ਆਟਾ-ਦਾਲ ਸਕੀਮ ਦੇ ਲਾਭਪਾਤਰੀਆਂ ਦੀ ਵੈਰੀਫਕੇਸ਼ਨ ਨੇ ਵਧਾਈਆਂ ਮੁਸ਼ਕਲਾਂ

Thursday, Nov 24, 2022 - 12:19 PM (IST)

ਆਟਾ-ਦਾਲ ਸਕੀਮ ਦੇ ਲਾਭਪਾਤਰੀਆਂ ਦੀ ਵੈਰੀਫਕੇਸ਼ਨ ਨੇ ਵਧਾਈਆਂ ਮੁਸ਼ਕਲਾਂ

ਗੁਰਦਾਸਪੁਰ (ਜੀਤ ਮਠਾਰੂ)- ਆਟਾ-ਦਾਲ ਸਕੀਮ ਦੇ ਸਰਕਾਰ ਵੱਲੋਂ ਕੀਤੇ ਜਾ ਰਹੇ ਪੜਤਾਲ ਸਰਵੇਖਣ ਫ਼ਾਰਮ ਵਿਚ ਦਰਜ ਸ਼ਰਤਾਂ ਨੇ ਆਮ ਲੋਕਾਂ ਦੀਆਂ ਮੁਸ਼ਕਲਾਂ ਵਿਚ ਵਾਧਾ ਕਰ ਦਿੱਤਾ ਹੈ। ਇਕ ਪਾਸੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੀ ਸਾਲਾਨਾ ਆਮਦਨ ਘੱਟੋ-ਘੱਟ 8 ਲੱਖ ਰੁਪਏ ਐਲਾਨ ਕਰ ਕੇ ਬਣਦੀਆਂ ਸਹੂਲਤਾਂ ਦੇਣ ਦੀ ਸਕੀਮ ਬਣਾਈ ਗਈ ਹੈ। ਉੱਥੇ ਹੀ ਦੂਜੇ ਪਾਸੇ 60 ਹਜ਼ਾਰ ਰੁਪਏ ਤੋਂ ਵੱਧ ਸਾਲਾਨਾ ਆਮਦਨ ਵਾਲੇ ਨੌਕਰੀ ਪੇਸ਼ਾ ਵਿਅਕਤੀਆਂ ਦੇ ਰਾਸ਼ਨ ਕਾਰਡ ਧਾਰਕਾਂ ਨੂੰ ਆਟਾ-ਦਾਲ ਸਕੀਮ ਤੋਂ ਲਾਂਭੇ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਜਿਸ ਤਹਿਤ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਸਮਰਾਟ ਰਾਸ਼ਨ ਕਾਰਡ ਸਕੀਮ ਤਹਿਤ ਲਾਭਪਾਤਰੀਆਂ ਦੀ ਪੜਤਾਲ ਸਬੰਧੀ ਫ਼ਾਰਮ ਵਿਚ ਜੋ 8 ਪੁਆਇੰਟ ਦਿੱਤੇ ਗਏ ਹਨ, ਉਸ ’ਚ ਮਾਣ ਭੱਤੇ ’ਤੇ ਕੰਮ ਕਰਦੀਆਂ ਆਸ਼ਾ, ਮਿਡ ਡੇ-ਮੀਲ ਕੁੱਕ, ਆਂਗਨਵਾੜੀ ਸਮੇਤ ਸਮੁੱਚੇ ਵਿਭਾਗਾਂ ਦੇ ਠੇਕਾ ਕਾਮੇ ਪਾਸ ਨਹੀਂ ਹੋਣਗੇ।

ਇਹ ਵੀ ਪੜ੍ਹੋ- ਚਿੱਟੇ ਦੀ ਹੋਮ ਡਿਲਿਵਰੀ! ਤਰਨਤਾਰਨ ਵਾਸੀਆਂ ਲਈ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਨਸ਼ਾ

ਪਹਿਲਾਂ ਹੀ ਬਹੁਤ ਘੱਟ ਤਨਖਾਹਾਂ ’ਤੇ ਕੰਮ ਕਰਦੇ ਇਹ ਕਾਮੇ ਹੋਰ ਆਰਥਕ ਸੰਕਟ ’ਚ ਫਸ ਜਾਣਗੇ। ਪੜਤਾਲ ਫ਼ਾਰਮ ਮੁਤਾਬਕ ਖੇਤੀਬਾੜੀ ਸਬੰਧੀ 2.5 ਏਕੜ ਪਾਣੀ ਲੱਗਦੀ ਜ਼ਮੀਨ ਅਤੇ 5 ਏਕੜ ਬਰਾਨੀ ਜਾਂ ਸੇਮ ਨਾਲ ਪ੍ਰਭਾਵਿਤ ਜ਼ਮੀਨ ਨੂੰ ਇਸ ਦੇ ਘੇਰੇ ’ਚੋਂ ਬਾਹਰ ਰੱਖਿਆ ਹੈ। ਇਸ ਤੋਂ ਇਲਾਵਾ ਪਹਿਲੇ ਪੁਆਇੰਟ ’ਚ 30,000 ਜਾਂ ਇਸ ਤੋਂ ਘੱਟ ਸਲਾਨਾ ਆਮਦਨ ਦੂਜੇ ਪੁਆਇੰਟ ਵਿੱਚ 60,000 ਜਾਂ ਇਸ ਤੋਂ ਘੱਟ ਆਮਦਨ, ਸ਼ਹਿਰੀ ਖੇਤਰ ਲਈ ਮਕਾਨ ਦੀ ਸ਼ਰਤ 100 ਵਰਗ ਗਜ, ਤੇ ਫ਼ਲੈਟ 750 ਗਜ, ਆਮਦਨ ਕਰ ਨਾ ਭਰਦਾ ਹੋਵੇ, ਦੋ ਪਹੀਆ ਗੱਡੀ, ਏ. ਸੀ. ਇਸ ਦੇ ਘੇਰੇ ਤੋਂ ਬਾਹਰ ਹੋ ਜਾਣਗੇ।

ਪੰਜਾਬ ਸਰਕਾਰ ਵੱਲੋਂ ਐੱਚ. ਆਈ. ਵੀ., ਜਿਨ੍ਹਾਂ ਪਰਿਵਾਰਾਂ ਦੇ ਮੁਖੀਆਂ ਦੀ ਕਰੋਨਾ ’ਚ ਮੌਤ ਹੋ ਚੁੱਕੀ ਹੈ, ਉਨ੍ਹਾਂ ਨੂੰ ਇਸ ਪੜਤਾਲ ਤੋਂ ਬਾਹਰ ਰੱਖਿਆ ਗਿਆ ਹੈ। ਇਸ ਵੇਲੇ ਸਿੱਖਿਆ ਵਿਭਾਗ ’ਚ ਮਿਡ-ਡੇ ਵਰਕਰਾਂ ਨੂੰ 3 ਹਜ਼ਾਰ ਮਹੀਨਾ, ਆਸ਼ਾ ਵਰਕਰ ਤੇ ਆਸ਼ਾ ਫੈਸੀਲੀਟੇਟਰ ਨੂੰ 5 ਹਜ਼ਾਰ ਤੋਂ 6 ਹਜ਼ਾਰ ਤੱਕ ਮਾਸਿਕ ਮਾਣ ਭੱਤਾ ਮਿਲਦਾ ਹੈ। ਕਿਰਤ ਕਮਿਸ਼ਨ ਪੰਜਾਬ ਵੱਲੋਂ ਘੱਟੋ-ਘੱਟ ਉਜਰਤ 9700 ਤੈਅ ਕੀਤੀ ਗਈ ਹੈ, ਜੋ ਕਿ ਕਿਸੇ ਕੰਪਨੀ, ਠੇਕੇਦਾਰ, ਫੈਕਟਰੀ ਜਾਂ ਕਿਸੇ ਵਿਭਾਗ ਅਧੀਨ ਕੰਮ ਕਰਦੇ ਮਜ਼ਦੂਰਾਂ ਨੂੰ ਨਿਰਧਾਰਤ ਉਜਰਤ ਮਿਲਦੀ ਹੈ। ਇਥੋਂ ਤੱਕ ਜੇ ਕਰ ਕਿਸੇ ਵਿਅਕਤੀ ਵੱਲੋਂ ਬੈਂਕ ਤੋਂ ਕਰਜ਼ਾ ਲੈ ਕੇ 4 ਪਹੀਆ ਵਾਹਨ ਰਾਹੀ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ।

ਇਹ ਵੀ ਪੜ੍ਹੋ- ਦਾਜ 'ਚ ਨਹੀਂ ਲਿਆਂਦੀ ਕਾਰ, ਲਾਲਚੀ ਸਹੁਰਾ ਪਰਿਵਾਰ ਨੇ ਜ਼ਬਰਦਸਤੀ ਨੂੰਹ ਨੂੰ ਪਿਆਈ ਜ਼ਹਿਰੀਲੀ ਦਵਾਈ

ਮੌਜੂਦਾ ਸ਼ਰਤਾਂ ਮੁਤਾਬਕ ਇਹ ਵਿਅਕਤੀ ਵੀ ਆਟਾ-ਦਾਲ ਸਕੀਮ ਤੋਂ ਬਾਹਰ ਹੋ ਜਾਵੇਗਾ। ਇਸ ਪੜਤਾਲ ਸਕੀਮ ਦਾ ਵਿਰੋਧ ਕਰਦਿਆਂ ਮਜ਼ਦੂਰ, ਮੁਲਾਜ਼ਮ ਯੂਨੀਅਨ ਦੇ ਆਗੂ ਅਮਰਜੀਤ ਸ਼ਾਸਤਰੀ, ਬਲਵਿੰਦਰ ਕੌਰ ਰਾਵਲਪਿੰਡੀ, ਨਿਰਮਲ ਸਿੰਘ ਸਰਵਾਲੀ, ਜਸਵੀਰ ਸਿੰਘ, ਅਸ਼ਵਨੀ ਕੁਮਾਰ ਕਲਾਨੌਰ, ਬਲਵੀਰ ਸਿੰਘ ਕਾਦੀਆਂ, ਸੁਖਦੇਵ ਸਿੰਘ ਬਹਿਰਾਮਪੁਰ, ਜੋਗਿੰਦਰ ਪਾਲ ਘੁਰਾਲਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਮੁੱਚੇ ਮਾਣ ਭੱਤਾ, ਠੇਕਾ ਕਾਮਿਆਂ ਆਂਗਨਵਾੜੀ ਰੈਗੂਲਰ ਦਰਜਾ ਚਾਰ ਮੁਲਾਜ਼ਮਾਂ, ਫੈਕਟਰੀ ਵਰਕਰਾਂ ਸਮੇਤ ਛੋਟਾ ਕਾਰੋਬਾਰ ਕਰਦੇ ਲੋਕਾਂ ਇਸ ਪੜਤਾਲ ਤੋਂ ਬਾਹਰ ਰੱਖਿਆ ਜਾਵੇ।


author

Shivani Bassan

Content Editor

Related News