ਦਿਨ-ਦਿਹਾੜੇ ਵੱਡੀ ਚੋਰੀ, ਦੁਕਾਨ ਤੋਂ ਪੈਸਿਆਂ ਨਾਲ ਭਰਿਆ ਬੈਗ ਚੋਰੀ
Tuesday, Sep 08, 2026 - 06:30 PM (IST)
ਧਾਰੀਵਾਲ (ਖੋਸਲਾ, ਬਲਬੀਰ)- ਸ਼ਹਿਰ ਧਾਰੀਵਾਲ ਦੇ ਸਭ ਤੋਂ ਮਸ਼ਹੂਰ ਅਤੇ ਭੀੜ-ਭਾੜ ਵਾਲੇ ਇਲਾਕੇ ਡੱਡਵਾਂ ਚੌਂਕ ਵਿੱਚ ਦਿਨ-ਦਿਹਾੜੇ ਅਣਪਛਾਤੇ ਚੋਰ ਇੱਕ ਫਰੂਟ ਦੀ ਦੁਕਾਨ ਤੋਂ ਪੈਸਿਆਂ ਨਾਲ ਭਰਿਆ ਬੈਗ ਚੋਰੀ ਕਰਕੇ ਫਰਾਰ ਹੋ ਗਏ। ਪੀੜਤ ਦੁਕਾਨਦਾਰ ਵਿਸ਼ਾਲ ਸਿਆਲ ਵਾਸੀ ਧਾਰੀਵਾਲ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ’ਤੇ ਕੰਮ ਕਰ ਰਿਹਾ ਸੀ ਕਿ ਅਣਪਛਾਤੇ ਚੋਰਾਂ ਨੇ ਮੌਕਾ ਤਾੜ ਕੇ ਗੱਲੇ ਦੇ ਕੋਲ ਰੱਖਿਆ ਪੈਸਿਆਂ ਦਾ ਬੈਗ ਜਿਸ ਵਿਚ ਲਗਭਗ 15 ਹਜਾਰ ਰੁਪਏ ਪਏ ਹੋਏ ਸਨ ਚੋਰੀ ਕਰਕੇ ਫ਼ਰਾਰ ਹੋ ਗਏ।
ਦੁਕਾਨਦਾਰ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਤੇ ਲੱਗੇ ਕੈਮਰੇ ਅਤੇ ਆਸ ਪਾਸ ਦੁਕਾਨਦਾਰਾਂ ਦੇ ਕੈਮਰਿਆਂ ਦੀ ਫੁਟੇਜ ਤੋਂ ਪਤਾ ਲੱਗਦਾ ਹੈ ਕਿ ਚਾਰ ਲੜਕੇ ਜਿਨ੍ਹਾਂ ਵਿੱਚ ਇੱਕ ਛੋਟਾ ਬੱਚਾ ਵੀ ਹੈ ਤੇ ਉਨ੍ਹਾਂ ਸਾਰਿਆਂ ਨੇ ਚਿੱਟੀ ਕਮੀਜ਼ ਅਤੇ ਕਾਲੀ ਪੈਂਟ ਵਰਗੀ ਡਰੈੱਸ ਪਾਈ ਹੋਈ ਹੈ ਨੇ ਹੀ ਇਸ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਵਿਸ਼ਾਲ ਸਿਆਲ ਨੇ ਚੋਰੀ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਹੈ। ਆਸ-ਪਾਸ ਦੇ ਵਪਾਰੀਆਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ।
