ਧੁੰਦ ਕਾਰਨ ਵਿਗੜਨ ਲੱਗੀ ਹਵਾ ਦੀ ਗੁਣਵੱਤਾ, 186 ਤੱਕ ਪਹੁੰਚਿਆ AQI
Tuesday, Jan 07, 2025 - 02:40 AM (IST)
ਦੌਰਾਂਗਲਾ (ਨੰਦਾ)- ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਕਾਰਨ ਹਵਾ ਦੀ ਗੁਣਵੱਤਾ ਵੀ ਵਿਗੜਨ ਲੱਗੀ ਹੈ। ਸ਼ਹਿਰ ਦਾ ਏ.ਕਿਊ.ਆਈ. 186 ਤੱਕ ਪਹੁੰਚ ਗਿਆ ਹੈ, ਜੋ ਸਿਹਤ ਲਈ ਹਾਨੀਕਾਰਕ ਮੰਨਿਆ ਜਾਂਦਾ ਹੈ। ਇਹ ਸਥਿਤੀ ਸਵੇਰ ਦੀ ਹੈ ਤੇ ਦੁਪਹਿਰ ਵੇਲੇ ਏ.ਕਿਊ.ਆਈ. ਪੱਧਰ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।
ਸਵੇਰ ਵੇਲੇ ਹੀ ਲੋਕਾਂ ਨੂੰ ਅੱਖਾਂ 'ਚ ਜਲਨ ਦੇ ਨਾਲ-ਨਾਲ ਸਾਹ ਲੈਣ 'ਚ ਤਕਲੀਫ ਹੋਣ ਲੱਗੀ ਹੈ। ਮੌਸਮ ਵਿਭਾਗ ਅਨੁਸਾਰ ਸੰਘਣੀ ਧੁੰਦ ਦਾ ਦੌਰ ਕੁਝ ਦਿਨਾਂ ਤੱਕ ਜਾਰੀ ਰਹੇਗਾ। ਹਾਲਾਂਕਿ ਸ਼ੁੱਕਰਵਾਰ ਤੋਂ ਆਸਮਾਨ 'ਚ ਬੱਦਲ ਛਾਏ ਰਹਿਣ ਦੀ ਵੀ ਸੰਭਾਵਨਾ ਹੈ, ਜਿਸ ਨਾਲ ਧੁੰਦ ਤੋਂ ਕੁਝ ਰਾਹਤ ਮਿਲ ਸਕਦੀ ਹੈ।
ਐਤਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਅਤੇ ਘੱਟ ਤੋਂ ਘੱਟ 9 ਡਿਗਰੀ ਰਿਹਾ। ਇਸ ਦੌਰਾਨ 5 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਬਰਫੀਲੀਆਂ ਹਵਾਵਾਂ ਚੱਲਦੀਆ ਰਹੀਆਂ, ਜਿਸ ਨੇ ਲੋਕਾਂ ਨੂੰ ਕੰਬਣੀ ਛੇੜੀ ਰੱਖੀ। ਖਾਸ ਗੱਲ ਇਹ ਹੈ ਕਿ ਪ੍ਰਦੂਸ਼ਣ ਦੀ ਰੋਕਥਾਮ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ, ਪਰ ਇਨ੍ਹਾਂ ਦੀ ਪਾਲਣਾ ਗੰਭੀਰਤਾ ਨਾਲ ਨਹੀਂ ਕੀਤੀ ਜਾਂਦੀ। ਵਾਤਾਵਰਣ ਪ੍ਰੇਮੀਆਂ ਅਨੁਸਾਰ ਸਰਹੱਦੀ ਕਸਬੇ ਦੇ ਪਿੰਡਾਂ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਹੈ, ਦਰੱਖਤ ਕੱਟੇ ਜਾ ਰਹੇ ਹਨ, ਜਿਸ ਕਾਰਨ ਪ੍ਰਦੂਸ਼ਣ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਨਿਯਮਾਂ ਦੀ ਪਾਲਣਾ ਕਾਗਜ਼ਾਂ 'ਤੇ ਹੀ ਕੀਤੀ ਜਾ ਰਹੀ ਹੈ, ਜਿਸ ਕਾਰਨ ਸਥਿਤੀ ਵਿਗੜ ਰਹੀ ਹੈ। ਜੇਕਰ ਜਲਦੀ ਹੀ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਸਥਿਤੀ ਹੋਰ ਵਿਗੜ ਸਕਦੀ ਹੈ।
ਇਹ ਵੀ ਪੜ੍ਹੋ- ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਪ੍ਰਸ਼ਾਸਨ ਸਖ਼ਤ ; ਜਾਣਕਾਰੀ ਦੇਣ ਵਾਲੇ ਨੂੰ ਮਿਲੇਗਾ 25 ਹਜ਼ਾਰ ਇਨਾਮ
ਮਾਹਿਰਾਂ ਅਨੁਸਾਰ 0 ਤੋਂ 50 ਤੱਕ ਹਵਾ ਗੁਣਵੱਤਾ ਸੂਚਕਾਂਕ ਆਮ ਹੁੰਦਾ ਹੈ। ਜੇਕਰ ਇਹ ਇਸ ਤੋਂ ਵਧ ਜਾਵੇ ਤਾਂ ਹਵਾ ਦੀ ਸ਼ੁੱਧਤਾ ਹੌਲੀ-ਹੌਲੀ ਘਟਣ ਲਗਦੀ ਹੈ। ਏ.ਕਿਊ.ਆਈ. 50 ਤੋਂ 100 ਦੇ ਵਿਚਕਾਰ ਸਥਿਤੀ ਖ਼ਰਾਬ ਹੋਣ ਲਗਦੀ ਹੈ। ਇਸ ਨਾਲ ਸਾਹ ਦੀਆ ਬਿਮਾਰੀਆਂ ਹੋ ਸਕਦੀਆਂ ਹਨ। ਇਸ ਤੋਂ ਬਾਅਦ 100 ਤੋਂ 200 ਦੇ ਵਿਚਕਾਰ ਸਥਿਤੀ ਕਾਫੀ ਚਿੰਤਾਜਨਕ ਹੋ ਜਾਦੀ ਹੈ। ਸਾਹ ਅਤੇ ਫੇਫੜਿਆ ਦੀ ਸਮੱਸਿਆ ਤੋਂ ਪੀੜਤ ਲੋਕਾਂ ਲਈ ਇਹ ਕਾਫੀ ਖਤਰਨਾਕ ਹੈ। ਜਦੋਂ ਕਿ ਏ.ਕਿਊ.ਆਈ. ਪੱਧਰ 200 ਤੋਂ ਵੱਧ ਬਹੁਤ ਖ਼ਤਰਨਾਕ ਹੋ ਜਾਦਾ ਹੈ।
ਡਾ. ਗੌਤਮ ਅਤੇ ਡਾ ਅਸ਼ਵਨੀ ਸ਼ਰਮਾ ਅਨੁਸਾਰ ਜ਼ਿਆਦਾ ਪ੍ਰਦੂਸ਼ਣ ਕਾਰਨ ਸਰੀਰ ਕਮਜ਼ੋਰ ਹੋ ਜਾਂਦਾ ਹੈ। ਅਜਿਹੇ 'ਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਕਾਫੀ ਪ੍ਰਭਾਵਿਤ ਹੁੰਦੀ ਹੈ। ਜੇਕਰ ਹਵਾ ਵਿੱਚ ਪ੍ਰਦੂਸ਼ਣ ਨਾ ਹੋਵੇ ਤਾਂ ਸਰੀਰ ਨੂੰ ਸ਼ੁੱਧ ਆਕਸੀਜਨ ਮਿਲਦੀ ਹੈ ਅਤੇ ਇਸ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਵਧਦੀ ਹੈ। ਸੜਕਾਂ ਦੇ ਕਿਨਾਰਿਆਂ 'ਤੇ ਕੂੜਾ ਸਾੜਨ ਨਾਲ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ, ਜੋ ਸਿਹਤ ਲਈ ਖ਼ਤਰਨਾਕ ਹੁੰਦੀਆਂ ਹਨ।
ਇਹ ਵੀ ਪੜ੍ਹੋ- ਕੈਨੇਡਾ ਦੀ ਸਿਆਸਤ 'ਚ ਵੱਡਾ ਧਮਾਕਾ ; PM ਟਰੂਡੋ ਨੇ ਦਿੱਤਾ ਅਸਤੀਫ਼ਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e