ਬਟਾਲਾ ''ਚ ਬੰਦ ਦਾ ਨਹੀਂ ਦਿਸਿਆ ਕੋਈ ਅਸਰ, ਆਮ ਦਿਨਾਂ ਵਾਂਗ ਹੀ ਖੁੱਲ੍ਹੇ ਬਾਜ਼ਾਰ
Saturday, Oct 10, 2020 - 06:46 PM (IST)
ਬਟਾਲਾ,(ਬੇਰੀ)-ਪੋਸਟ-ਮੈਟ੍ਰਿਕ ਵਜ਼ੀਫਾ ਘਪਲਾ ਅਤੇ ਹਾਥਰਸ ਵਿਚ ਹੋਈ ਗੈਂਗਰੇਪ ਦੀ ਘਟਨਾ ਨੂੰ ਲੈ ਕੇ ਅੱਜ ਸੰਤ ਸਮਾਜ ਅਤੇ ਭਗਵਾਨ ਵਾਲਮੀਕਿ ਟਾਈਗਰ ਫੋਰਸ ਵਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸ ਦੇ ਤਹਿਤ ਪੰਜਾਬ ਦੇ ਕਈ ਸ਼ਹਿਰਾਂ 'ਚ ਰੋਸ ਪ੍ਰਦਰਰਸ਼ਨ ਕੀਤੇ ਗਏ ਅਤੇ ਬੰਦ ਵੀ ਕਰਵਾਇਆ ਗਿਆ ਪਰ ਬਟਾਲਾ ਵਿਚ ਇਸ ਬੰਦ ਦਾ ਅਸਰ ਦੇਖਣ ਨੂੰ ਨਹੀਂ ਮਿਲਿਆ ਅਤੇ ਨਾ ਹੀ ਵਾਲਮੀਕਿ ਸਮਾਜ ਵਲੋਂ ਦੁਕਾਨਾਂ ਆਦਿ ਬੰਦ ਕਰਵਾਈਆਂ ਗਈਆਂ।
ਇਸ ਸਬੰਧੀ ਜਦੋਂ ਲਵ-ਕੁਸ਼ ਸੈਨਾ ਪੰਜਾਬ ਦੇ ਪ੍ਰਧਾਨ ਸੰਜੀਤ ਦੈਤਯ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਟਾਲਾ ਦਾ ਵਾਲਮੀਕਿ ਸਮਾਜ ਇਸ ਬੰਦ ਵਿਚ ਸ਼ਾਮਲ ਨਹੀਂ ਹੋਇਆ ਕਿਉਂਕਿ ਲੋਕ ਪਹਿਲਾਂ ਹੀ ਕੋਰੋਨਾ ਤੇ ਲਾਕਡਾਊਨ ਦੇ ਚਲਦਿਆਂ ਭਾਰੀ ਦੁਖੀ ਹਨ ਅਤੇ ਉਨ੍ਹਾਂ ਦੇ ਕਾਰੋਬਾਰ ਵੀ ਮੰਦੀ ਦੇ ਦੌਰ 'ਚੋਂ ਲੰਘ ਰਹੇ ਹਨ। ਇਸ ਲਈ ਬਟਾਲਾ 'ਚ ਕਿਸੇ ਵੀ ਸੰਗਠਨ ਵਲੋਂ ਦੁਕਾਨਾਂ ਤੇ ਵਪਾਰਕ ਅਦਾਰੇ ਆਦਿ ਬੰਦ ਨਹੀਂ ਕਰਵਾਏ ਗਏ। ਉਨ੍ਹਾਂ ਕਿਹਾ ਕਿ ਉਹ ਪੋਸਟ ਮੈਟ੍ਰਿਕ ਘੋਟਾਲੇ ਅਤੇ ਹਾਥਰਸ ਗੈਂਗਰੇਪ ਕਾਂਡ ਦੀ ਜ਼ੋਰਦਾਰ ਨਿਖੇਧੀ ਕਰਦੇ ਹਨ ਅਤੇ ਸਰਕਾਰਾਂ ਤੋਂ ਮੰਗ ਕਰਦੇ ਹਨ ਕਿ ਸਰਕਾਰ ਜਲਦ ਕਾਰਵਾਈ ਕਰਦੇ ਹੋਏ ਲੋਕਾਂ ਨੂੰ ਇਨਸਾਫ ਦਿਵਾਏ।