸਟੱਡੀ ਵੀਜ਼ੇ ’ਤੇ ਭੇਜਣ ਦੀ ਮੰਗ ਕੀਤੀ, ਜਿਸ ’ਤੇ ਉਸਨੇ ਰਮਨਦੀਪ ਕੌਰ ਨੂੰ ਆਪਣੇ ਖਰਚੇ ’ਤੇ ਵਿਦੇਸ਼ ਕੈਨੇਡਾ ਭੇਜ ਦਿੱਤਾ।
ਰਮਨਦੀਪ ਕੌਰ ਨੇ ਕੈਨੇਡਾ ਪਹੁੰਚ ਕੇ ਉਸ ਕੋਲੋਂ ਹੋਰ ਪੈਸੇ ਤਾਂ ਮੰਗਵਾ ਲਏ ਪਰ ਉਸਨੂੰ ਕੈਨੇਡਾ ਦਾ ਵੀਜ਼ਾ ਲਗਵਾ ਕੇ ਨਹੀਂ ਦਿੱਤਾ, ਜਿਸ ਕਾਰਨ 25 ਲੱਖ 60 ਹਜ਼ਾਰ 587 ਰੁਪਏ ਦੀ ਉਕਤ ਵਿਅਕਤੀਆਂ ਨੇ ਇਕ ਸਾਰ ਹੋ ਕੇ ਉਸ ਨਾਲ ਧੋਖਾਦੇਹੀ ਕੀਤੀ ਹੈ। ਪੁਲਸ ਵਲੋਂ ਕੀਤੀ ਗਈ ਜਾਂਚ ਤੋਂ ਬਾਅਦ ਪੁਲਸ ਨੇ ਜਰਮਨਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਵਿਅਕਤੀਆਂ ਦੇ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।