ਔਜਲਾ ਦਾ ਕਿਸਾਨਾਂ ਲਈ ਉਪਰਾਲਾ : ''ਰਾਵੀ ਦਰਿਆ'' ਦੇ ਆਰ-ਪਾਰ ਜਾਣ ਲਈ ਕਿਸਾਨਾਂ ਨੂੰ ਦੋ ਕਿਸ਼ਤੀਆਂ ਭੇਟ

Tuesday, May 08, 2018 - 10:16 AM (IST)

ਔਜਲਾ ਦਾ ਕਿਸਾਨਾਂ ਲਈ ਉਪਰਾਲਾ : ''ਰਾਵੀ ਦਰਿਆ'' ਦੇ ਆਰ-ਪਾਰ ਜਾਣ ਲਈ ਕਿਸਾਨਾਂ ਨੂੰ ਦੋ ਕਿਸ਼ਤੀਆਂ ਭੇਟ

ਅੰਮ੍ਰਿਤਸਰ (ਵਾਲੀਆ) : ਸਰਹੱਦੀ ਇਲਾਕੇ ਤੇ ਰਾਵੀ ਦਰਿਆ ਤੋਂ ਪਰਲੇ ਪਾਸੇ ਵਾਲੀ ਜ਼ਮੀਨ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਆਪਣੇ ਲੈਂਡ ਫੰਡ 'ਚੋਂ ਕਿਸਾਨਾਂ ਨੂੰ ਰਾਵੀ ਦਰਿਆ ਦੇ ਆਸਾਨੀ ਨਾਲ ਆਰ-ਪਾਰ ਜਾਣ ਲਈ ਦੋ ਵੱਡੀਆਂ ਕਿਸ਼ਤੀਆਂ ਲੈ ਕੇ ਦਿੱਤੀਆਂ। ਇਸ ਬਾਰੇ ਜਾਣਕਾਰੀ ਦਿੰਦਿਆਂ ਔਜਲਾ ਨੇ ਦੱਸਿਆ ਕਿ ਰਾਵੀ ਦਰਿਆ ਦੇ ਪਾਰ 25 ਪਿੰਡਾਂ ਦੇ ਕਿਸਾਨਾਂ ਦੀ ਲਗਭਗ 8 ਹਜ਼ਾਰ ਕਿੱਲੇ ਜ਼ਮੀਨ ਹੈ ਪਰ ਸਥਾਈ ਤੇ ਅਸਥਾਈ ਪੁਲਾਂ ਦੀ ਘਾਟ ਕਾਰਨ ਇਨ੍ਹਾਂ ਕਿਸਾਨਾਂ ਲਈ ਖੁਦ ਦਰਿਆ ਦੇ ਆਰ-ਪਾਰ ਜਾਣਾ ਤੇ ਹੋਰ ਖੇਤੀ ਮਸ਼ੀਨਰੀ ਲਿਜਾਣ ਲਈ ਬਹੁਤ ਵੱਡੀ ਮੁਸ਼ਕਲ ਆਉਂਦੀ ਸੀ।
ਉਨ੍ਹਾਂ ਕਿਹਾ ਕਿ 2016 'ਚ ਵੀ ਉਨ੍ਹਾਂ ਨੇ ਆਪਣੇ ਨਿੱਜੀ ਫੰਡਾਂ 'ਚੋਂ ਇਕ ਕਿਸ਼ਤੀ ਮੁਹੱਈਆ ਕਰਵਾਈ ਸੀ ਪਰ ਕਿਸਾਨਾਂ ਦੀ ਆਵਾਜਾਈ ਜ਼ਿਆਦਾ ਹੋਣ ਕਰ ਕੇ ਇਥੇ ਹੋਰ ਵੀ ਕਿਸ਼ਤੀਆਂ ਦੀ ਲੋੜ ਸੀ ਤੇ ਹੁਣ ਪਿੰਡ ਕੋਟ ਰਾਜਦਾ ਬਲ, ਲੱਬੇ ਤੇ ਸੋਹੋਵਾਲ ਦੇ ਪਿੰਡਾਂ ਤੇ ਹੋਰ ਰਾਵੀ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਲਈ ਦਰਿਆ ਦੇ ਆਰ-ਪਾਰ ਜਾਣ ਲਈ ਦੋ ਹੋਰ ਕਿਸ਼ਤੀਆਂ ਮੁਹੱਈਆ ਕਰਵਾਈਆਂ ਹਨ। ਉਨ੍ਹਾਂ ਕਿਹਾ ਕਿ ਇਹ ਵੱਡੀਆਂ ਕਿਸ਼ਤੀਆਂ ਹਨ, ਜਿਨ੍ਹਾਂ ਵਿਚ ਇੱਕੋ ਵਾਰ 250 ਲੋਕ ਚੜ੍ਹ ਸਕਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਵਿਚ ਟਰੈਕਟਰ-ਟਰਾਲੀਆਂ ਤੇ ਹੋਰ ਵੀ ਖੇਤੀ ਦੇ ਸੰਦ ਦਰਿਆ ਦੇ ਪਾਰ ਲਿਜਾਏ ਦਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਕਿਸ਼ਤੀਆਂ ਦੇਸ਼ ਦੀ ਸੇਵਾ ਵਿਚ ਬੀ. ਐੱਸ. ਐੱਫ. ਦੇ ਜਵਾਨ ਵੀ ਵਰਤ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਹੋਰ ਬਿਹਤਰੀ ਲਈ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕਰ ਕੇ ਇਥੇ ਪਲਟੂਨ ਪੁਲ ਦੀ ਉਸਾਰੀ ਲਈ ਬੇਨਤੀ ਕਰਨਗੇ।
ਉਨ੍ਹਾਂ ਕਿਹਾ ਕਿ ਦਰਿਆ ਰਾਵੀ ਤੇ ਇਸ ਦੇ ਨਾਲ ਲਗਦੇ ਇਲਾਕੇ ਵਿਚ ਟੂਰਿਜ਼ਮ ਦੇ ਵਿਕਾਸ ਦੀਆਂ ਬਹੁਤ ਸੰਭਾਵਨਾਵਾਂ ਹਨ, ਉਹ ਜਲਦੀ ਹੀ ਇਥੇ ਇਕ ਟੂਰਿਜ਼ਮ ਤੇ ਵਾਟਰ-ਖੇਡਾਂ ਦੇ ਵਿਕਾਸ ਲਈ ਆਪਣੇ ਪੱਧਰ 'ਤੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਨਗੇ ਤਾਂ ਕਿ ਇਸ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਟੂਰਿਜ਼ਮ ਵਿਚ ਰੋਜ਼ਗਾਰ ਮਿਲ ਸਕੇ। ਉਨ੍ਹਾਂ ਕਿਹਾ ਕਿ ਛੇਤੀ ਹੀ ਅੰਮ੍ਰਿਤਸਰ ਅਜਨਾਲਾ ਰਮਦਾਸ ਰਸਤੇ ਨੂੰ ਚਾਰ ਮਾਰਗੀ ਬਣਾਉਣ ਲਈ ਉਸਾਰੀ ਸ਼ੁਰੂ ਹੋਣ ਜਾ ਰਹੀ ਹੈ, ਜਿਸ ਨਾਲ ਇਸ ਸਰਕਟ ਵਿਚ ਟੂਰਿਸਟ ਵਧਣ ਦੀਆਂ ਬਹੁਤ ਸੰਭਾਵਨਾਵਾਂ ਹਨ।


Related News