ਸਰਕਾਰੀ ਨਸ਼ਾ ਛੁਡਾਊ ਕੇਂਦਰ ਦੇ ਬਾਹਰ ਬੁਫਰੋਨੋਰਫਿਨ ਦਵਾਈ ਦੀ ‘ਕਾਲਾਬਜ਼ਾਰੀ’, ਸਟਿੰਗ ਆਪ੍ਰੇਸ਼ਨ ਨੇ ਖੋਲ੍ਹੀ ਪੋਲ

Thursday, Jan 25, 2024 - 01:24 PM (IST)

ਸਰਕਾਰੀ ਨਸ਼ਾ ਛੁਡਾਊ ਕੇਂਦਰ ਦੇ ਬਾਹਰ ਬੁਫਰੋਨੋਰਫਿਨ ਦਵਾਈ ਦੀ ‘ਕਾਲਾਬਜ਼ਾਰੀ’, ਸਟਿੰਗ ਆਪ੍ਰੇਸ਼ਨ ਨੇ ਖੋਲ੍ਹੀ ਪੋਲ

ਅੰਮ੍ਰਿਤਸਰ (ਦਲਜੀਤ)- ਸਰਕਾਰੀ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਦੇ ਬਾਹਰ ਨਸ਼ਾ ਛੁਡਾਉਣ ਵਾਲੀ ਬੁਫਰੋਨੋਰਫਿਨ ਗੋਲੀਆਂ ਦੀ ਕਾਲਾ ਬਾਜ਼ਾਰੀ ਹੋ ਰਹੀ ਹੈ। ਕੇਂਦਰ ਵਿਚ ਨਸ਼ਾ ਛੱਡਣ ਦੀ ਦਵਾਈ ਲੈਣ ਆਉਣ ਵਾਲੇ ਕੁਝ ਨੌਜਵਾਨ ਅੰਦਰੋਂ ਗੋਲੀਆਂ ਲੈ ਕੇ ਧੜੱਲੇ ਨਾਲ ਸੜਕਾਂ ’ਤੇ ਬਲੈਕ ਵਿਚ ਵੇਚ ਰਹੇ ਹਨ। ਕੇਂਦਰ ਦੇ ਅੰਦਰੋਂ ਮੁਫ਼ਤ ਮਿਲਣ ਵਾਲੀਆਂ ਗੋਲੀਆਂ 70 ਪ੍ਰਤੀ ਗੋਲੀ ਅਤੇ ਦੋ ਗੋਲੀਆਂ 100 ਰੁਪਏ ਵੇਚ ਕੇ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਰਹੇ ਹਨ।

ਕੇਂਦਰ ਦੇ ਨਜ਼ਦੀਕ ਇਹ ਗੋਰਖ ਧੰਦਾ ਅੱਜ ਦਾ ਨਹੀਂ, ਸਗੋਂ ਪਿਛਲੇ ਕਈ ਮਹੀਨਿਆਂ ਤੋਂ ਜਾਰੀ ਹੈ। ਬਲੈਕ ਵਿਚ ਗੋਲੀਆਂ ਲੈ ਕੇ ਨਸ਼ੇੜੀ ਟੀਕਾ ਲਗਾ ਕੇ ਜਾਂ ਹੋਰ ਤਰੀਕਿਆਂ ਨਾਲ ਇਸ ਦਾ ਸੇਵਨ ਕਰ ਰਹੇ ਹਨ। ਕੇਂਦਰ ਦੇ ਬਾਹਰ ਬੁਫਰੋਨੋਰਫਿਨ ਦੀਆਂ ਸਾਬਤ ਗੋਲੀਆਂ ਬਲੈਕ ਕਰਨ ਵਾਲੇ ਨੌਜਵਾਨਾਂ ਕੋਲੋਂ ਪਹੁੰਚਣੀਆਂ ਸਿਹਤ ਵਿਭਾਗ ਦੀ ਕਾਰਗੁਜ਼ਾਰੀ ਨੂੰ ਵੀ ਸ਼ੱਕ ਦੇ ਘੇਰੇ ਵਿਚ ਲਿਆ ਰਹੀਆਂ ਹਨ। ਜਗ ਬਾਣੀ ਵੱਲੋਂ ਕੀਤੇ ਗਏ ਸਟਿੰਗ ਆਪ੍ਰੇਸ਼ਨ ਵਿਚ ਅਧਿਕਾਰੀਆਂ ਵੱਲੋਂ ਨਸ਼ੇ ਦੇ ਖ਼ਾਤਮੇ ਸਬੰਧੀ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਖੁੱਲ੍ਹਦੀ ਦਿਖਾਈ ਦੇ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਹੱਡ ਚੀਰਵੀਂ ਠੰਢ ਤੇ ਸੰਘਣੀ ਧੁੰਦ ਨੇ ਲੋਕਾਂ ਦੀ ਕਰਾਈ ਤੌਬਾ, ਮੌਸਮ ਵਿਭਾਗ ਨੇ ਜਾਰੀ ਕੀਤਾ ਰੈੱਡ ਅਲਰਟ

ਜਾਣਕਾਰੀ ਅਨੁਸਾਰ ਸਿਹਤ ਵਿਭਾਗ ਵੱਲੋਂ ਨਸ਼ਾ ਛੁਡਾਉਣ ਲਈ ਸਰਕਾਰੀ ਮੈਡੀਕਲ ਕਾਲਜ ਫਤਿਹਗੜ੍ਹ ਚੂੜੀਆਂ ਰੋਡ ਦੇ ਨਜ਼ਦੀਕ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਖੋਲ੍ਹਿਆ ਗਿਆ ਹੈ। ਵਿਭਾਗ ਵੱਲੋਂ ਇਸ ਕੇਂਦਰ ਵਿਚ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਮੁੜ ਨਸ਼ੇ ਦੀ ਗ੍ਰਿਫ਼ਤ ’ਚੋਂ ਬਾਹਰ ਲਿਆਉਣ ਲਈ ‘ਓਟ ਸੈਂਟਰ’ ਬਣਾਇਆ ਗਿਆ ਹੈ। ਇਸ ਸੈਂਟਰ ਵਿਚ 300 ਦੇ ਕਰੀਬ ਮਰੀਜ਼ ਨਸ਼ੇ ਦੀ ਦਲ ਦਲ ਵਿੱਚੋਂ ਬਾਹਰ ਆਉਣ ਲਈ ਰੋਜ਼ਾਨਾ ਮਿਲਣ ਵਾਲੀ ਦਵਾਈ ਦਾ ਸੇਵਨ ਕਰਨ ਲਈ ਆਉਂਦੇ ਹਨ। 1000 ਦੇ ਕਰੀਬ ਬੁਫਰੋਨੋਰਫਿਨ ਦੀਆਂ ਗੋਲੀਆਂ ਵਿਚ ਰੋਜਾਨਾ ਮਰੀਜ਼ਾਂ ਵਿਚ ਵੱਡੀਆਂ ਜਾਂਦੀਆਂ ਹਨ। ਕੇਂਦਰ ਵਿਚ ਨਿਯਮ ਤਹਿਤ ਆਉਣ ਵਾਲੇ ਮਰੀਜ਼ਾਂ ਨੂੰ ਪੀਸ ਕੇ ਸਟਾਫ਼ ਆਪਣੇ ਸਾਹਮਣੇ ਬੁਫਰੋਨੋਰਫਿਨ ਦਵਾਈ ਦਾ ਸੇਵਨ ਕਰਵਾਉਂਦੇ ਹਨ ਪਰ ਕੁਝ ਨੌਜਵਾਨ ਬੁਫਰੋਨੋਰਫਿਨ ਗੋਲੀਆਂ ਪੀਸ ਕੇ ਸਟਾਫ਼ ਦੇ ਸਾਹਮਣੇ ਖਾਣ ਦਾ ਡਰਾਮਾ ਕਰਦੇ ਹਨ ਅਤੇ ਹੱਥ ਵਿਚ ਦੋ ਪਰਚੀਆਂ ਲੈ ਕੇ ਜਾਂਦੇ ਹਨ। ਇਕ ਪਰਚੀ ਵਿਚ ਦਵਾਈ ਪਵਾ ਕੇ ਉਸ ਨੂੰ ਉਂਗਲਾਂ ਵਿਚ ਰੱਖ ਲੈਂਦੇ ਹਨ ਜਦਕਿ ਦੂਸਰੀ ਖਾਲੀ ਪਰਚੀ ਦਵਾਈ ਦਾ ਸੇਵਨ ਕਰਨ ਦਾ ਝੂਠ ਰਜ ਕੇ ਬਾਅਦ ਵਿਚ ਉਸ ਨੂੰ ਸਟਾਫ਼ ਦੇ ਸਾਹਮਣੇ ਡਸਟਬਿਨ ਵਿਚ ਸੁੱਟ ਦਿੰਦੇ ਹਨ। ਇਸ ਤਰ੍ਹਾਂ ਹੱਥ ਵਿਚ ਆਈ ਪੀਸੀ ਹੋਈ ਦਵਾਈ ਬਾਹਰ ਲਿਆ ਕੇ ਉਸ ਨੂੰ ਬਲੈਕ ਵਿਚ ਵੇਚਦੇ ਹਨ।

ਇਸੇ ਤਰ੍ਹਾਂ ਕੁਝ ਨੌਜਵਾਨ ਸਾਬਤ ਗੋਲੀਆਂ ਵੀ ਲੈ ਕੇ ਕਾਲਾ ਬਾਜ਼ਾਰੀ ਕਰ ਰਹੇ ਹਨ । ਜਗ ਬਾਣੀ ਨੂੰ ਪਿਛਲੇ ਕਈ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਕੇਂਦਰ ਦੇ ਬਾਅਦ ਸਰਕਾਰੀ ਮਿਲਣ ਵਾਲੀ ਬੁਫਰੋਨੋਰਫਿਨ ਦਵਾਈ ਦੀ ਕਾਲਾ ਬਾਜ਼ਾਰੀ ਹੋਰ ਰਹੀ ਹੈ। 'ਜਗ ਬਾਣੀ' ਵੱਲੋਂ ਜਦੋਂ ਇਸ ਸਬੰਧੀ ਸਟਿੰਗ ਆਪ੍ਰੇਸ਼ਨ ਕੀਤਾ ਗਿਆ ਤਾਂ ਪਹਿਲੇ ਦਿਨ ਇੱਕ ਨੌਜਵਾਨ ਜੋ ਖੁਦ ਨਸ਼ੇ ਵਿਚ ਦਿਖਾਈ ਦੇ ਰਿਹਾ ਸੀ। ਉਹ ਨਸ਼ਾ ਛੁਡਾਉਣ ਵਾਲੀ ਉਕਤ ਦਵਾਈ ਬਾਹਰ ਪੱਤਿਆਂ ਵਿਚ ਵੇਚਦਾ ਦਿਖਾਈ ਦਿੱਤਾ। ਜਦੋਂ ਨੌਜਵਾਨ ਨੂੰ ਪੁੱਛਿਆ ਗਿਆ ਕਿ ਇਹ ਗੋਲੀਆਂ ਅਸਲੀ ਹਨ ਤਾਂ ਉਸਨੇ ਕਿਹਾ ਕਿ ਅਸਲੀ ਹਨ। ਅੰਦਰੋਂ ਲੈ ਕੇ ਆਇਆਂ ਹਾਂ ਅਤੇ ਅਸਰ ਵੀ ਪੂਰਾ ਕਰਦੀਆਂ ਹਨ ਜਾ ਕੇ ਜਿੱਥੇ ਮਰਜ਼ੀ ਜਾਂਚ ਕਰਵਾ ਲਓ। ਨੌਜਵਾਨ ਨੇ ਦੱਸਿਆ ਕਿ ਉਹ ਵੀ ਅੰਦਰੋਂ ਨਸ਼ਾ ਛੁਡਾਉਣ ਦੀ ਦਵਾਈ ਖਾਂਦਾ ਹੈ ਪਰ ਦਵਾਈ ਜ਼ਿਆਦਾ ਆ ਗਈ ਹੈ। ਇਸ ਲਈ ਉਹ ਬਾਹਰ ਵੇਚ ਰਿਹਾ ਹੈ। ਨੌਜਵਾਨ ਨੇ ਪ੍ਰਤੀ ਗੋਲੀ 70 ਰੁਪਏ ਅਤੇ ਦੋ ਗੋਲੀਆਂ ਦਾ ਮੁੱਲ 100 ਰੁਪਏ ਦੱਸਿਆ ।

ਇਹ ਵੀ ਪੜ੍ਹੋ : ਦਵਾਈ ਦੇਣ ਤੋਂ ਇਨਕਾਰ ਕਰਨ 'ਤੇ ਪਤਨੀ ਨੇ ਪਤੀ ਦਾ ਕਰ 'ਤਾ ਕਤਲ

ਨੌਜਵਾਨ ਬਾਅਦ ਵਿਚ ਕਹਿਣ ਲੱਗਾ ਕਿ ਜਿੰਨੀ ਮਰਜ਼ੀ ਦਵਾਈ ਲਓ। ਉਹ ਰੋਜ਼ਾਨਾ ਉਥੇ ਹੀ ਖੜ੍ਹਾ ਹੁੰਦਾ ਹੈ। ਉਸ ਨੇ ਕਿਹਾ ਕਿ ਉਹ ਸਾਬਤ ਗੋਲੀਆਂ ਵੇਚਦਾ ਹੈ ਜਦ ਕਿ ਦੂਸਰਾ ਮੁੰਡਾ ਜੋ ਕੇਂਦਰ ਦੇ ਨਜ਼ਦੀਕ ਖੜ੍ਹਾ ਸੀ, ਉਹ ਪੀਸੀ ਦਵਾਈ ਵੇਚਦਾ ਸੀ। ਕੁਝ ਦਿਨ ਬਾਅਦ ਜਦੋਂ ਦੁਬਾਰਾ ਕੇਂਦਰ ਦੇ ਨਜ਼ਦੀਕ ਖੜ੍ਹੇ ਦੂਸਰੇ ਨੌਜਵਾਨ ਕੋਲ ਜਾ ਕੇ ਦਵਾਈ ਦੀ ਮੰਗ ਕੀਤੀ ਗਈ ਤਾਂ ਪੀਸੀ ਹੋਈ ਦਵਾਈ ਜੋ ਅੰਦਰੋ ਮਿਲਦੀ ਹੈ, ਉਹ ਪੁੜੀ ਵਿਚ ਖੋਲ੍ਹ ਕੇ ਦਿਖਾਈ ਅਤੇ ਕਿਹਾ ਕਿ ਇਹ ਦਵਾਈ ਬਿਲਕੁੱਲ ਸ਼ੁੱਧ ਹੈ। ਜੋ ਅੰਦਰੋਂ ਹੁਣੇ ਲਿਆਂਦੀ ਹੈ ਪਰ ਇਹ ਦੋ ਗੋਲੀਆਂ ਦਾ ਮੁੱਲ 170 ਲੱਗਣਾ ਹੈ। ਉਸ ਨੇ ਕਿਹਾ ਕਿ ਇਹ ਦਵਾਈ ਪਿਓਰ ਹੈ ਚਾਹੇ ਜਾ ਕੇ ਕੇਂਦਰ ਵਿੱਚੋਂ ਚੈੱਕ ਕਰਵਾ ਲਓ।

ਸਰਕਾਰ ਕਰੇ ਸਖ਼ਤ ਕਾਰਵਾਈ : ਗਿੱਲ, ਮਜੀਠੀਆ

ਸਮਾਜ ਸੇਵਕ ਬਿਕਰਮ ਸਿੰਘ ਗਿੱਲ ਅਤੇ ਸੰਦੀਪ ਕੁਮਾਰ ਮਜੀਠੀਆ ਨੇ ਦੱਸਿਆ ਕਿ ਸਰਕਾਰ ਵੱਲੋਂ ਨਸ਼ਾ ਛੁਡਾਉਣ ਲਈ ਸਰਕਾਰੀ ਓਟ ਸੈਂਟਰ ਖੋਲ੍ਹੇ ਗਏ ਹਨ ਪਰ ਸਰਕਾਰੀ ਮੈਡੀਕਲ ਕਾਲਜ ਨਜ਼ਦੀਕ ਸਥਿਤ ਕੁਝ ਨੌਜਵਾਨ ਬਲੈਕ ਵਿਚ ਸਰਕਾਰੀ ਦਵਾਈ ਨੂੰ ਵੇਚ ਰਹੇ ਹਨ। ਉਨ੍ਹਾਂ ਵੱਲੋਂ ਕੁਝ ਦਿਨ ਪਹਿਲਾਂ ਅਜਿਹੇ ਨੌਜਵਾਨਾਂ ਦੀ ਵੀਡੀਓ ਬਣਾਈ ਗਈ ਸੀ ਅਤੇ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਕੀਤੀ ਗਈ ਸੀ ਪਰ ਅਫਸੋਸ ਦੀ ਗੱਲ ਹੈ ਕਿ ਅਧਿਕਾਰੀਆਂ ਵੱਲੋਂ ਇਸ ਬਾਬਤ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਇਹ ਗੋਰਖ ਧੰਦਾ ਹੌਲੀ ਹੌਲੀ ਵਾਧਾ ਹੋਇਆ ਸਿਖਰਾਂ ’ਤੇ ਪਹੁੰਚ ਗਿਆ ਹੈ। ਪੰਜਾਬ ਸਰਕਾਰ ਨਸ਼ੇ ਦੀ ਖਾਤਮੇ ਦੀ ਗੱਲ ਕਰਦੀ ਹੈ ਪਰ ਜੇਕਰ ਅਜਿਹੇ ਹਾਲਾਤ ਰਹੇ ਤਾਂ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਨਸ਼ੇ ਦਾ ਛੇਵਾਂ ਦਰਿਆ ਹੋਰ ਵੱਧ ਜਾਵੇਗਾ। ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਅਧਿਕਾਰੀਆਂ ਅਤੇ ਬਾਹਰ ਕਾਲਾ ਬਾਜ਼ਾਰੀ ਕਰ ਰਹੇ ਨਸ਼ੇ ਦੇ ਸੌਦਾਗਰਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ : ਗਣਤੰਤਰ ਦਿਵਸ ਨੂੰ ਮੁੱਖ ਰੱਖਦਿਆਂ ਪੁਲਸ ਨੇ ਤਰਨਤਾਰਨ ’ਚ ਕੱਢਿਆ ਫਲੈਗ ਮਾਰਚ

20 ਹਜ਼ਾਰ ਦੇ ਕਰੀਬ ਨਸ਼ਾ ਛੱਡਣ ਵਾਲੇ ਨੌਜਵਾਨ ਹਨ ਰਜਿਸਟਰ

ਨਸ਼ਾ ਵਿਰੋਧੀ ਲਹਿਰ ਦੇ ਮੁਖ ਸੰਸਥਾਪਕ ਅਤੇ ਉੱਘੇ ਸਮਾਜ ਸੇਵਕ ਪੂਰਨ ਸਿੰਘ ਸੰਧੂ ਰਣੀਕੇ ਨੇ ਦੱਸਿਆ ਕਿ ਜ਼ਿਲ੍ਹੇ ਵਿਚ 20 ਹਜ਼ਾਰ ਦੇ ਕਰੀਬ ਨਸ਼ਾ ਛੱਡਣ ਵਾਲੇ ਨੌਜਵਾਨ ਸਿਹਤ ਵਿਭਾਗ ਵੱਲੋਂ ਰਜਿਸਟਰ ਕੀਤੇ ਗਏ ਹਨ। ਇਹ ਨੌਜਵਾਨ ਉਹ ਹਨ ਜੋ ਓਟ ਸੈਂਟਰਾਂ ਵਿਚ ਦਵਾਈ ਦਾ ਸਹਾਰਾ ਲੈ ਕੇ ਨਸ਼ਾ ਛੱਡਣਾ ਚਾਹੁੰਦੇ ਹਨ ਪਰ ਇਨਾ ਵੱਡਾ ਅੰਕੜਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨ ਖੜ੍ਹੇ ਕਰਦਾ ਹੈ। ਇਕ ਪਾਸੇ ਨਸ਼ੇ ਦੀ ਰੋਕਥਾਮ ਲਈ ਪੁਲਸ ਪ੍ਰਸ਼ਾਸਨ ਪੱਬਾਂ ਭਾਰ ਹੈ, ਦੂਸਰੇ ਪਾਸੇ ਨੌਜਵਾਨਾਂ ਦੀ ਗਿਣਤੀ ਚਾਹੇ ਉਹ ਨਸ਼ਾ ਛੱਡਣ ਵਾਲੇ ਹੋਣ ਵਧਣਾ ਖ਼ਤਰੇ ਦੀ ਘੰਟੀ ਹੈ।

ਬਲੈਕ ਕਰਨ ਵਾਲਿਆਂ 'ਤੇ ਹੋਵੇਗੀ ਕਾਨੂੰਨੀ ਕਾਰਵਾਈ : ਡਿਪਟੀ ਮੈਡੀਕਲ ਕਮਿਸ਼ਨਰ

ਨਸ਼ਾ ਛਡਾਊ ਅਤੇ ਮੁੜ ਵਸੇਬਾ ਕੇਂਦਰ ਦੇ ਬਾਹਰ ਬਲੈਕ ਵਿਚ ਬੁਫਰੋਨੋਰਫਿਨ ਦੀਆਂ ਗੋਲੀਆਂ ਵੇਚਣ ਸਬੰਧੀ ਜਦੋਂ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਗੁਰਮੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਲੈਕ ਵਿਚ ਸਰਕਾਰੀ ਦਵਾਈ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕੇਂਦਰ ਦੇ ਅੰਦਰ ਮੁਸਤੈਦੀ ਨਾਲ ਸਟਾਫ਼ ਆਪਣੇ ਸਾਹਮਣੇ ਦਵਾਈ ਦਾ ਸੇਵਨ ਮਰੀਜ਼ਾਂ ਨੂੰ ਕਰਵਾਉਂਦਾ ਹੈ। ਜੇਕਰ ਕੋਈ ਗਲਤ ਢੰਗ ਨਾਲ ਦਵਾਈ ਅੰਦਰੋਂ ਲਿਜਾ ਕੇ ਬਾਹਰ ਵੇਚ ਰਿਹਾ ਹੈ ਤਾਂ ਉਹ ਨਿਯਮਾਂ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਦੀ ਮਦਦ ਨਾਲ ਕੇਂਦਰ ਦੇ ਆਲੇ ਦੁਆਲੇ ਸਰਕਾਰੀ ਦਵਾਈ ਦੀ ਕਾਲਾ ਬਾਜ਼ਾਰੀ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News