ਹਰਿਆਣਾ ਦੀ ਭਾਜਪਾ ਸਰਕਾਰ ਦੀ ਕਿਸਾਨਾਂ ’ਤੇ ਕਾਰਵਾਈ ਗੈਰ ਸੰਵਿਧਾਨਿਕ : ਸੁਖਜਿੰਦਰ ਰੰਧਾਵਾ

Wednesday, Feb 14, 2024 - 05:19 PM (IST)

ਹਰਿਆਣਾ ਦੀ ਭਾਜਪਾ ਸਰਕਾਰ ਦੀ ਕਿਸਾਨਾਂ ’ਤੇ ਕਾਰਵਾਈ ਗੈਰ ਸੰਵਿਧਾਨਿਕ : ਸੁਖਜਿੰਦਰ ਰੰਧਾਵਾ

ਪਠਾਨਕੋਟ (ਅਦਿੱਤਿਆ) : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਰਾਜਸਥਾਨ ਕਾਂਗਰਸ ਦੇ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਆਪਣੀਆਂ ਫ਼ਸਲਾ ’ਤੇ ਘੱਟੋ-ਘੱਟ ਸਮਰਥਨ ਮੁੱਲ ਤੇ ਬਾਕੀ ਰਹਿੰਦੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਗਹਿਰੀ ਸੁੱਤੀ ਪ‌ਈ ਨੀਂਦ ਤੋਂ ਜਗਾਉਣ ਲ‌ਈ ਦਿਲੀ ਵੱਲ ਅਮਨ ਅਮਾਨ ਨਾਲ ਕੂਚ ਕਰ ਰਹੇ ਸਨ ਪਰ ਹਰਿਆਣਾ ਦੀ ਭਾਜਪਾ ਸਰਕਾਰ ਨੇ  ਕੇਂਦਰ ਸਰਕਾਰ ਦੀ ਸ਼ਹਿ ਸੰਭੂ ਬਾਰਡਰ ’ਤੇ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਦਾਗ ਕੇ ਅਤੇ ਰਬੜ ਦੀਆਂ ਗੋਲੀਆਂ ਚਲਾਉਣ ਅਤੇ ਪੁਲਸ ਬੱਲ ਦਾ ਪ੍ਰਯੋਗ ਕਰਕੇ ਲੋਕਤੰਤਰ ਦਾ ਜਨਾਜ਼ਾ ਕੱਢ ਦਿਤਾ ਹੈ। ਰੰਧਾਵਾ ਨੇ ਕਿਹਾ ਆਜ਼ਾਦ ਦੇਸ਼ ਵਿਚ ਹਰ ਨਾਗਰਿਕ ਨੂੰ ਆਪਣੀ ਗੱਲ ਸੰਵਿਧਾਨ ਦੇ ਦਾਇਰੇ ਵਿਚ ਰਹਿ ਕੇ ਕਰਨ ਦਾ ਅਧਿਕਾਰ ਹੈ ਪਰ ਭਾਜਪਾ ਦੀ ਖੱਟਰ ਸਰਕਾਰ ਨੇ ਜਮਹੂਰੀਅਤ ਤਰੀਕੇ ਨਾਲ ਆਪਣੀਆਂ ਜਾਇਜ਼ ਤੇ ਹੱਕੀ ਮੰਗਾਂ ਲ‌ਈ ਸ਼ਾਂਤਮ‌ਈ ਸੰਘਰਸ਼ ਕਰ ਰਹੇ ਕਿਸਾਨਾਂ ’ਤੇ ਅਥਰੂ ਗੈਸ ਦੇ ਗੋਲੇ ਦਾਗ ਕੇ ਤੇ ਪੁਲਸ ਬੱਲ ਦਾ ਪ੍ਰਯੋਗ ਕਰਕੇ ਭਾਰਤ ਦੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਹਨ।

ਉਨ੍ਹਾਂ ਕੇਂਦਰ ਸਰਕਾਰ ਨੂੰ ਕਿਹਾ ਕਿ ਕਿਸਾਨਾਂ ਦੀਆਂ ਫ਼ਸਲਾ ’ਤੇ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਕੇ ਉਸ ਨੂੰ ਅਮਲੀ ਜਾਮਾ ਪਹਿਨਾਇਆ ਜਾਵੇ ਤਾਂ ਕਿ ਦੇਸ਼ ਦਾ ਪੇਟ ਭਰਨ ਵਾਲੇ ਕਿਸਾਨਾਂ ਨੂੰ ਰਾਹਤ ਮਿਲ ਸਕੇ। ਰੰਧਾਵਾ ਨੇ ਕਿਹਾ ਕਿ ਇਹ ਬਹੁਤ ਹੀ ਨਿਰਾਸ਼ਾਜਨਕ ਹੈ ਕਿ ਦੇਸ਼ ਦਾ ਅੰਨਦਾਤਾ ਆਪਣੇ ਮੌਲਿਕ ਅਧਿਕਾਰਾਂ ਲ‌ਈ ਲਗਾਤਾਰ ਸੰਘਰਸ਼ ਕਰ ਰਿਹਾ ਅਤੇ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਸੰਘਰਸ਼ ਕਰ ਰਹੇ ਕਿਸਾਨਾਂ ਦੇ ਨਾਲ ਹੈ ਅਤੇ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਕਾਂਗਰਸ ਪਾਰਟੀ ਵੱਲੋਂ ਪੂਰਾ ਸਾਥ ਦਿੱਤਾ ਜਾਵੇਗਾ।


author

Gurminder Singh

Content Editor

Related News