ਜਦੋਂ ਕੈਨੇਡਾ ਤੋਂ ਆਏ ਫੋਨ ਕਾਰਨ ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਨੂੰ ਅਚਾਨਕ ਰੋਕਣਾ ਪਿਆ, ਜਾਣੋ ਪੂਰਾ ਮਾਮਲਾ

03/20/2023 4:58:22 PM

ਅੰਮ੍ਰਿਤਸਰ: ਖਾਲਿਸਤਾਨ ਸਮਰਥਕਾਂ ਵੱਲੋਂ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਜਾ ਰਹੀ ਸ਼ਤਾਬਦੀ ਐਕਸਪ੍ਰੈਸ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਅਨੁਸਾਰ ਬਿਆਸ ਨੇੜੇ ਦਰਿਆ ਦੇ ਪੁਲ ਨੰਬਰ 102 'ਤੇ ਰੇਲਵੇ ਟਰੈਕ ਦੇ 10 ਤੋਂ 15 ਪੈਂਡਰੋਲ ਕਲਿੱਪ ਸ਼ਰਾਰਤੀ ਅਨਸਰਾਂ ਵੱਲੋਂ ਖੋਲ੍ਹ ਦਿੱਤੇ ਗਏ। ਇਸ ਦੌਰਾਨ ਨੇੜੇ ਹੀ ਇਕ ਖਾਲਿਸਤਾਨੀ ਝੰਡਾ ਵੀ ਲੱਗਾ ਮਿਲਿਆ।

ਇਹ ਵੀ ਪੜ੍ਹੋ- ਮੰਨਣ ਵਿਖੇ ਅਣਪਛਾਤਿਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਗਈ ਬੇਅਦਬੀ, ਸੰਗਤਾਂ ’ਚ ਭਾਰੀ ਰੋਸ

ਸੂਚਨਾ ਮਿਲਦੇ ਹੀ ਤੁਰੰਤ ਕਾਰਵਾਈ ਕਰਦੇ ਹੋਏ ਰੇਲਵੇ ਦੇ ਇੰਜੀਨੀਅਰਿੰਗ ਵਿਭਾਗ ਦੀ ਟੀਮ ਨੇ ਟਰੈਕ ਠੀਕ ਕਰਕੇ ਸ਼ਤਾਬਦੀ ਨੂੰ ਰਵਾਨਾ ਕੀਤਾ। ਪਤਾ ਲੱਗਾ ਹੈ ਕਿ ਸ਼ਨੀਵਾਰ ਤੜਕੇ 4 ਵਜੇ ਦੇ ਕਰੀਬ ਜੀਆਰਪੀ ਦੇ ਕੰਟਰੋਲ ਰੂਮ 'ਚ ਇੱਕ ਕਾਲ ਆਈ ਸੀ। ਫੋਨ ਕਰਨ ਵਾਲੇ ਆਪਣੇ ਆਪ ਨੂੰ ਸਿੱਖ ਫਾਰ ਜਸਟਿਸ ਦੇ ਅੱਤਵਾਦੀ ਪੰਨੂ ਦਾ ਸਾਥੀ ਦੱਸਦੇ ਹੋਏ ਕਿਹਾ ਅੰਮ੍ਰਿਤਸਰ-ਬਿਆਸ ਸੈਕਸ਼ਨ 'ਚ ਟਰੈਕ ਦੇ ਪੈਂਡਰੋਲ ਕਲਿੱਪ ਖੋਲ੍ਹ ਦਿੱਤੇ ਗਏ ਹਨ। ਉਸ ਨੇ ਕਿਹਾ ਕਿ ਘੱਟ ਸਮਾਂ ਬਚਿਆ ਹੈ ਅਤੇ ਸ਼ਤਾਬਦੀ ਐਕਸਪ੍ਰੈਸ ਇੱਥੋਂ ਲੰਘਣ ਵਾਲੀ ਹੈ, ਹੋ ਸਕੇ ਤਾਂ ਰੇਲ ਗੱਡੀ ਨੂੰ ਰੋਕ ਲਵੋ। ਇਸ ਦੀ ਸੂਚਨਾ ਮਿਲਦੇ ਹੀ ਹੜਕੰਪ ਮਚ ਗਿਆ।

ਇਸ ਤੋਂ ਬਾਅਦ ਟਰੇਨ ਨੂੰ ਅੰਮ੍ਰਿਤਸਰ ਸਟੇਸ਼ਨ 'ਤੇ ਹੀ ਰੋਕ ਦਿੱਤਾ ਗਿਆ ਅਤੇ ਜੀਆਰਪੀ, ਆਰਪੀਐੱਫ਼ ਅਤੇ ਇੰਜਨੀਅਰਿੰਗ ਵਿਭਾਗ ਵੱਲੋਂ ਟਰੈਕ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਬਿਆਸ ਨੇੜੇ ਦਰਿਆ ਦੇ ਪੁਲ ਨੰਬਰ 102 ’ਤੇ ਕਿਲੋਮੀਟਰ ਨੰਬਰ 490/11 ’ਤੇ 10 ਤੋਂ 15 ਪੈਂਡਰੋਲ ਕਲਿੱਪ ਖੁੱਲ੍ਹੇ ਪਾਏ ਗਏ। ਰੇਲਵੇ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਟਰੈਕ ਨੂੰ ਠੀਕ ਕਰਵਾਇਆ। ਇਸ ਤੋਂ ਬਾਅਦ ਸ਼ਤਾਬਦੀ ਐਕਸਪ੍ਰੈਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। 

ਇਹ ਵੀ ਪੜ੍ਹੋ- ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਹਾਈ ਅਲਰਟ ’ਤੇ

ਦੱਸਿਆ ਜਾ ਰਿਹਾ ਹੈ ਕਿ ਇਹ ਫੋਨ ਕੈਨੇਡਾ ਦੇ ਨੰਬਰ ਤੋਂ ਆਇਆ ਸੀ। ਧਮਕੀ ਭਰੇ ਕਾਲਾਂ ਤੋਂ ਬਾਅਦ ਸ਼ਨੀਵਾਰ ਨੂੰ ਪੂਰੇ ਸੂਬੇ 'ਚ ਰੇਲਵੇ ਟਰੈਕਾਂ ਅਤੇ ਰੇਲ ਗੱਡੀਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ। ਇਸ ਦੇ ਨਾਲ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਸ਼ਤਾਬਦੀ ਐਕਸਪ੍ਰੈਸ ਸਮੇਤ ਹੋਰ ਤੇਜ਼ ਰਫ਼ਤਾਰ ਟਰੇਨਾਂ ਨੂੰ ਸਖ਼ਤ ਸੁਰੱਖਿਆ ਹੇਠ ਰੱਖਿਆ ਗਿਆ ਅਤੇ ਰੇਲ ਗੱਡੀਆਂ ਦੇ ਅੰਦਰ ਅਤੇ ਰੇਲਵੇ ਟਰੈਕ 'ਤੇ ਪੁਲਸ ਦੀ ਗਸ਼ਤ ਦੇਰ ਸ਼ਾਮ ਤੱਕ ਜਾਰੀ ਰਹੀ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News