ਆਰਥਿਕ ਲਾਭ ਲਈ ਸਫੈਦ ਦੁੱਧ ਨਾਲ ਕਾਲਾ ਧੰਦਾ, ਲੋਕਾਂ ਦੀ ਸਿਹਤ ਨਾਲ ਸ਼ਰੇਆਮ ਖਿਲਵਾੜ

Sunday, Nov 26, 2023 - 12:30 PM (IST)

ਆਰਥਿਕ ਲਾਭ ਲਈ ਸਫੈਦ ਦੁੱਧ ਨਾਲ ਕਾਲਾ ਧੰਦਾ, ਲੋਕਾਂ ਦੀ ਸਿਹਤ ਨਾਲ ਸ਼ਰੇਆਮ ਖਿਲਵਾੜ

ਅੰਮ੍ਰਿਤਸਰ (ਜਸ਼ਨ)- ਮਿਲਾਵਟਖੋਰ ਆਰਥਿਕ ਲਾਭ ਲਈ ਸਫੈਦ ਦੁੱਧ ਨਾਲ ਕਾਲਾ ਧੰਦਾ ਕਰ ਰਹੇ ਹਨ, ਜਿਸ ਕਰਾਨ ਲੋਕਾਂ ਦੀ ਸਿਹਤ ਨਾਲ ਸ਼ਰੇਆਮ ਖਿਲਵਾੜ ਹੋ ਰਿਹਾ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਦੱਸ ਦੇਈਏ ਕਿ ਦੁੱਧ ਦੁਨੀਆ ਦੇ ਸਾਰੇ ਦੇਸ਼ਾਂ ਵਿਚ ਪਾਇਆ ਜਾਣ ਵਾਲਾ ਇਕ ਪੌਸ਼ਟਿਕ ਪਦਾਰਥ ਹੈ ਅਤੇ ਇਹ ਰੋਜ਼ੀ-ਰੋਟੀ ਦਾ ਵੀ ਇਕ ਮਹੱਤਵਪੂਰਨ ਸਾਧਨ ਵੀ ਹੈ। ਦੁੱਧ ’ਚ ਮਨੁੱਖੀ ਸਰੀਰ ਲਈ ਲੋੜੀਂਦੇ ਸਾਰੇ ਤੱਤ ਹੁੰਦੇ ਹਨ, ਇਸ ਲਈ ਇਸ ਨੂੰ ਇਕ ਸੰਪੂਰਨ ਖੁਰਾਕ ਵੀ ਕਿਹਾ ਜਾਂਦਾ ਹੈ। ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਉਹ ਦੁੱਧ ਦੀ ਮਦਦ ਨਾਲ ਹੀ ਪਲਦਾ ਰਹਿੰਦਾ ਹੈ ਅਤੇ ਦੁੱਧ ’ਚ ਮੌਜੂਦ ਪੌਸ਼ਟਿਕ ਤੱਤਾਂ ਦੀ ਮਦਦ ਨਾਲ ਵਧਦਾ-ਫੁੱਲਦਾ ਹੈ। ਕੋਈ ਸਮਾਂ ਸੀ ਜਦੋਂ ਦੁੱਧ ਅਤੇ ਪੁੱਤ ਨੂੰ ਅਨਮੋਲ ਤੋਹਫ਼ਾ ਮੰਨਿਆ ਜਾਂਦਾ ਸੀ। ਕਿਸੇ ਸਮੇਂ ਦੁੱਧ ’ਚ ਮਿਲਾਵਟ ਕਰ ਕੇ ਵੇਚਣਾ ਬਹੁਤ ਮਾੜਾ ਮੰਨਿਆ ਜਾਂਦਾ ਸੀ ਪਰ ਅੱਜਕਲ ਕਈ ਮਿਲਾਵਟਖੋਰਾਂ ਨੇ ਆਪਣੇ ਆਰਥਿਕ ਲਾਭ ਲਈ ਦੁੱਧ ’ਚ ਕਈ ਤਰ੍ਹਾਂ ਦੀ ਮਿਲਾਵਟ ਕਰ ਕੇ ਇਸ ਦੀ ਸ਼ੁੱਧਤਾ ’ਤੇ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਅੱਜ-ਕੱਲ੍ਹ ਦੁੱਧ ’ਚ ਮਿਲਾਵਟ ਇਕ ਆਮ ਗੱਲ ਹੋ ਗਈ ਹੈ।

ਵਿਸ਼ਵ ਦੁੱਧ ਦਿਵਸ ਦੀ ਸ਼ੁਰੂਆਤ 26 ਨਵੰਬਰ ਨੂੰ ਦੁਨੀਆ ਭਰ ’ਚ ਦੁੱਧ ਪੀਣ ਦੇ ਫਾਇਦੇ ਦੱਸਣ ਅਤੇ ਇਸ ਦੀ ਵਰਤੋਂ ਵਧਾਉਣ ਲਈ ਕੀਤੀ ਗਈ ਸੀ। ਖੁਰਾਕ ਅਤੇ ਖੇਤੀਬਾੜੀ ਵਿਭਾਗ ਨੇ ਪਹਿਲਾਂ ਇਹ ਵਿਸ਼ੇਸ਼ ਦਿਨ ਪਹਿਲੀ ਜੂਨ ਨੂੰ ਮਨਾਉਣਾ ਸ਼ੁਰੂ ਕੀਤਾ ਸੀ ਪਰ ਬਾਅਦ ’ਚ ਇਸ ਮਿਤੀ ਨੂੰ ਬਦਲ ਕੇ 26 ਨਵੰਬਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ-  ਆਮ ਆਦਮੀ ਪਾਰਟੀ ਨੂੰ 11 ਸਾਲ ਹੋਏ ਪੂਰੇ, CM ਮਾਨ ਨੇ ਟਵੀਟ ਕਰ ਆਖੀ ਇਹ ਗੱਲ

ਵਿਸ਼ਵ ਦੁੱਧ ਦਿਵਸ ਦੀ ਮਹੱਤਤਾ

ਇਸ ਖਾਸ ਦਿਨ ਨੂੰ ਮਨਾਉਣ ਦਾ ਮਕਸਦ ਦੁੱਧ ’ਚ ਮੌਜੂਦ ਪੌਸ਼ਟਿਕ ਤੱਤਾਂ ਨੂੰ ਸਮਝਣਾ ਅਤੇ ਇਸ ਦੀ ਵਰਤੋਂ ਕਰਨੀ ਹੈ। ਵਿਸ਼ਵ ਦੁੱਧ ਦਿਵਸ ਦਾ ਉਦੇਸ਼ ਡੇਅਰੀ ਖ਼ੇਤਰ ’ਚ ਰੋਜ਼ਗਾਰ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ। ਜੇਕਰ ਅਸੀਂ ਐੱਫ. ਏ. ਓ. ਸੰਸਥਾ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ 6 ਅਰਬ ਤੋਂ ਵੱਧ ਲੋਕ ਡੇਅਰੀ ਉਤਪਾਦਾਂ ਦਾ ਸੇਵਨ ਕਰਦੇ ਹਨ। ਇਸ ਦੇ ਨਾਲ ਹੀ 1 ਬਿਲੀਅਨ ਤੋਂ ਵੱਧ ਲੋਕ ਡੇਅਰੀ ਉਤਪਾਦਨ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ ਅਤੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰ ਰਹੇ ਹਨ। ਅਜਿਹੀ ਸਥਿਤੀ ’ਚ ਤੁਸੀਂ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਡੇਅਰੀ ਖੇਤਰ ’ਚ ਦੁੱਧ ਦੀ ਖਪਤ ਅਤੇ ਰੋਜ਼ਗਾਰ ਦੋਵੇਂ ਕਿੰਨੇ ਮਹੱਤਵਪੂਰਨ ਹਨ।

ਵੱਡੀ ਮਿਲਾਵਟਖੋਰੀ 

ਸਾਲ 2011 ਵਿਚ ਮਿਲੀ ਇਕ ਰਿਪੋਰਟ ਅਨੁਸਾਰ ਸਿਹਤ ਵਿਭਾਗ ਵੱਲੋਂ ਦੇਸ਼ ਭਰ ’ਚ ਵੱਖ-ਵੱਖ ਥਾਵਾਂ ਤੋਂ ਲਏ ਦੁੱਧ ਦੇ ਸੈਂਪਲਾਂ ’ਚੋਂ 70 ਫੀਸਦੀ ਸੈਂਪਲ ਨਹੀਂ ਸਨ। ਸਿੱਧੇ ਸ਼ਬਦਾਂ ਵਿਚ ਦੁੱਧ ਵਿਚ ਵੱਡੀ ਪੱਧਰ ’ਤੇ ਮਿਲਾਵਟ ਹੋ ਰਹੀ ਹੈ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਦੁੱਧ ਦੀ ਮਿਲਾਵਟ ਦੇ ਇਨ੍ਹਾਂ ਅੰਕੜਿਆਂ ਤੋਂ ਲੋਕ ਹੈਰਾਨ ਰਹਿ ਗਏ। ਦੱਸਣਯੋਗ ਹੈ ਕਿ ਇਹ ਅੰਕੜੇ 2011 ਦੇ ਹਨ ਅਤੇ 12 ਸਾਲਾਂ ਬਾਅਦ 2023 ’ਚ ਦੁੱਧ ਵਿਚ ਮਿਲਾਵਟਖੋਰੀ ਦਾ ਕਾਰੋਬਾਰ ਇਨ੍ਹਾਂ ਅੰਕੜਿਆਂ ਤੋਂ ਕਿਤੇ ਵੱਧ ਗਿਆ ਹੋਵੇਗਾ। ਦੂਜੇ ਪਾਸੇ ਦੁੱਧ ਨੂੰ ਘਰ-ਘਰ ਪਹੁੰਚਾਉਣ ਸਮੇਂ ਸਫਾਈ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਿਆ ਜਾਂਦਾ। ਇੱਥੋਂ ਤੱਕ ਕਿ ਉਹ ਭਾਂਡੇ ਜਿਨ੍ਹਾਂ ਵਿਚ ਦੁੱਧ ਰੱਖਿਆ ਜਾਂਦਾ ਹੈ। ਇਨ੍ਹਾਂ ਵਿਚ ਡਿਟਰਜੈਂਟ ਵੀ ਚੰਗੀ ਤਰ੍ਹਾਂ ਨਹੀਂ ਧੋਤੇ ਜਾਂਦੇ, ਜੋ ਸਿੱਧੇ ਦੁੱਧ ਵਿਚ ਮਿਲ ਜਾਂਦੇ ਹਨ। ਇਸ ਤੋਂ ਇਲਾਵਾ ਦੁੱਧ ਵਿਚ ਯੂਰੀਆ, ਸਟਾਰਚ, ਗਲੂਕੋਜ਼, ਫੋਰਮਾਲਿਨ ਅਤੇ ਡਿਟਰਜੈਂਟ ਪਾਇਆ ਜਾ ਰਿਹਾ ਹੈ। ਇਹ ਸਾਰੇ ਪਦਾਰਥ ਦੁੱਧ ਵਿਚ ਮਿਲਾਏ ਜਾਂਦੇ ਹਨ ਤਾਂ ਜੋ ਦੁੱਧ ਨੂੰ ਗਾੜ੍ਹਾ ਬਣਾਇਆ ਜਾ ਸਕੇ। ਇਹ ਕਾਰੋਬਾਰੀਆਂ ਲਈ ਮੁਨਾਫਾ ਵਧਾਉਣ ਵਾਲੀ ਖੇਡ ਹੈ। ਮੰਨਿਆ ਜਾਂਦਾ ਹੈ ਕਿ ਦੁੱਧ ਦੀ ਮਾਤਰਾ ਵਧਾਉਣ ਲਈ ਪਾਇਆ ਜਾਣ ਵਾਲਾ ਪਾਣੀ ਆਮ ਤੌਰ ’ਤੇ ਦੂਸ਼ਿਤ ਹੁੰਦਾ ਹੈ, ਜੋ ਸਿਹਤ ਲਈ ਬਹੁਤ ਹਾਨੀਕਾਰਕ ਹੁੰਦਾ ਹੈ।

ਇਹ ਵੀ ਪੜ੍ਹੋ-  ਟਰੇਨ 'ਚ ਖ਼ਰਾਬ ਖਾਣਾ ਪਰੋਸਣ 'ਤੇ ਲੱਗੇਗਾ ਭਾਰੀ ਜੁਰਮਾਨਾ, ਤੈਅ ਕੀਤੀਆਂ 4 ਸ਼੍ਰੇਣੀਆਂ

ਕਿਹੜੀਆਂ ਚੀਜ਼ਾਂ ਦੁਧ ’ਚ ਮਿਲਾਉਂਦੇ ਹਨ ਮਿਲਾਵਟਖੋਰ 

ਦੁੱਧ ਵਿਚ ਮਿਲਾਵਟ ਕਰਨ ਵਾਲੇ ਇਸ ਦੀ ਫੈਟ ਵਧਾਉਣ ਲਈ ਸਿੰਥੈਟਿਕ ਦੁੱਧ ਵਿਚ ਯੂਰੀਆ ਮਿਲਾ ਦਿੰਦੇ ਹਨ, ਜਿਸ ਨਾਲ ਅੰਤੜੀਆਂ ਅਤੇ ਪਾਚਨ ਪ੍ਰਣਾਲੀ ’ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਆਮ ਤੌਰ ’ਤੇ ਪਾਸਚੁਰਾਈਜ਼ਡ ਦੁੱਧ ਨੂੰ 4 ਡਿਗਰੀ ਸੈਲਸੀਅਸ ਤੋਂ ਘੱਟ ਤਾਪਮਾਨ ’ਤੇ 48 ਘੰਟਿਆਂ ਲਈ ਸਟੋਰ ਕੀਤਾ ਜਾ ਸਕਦਾ ਹੈ ਪਰ ਕਾਰੋਬਾਰੀ ਦੁੱਧ ਨੂੰ ਜ਼ਿਆਦਾ ਸਮਾਂ ਰੱਖਣ ਲਈ ਇਸ ਵਿਚ ਫੋਰਮਾਲਿਨ ਮਿਲਾ ਦਿੰਦੇ ਹਨ। ਇਸ ਨਾਲ ਅੰਗ ਫੇਲ ਹੋ ਸਕਦੇ ਹਨ। ਅੰਤੜੀਆਂ ਅਤੇ ਪਾਚਨ ਪ੍ਰਣਾਲੀ ’ਤੇ ਗੰਭੀਰ ਪ੍ਰਭਾਵ ਪਾਉਂਦਾ ਹੈ। ਦੁੱਧ ’ਚ ਫੈਟ ਵਧਾਉਣ ਲਈ ਕਣਕ, ਮੱਕੀ, ਚੌਲ ਆਦਿ ਤੋਂ ਪ੍ਰਾਪਤ ਸਟਾਰਚ ਦੁੱਧ ’ਚ ਮਿਲਾਇਆ ਜਾਂਦਾ ਹੈ। ਇਸ ਕਾਰਨ ਦੁੱਧ ਦਾ ਪੌਸ਼ਟਿਕ ਮੁੱਲ ਘੱਟ ਜਾਂਦਾ ਹੈ। ਇਸੇ ਤਰ੍ਹਾਂ ਲੈਕਟੋਮੀਟਰ ’ਤੇ ਰੀਡਿੰਗ ਵਧਾਉਣ ਲਈ ਪਾਣੀ ਦੀ ਮਾਤਰਾ ਨੂੰ ਛੁਪਾਉਣ ਲਈ ਦੁੱਧ ਵਿਚ ਖੰਡ ਮਿਲਾਈ ਜਾਂਦੀ ਹੈ। ਜੇਕਰ ਪਾਣੀ ਅਸ਼ੁੱਧ ਹੈ ਤਾਂ ਤੁਸੀਂ ਵੱਡੇ ਪੱਧਰ ’ਤੇ ਬੀਮਾਰੀ ਦਾ ਸ਼ਿਕਾਰ ਹੋ ਸਕਦੇ ਹੋ। ਦੂਜੇ ਪਾਸੇ ਲੈਕਟੋਮੀਟਰ ਰੀਡਿੰਗ ਤੋਂ ਬਚਣ ਲਈ ਪਾਣੀ ਵਾਲੇ ਦੁੱਧ ’ਚ ਲੂਣ ਮਿਲਾਇਆ ਜਾਂਦਾ ਹੈ। ਇਸ ਕਾਰਨ ਦੁੱਧ ਦੀ ਪੌਸ਼ਟਿਕਤਾ ’ਤੇ ਅਸਰ ਪੈਂਦਾ ਹੈ।

ਕੀ ਕਹਿੰਦੀ ਹੈ ਮੈਡੀਕਲ ਖੋਜ ਰਿਪੋਰਟ 

ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਨੇ ਆਪਣੀ ਇਕ ਰਿਪੋਰਟ ਵਿਚ ਕਿਹਾ ਹੈ ਕਿ ਡਿਟਰਜੈਂਟ ਫੂਡ ਪਾੲਜੀਨਿੰਗ ਅਤੇ ਅੰਤੜੀਆਂ ਅਤੇ ਪਾਚਨ ਪ੍ਰਣਾਲੀ ਨਾਲ ਜੁੜੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਦੁੱਧ ਵਿਚ ਮਿਲਾਵਟ ਕਰਨ ਨਾਲ ਦਿਲ ਦੀਆਂ ਬੀਮਾਰੀਆਂ, ਕੈਂਸਰ ਅਤੇ ਕਈ ਵਾਰ ਮੌਤ ਵੀ ਹੋ ਸਕਦੀ ਹੈ। ਯੂਰੀਆ, ਕਾਸਟਿਕ ਸੋਡਾ ਜਾਂ ਫੋਰਮਾਲਿਨ ਦੀ ਮਿਲਾਵਟ ਵਾਲਾ ਦੁੱਧ ਪੀਣ ਨਾਲ ਪੇਟ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ ਅਤੇ ਬਾਅਦ ਵਿਚ ਇਹ ਇਕ ਗੰਭੀਰ ਬੀਮਾਰੀ ’ਚ ਬਦਲ ਜਾਂਦਾ ਹੈ।

ਇਹ ਵੀ ਪੜ੍ਹੋ- ਬਾਬੇ ਨਾਨਕ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਜਥਾ ਜੈਕਾਰਿਆਂ ਦੀ ਗੂੰਜ ਨਾਲ ਪਾਕਿਸਤਾਨ ਲਈ ਰਵਾਨਾ

ਕਿਹੜਾ ਦੁੱਧ ਹੁੰਦੈ ਸ਼ੁੱਧ 

ਗਾਂ ਦੇ ਦੁੱਧ ਵਿਚ 3-4 ਫੀਸਦੀ ਫੈਟ ਹੁੰਦੀ ਹੈ, ਜਦੋਂ ਕਿ ਮੱਝ ਦੇ ਦੁੱਧ ਵਿਚ 7-8 ਫੀਸਦੀ ਫੈਟ ਹੁੰਦੀ ਹੈ। ਮੱਝ ਦਾ ਦੁੱਧ ਗਾੜ੍ਹਾ ਹੁੰਦਾ ਹੈ, ਇਸ ਲਈ ਇਸ ਨੂੰ ਪਚਣ ਵਿਚ ਜ਼ਿਆਦਾ ਸਮਾਂ ਲੱਗਦਾ ਹੈ, ਜਦੋਂ ਕਿ ਗਾਂ ਦਾ ਦੁੱਧ ਹਲਕਾ ਅਤੇ ਪਚਣ ’ਚ ਆਸਾਨ ਹੁੰਦਾ ਹੈ। ਇਸ ਲਈ ਗਾਂ ਦਾ ਦੁੱਧ ਬੱਚਿਆਂ ਅਤੇ ਬਜ਼ੁਰਗਾਂ ਲਈ ਚੰਗਾ ਮੰਨਿਆ ਜਾਂਦਾ ਹੈ। ਬੱਕਰੀ ਦਾ ਦੁੱਧ ਸੈੱਲਾਂ ਦੇ ਵਾਧੇ ਨੂੰ ਵਧਾਉਂਦਾ ਹੈ।

ਦੁੱਧ ’ਚ ਮਿਲਾਵਟ ਨੂੰ ਸਖ਼ਤੀ ਨਾਲ ਰੋਕਿਆ ਜਾਵੇ 

ਸਮਾਜ ਸੇਵੀ ਸਵਿੰਦਰ ਕੌਰ ਟੰਡਨ, ਰਖਵਿੰਦਰ ਕੌਰ ਸੰਗੋਤਰਾ, ਬਾਲ ਕ੍ਰਿਸ਼ਨ ਸ਼ਰਮਾ, ਵਿਕਰਮ ਚੌਹਾਨ, ਸੁਨੀਲ ਆਨੰਦ ਅਤੇ ਗੌਰਵ ਸ਼ਰਮਾ ਨੇ ਮੰਗ ਕੀਤੀ ਹੈ ਕਿ ਦੁੱਧ ’ਚ ਮਿਲਾਵਟਖੋਰੀ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾਵੇ। ਜੇਕਰ ਲੋਕ ਸ਼ੁੱਧ ਦੁੱਧ ਲਈ ਦੋਧੀਆਂ ਅਤੇ ਹੋਰ ਦੁੱਧ ਕੰਪਨੀਆਂ ਨੂੰ ਪੈਸੇ ਦਿੰਦੇ ਹਨ ਤਾਂ ਉਹ ਮਿਲਾਵਟੀ ਦੁੱਧ ਕਿਉਂ ਲੈਣ। ਉਕਤਾਂ ਦਾ ਸਪੱਸ਼ਟ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਮਿਲਾਵਟਖੋਰਾਂ ਵਿਰੁੱਧ ਸਖ਼ਤ ਮੁਹਿੰਮ ਚਲਾਉਣੀ ਚਾਹੀਦੀ ਹੈ ਕਿਉਂਕਿ ਅਜਿਹੇ ਲੋਕ ਆਪਣੇ ਮੁਨਾਫ਼ੇ ਲਈ ਲੋਕਾਂ ਦੀ ਸਿਹਤ ਨਾਲ ਵੀ ਖਿਲਵਾੜ ਕਰ ਰਹੇ ਹਨ।

ਅੰਮ੍ਰਿਤਸਰ ਜ਼ਿਲੇ ’ਚ ਸ਼ੁਰੂ ਹੋਈ ਮੁਹਿੰਮ 

ਤਿਉਹਾਰਾਂ ਦੇ ਸੀਜ਼ਨ ਦੌਰਾਨ ਅੰਮ੍ਰਿਤਸਰ ਜ਼ਿਲੇ ਦੇ ਸਿਹਤ ਵਿਭਾਗ ਦੀ ਟੀਮ ਨੇ ਮਿਲਾਵਟਖੋਰਾਂ ਵਿਰੁੱਧ ਵੱਡੇ ਪੱਧਰ ’ਤੇ ਮੁਹਿੰਮ ਚਲਾਈ ਹੈ। ਪੰਜਾਬ ਫੂਡ ਐਂਡ ਡਰੱਗ ਕਮਿਸ਼ਨਰ ਅਭਿਨਵ ਤ੍ਰਿਖਾ, ਡੀ. ਸੀ., ਏ. ਡੀ. ਸੀ ਹਰਪ੍ਰੀਤ ਸਿੰਘ ਦੀਆਂ ਹਦਾਇਤਾਂ ’ਤੇ ਸਹਾਇਕ ਫੂਡ ਕਮਿਸ਼ਨਰ ਰਜਿੰਦਰਪਾਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਮਿਲਾਵਟੀਖੋਰਾਂ ਖਿਲਾਫ ਵਿੱਢੀ ਮੁਹਿੰਮ ਦੌਰਾਨ ਕਈ ਕੁਇੰਟਲ ਨਕਲੀ ਦੁੱਧ ਅਤੇ ਖੋਏ ਦੀਆ ਮਠਿਆਈਆਂ ਨੂੰ ਨਸ਼ਟ ਕੀਤਾ ਅਤੇ ਕਈ ਖਾਧ-ਪਦਾਰਥਾਂ ਦੇ ਸੈਂਪਲ ਵੀ ਭਰੇ। ਇਸ ਤੋਂ ਇਲਾਵਾ ਉਨ੍ਹਾਂ ਕਈ ਦੋਧੀਆਂ, ਡੇਅਰੀਆਂ ਅਤੇ ਮਠਿਆਈਆਂ ਦੀਆਂ ਦੁਕਾਨਾਂ ਤੋਂ ਦੁੱਧ ਦੇ ਸੈਂਪਲ ਲਏ ਅਤੇ ਜਾਂਚ ਲਈ ਚੰਡੀਗੜ੍ਹ ਲੈਬਾਰਟਰੀ ਭੇਜੇ। ਸੂਬੇ ਦੇ ਹੋਰ ਜ਼ਿਲਿਆਂ ਨੂੰ ਵੀ ਮਿਲਾਵਟਖੋਰਾਂ ’ਤੇ ਨਕੇਲ ਕੱਸਣ ਲਈ ਅਜਿਹੀ ਮੁਹਿੰਮ ਚਲਾਉਣੀ ਚਾਹੀਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Shivani Bassan

Content Editor

Related News