ਅੰਮ੍ਰਿਤਸਰ 'ਚ ਗੁਜਰਾਤ ਦਾ ਕੋਲਾ ਵਪਾਰੀ ਅਗਵਾ, ਪੁਲਸ ਨੇ ਛੁਡਵਾਇਆ

Tuesday, Aug 14, 2018 - 12:07 PM (IST)

ਅੰਮ੍ਰਿਤਸਰ 'ਚ ਗੁਜਰਾਤ ਦਾ ਕੋਲਾ ਵਪਾਰੀ ਅਗਵਾ, ਪੁਲਸ ਨੇ ਛੁਡਵਾਇਆ

ਅੰਮ੍ਰਿਤਸਰ (ਸੰਜੀਵ) : ਗੁਜਰਾਤ ਦੇ ਕੋਲਾ ਵਪਾਰੀਆਂ ਨੂੰ ਅਗਵਾਹ ਕਰਕੇ 3 ਦਿਨ ਤੱਕ ਬੰਧਕ ਬਣਾ ਕੇ ਲੱਖਾਂ ਰੁਪਏ ਮੰਗਣ ਵਾਲੇ ਭੱਠਾ ਮਾਲਕ ਲਵਦੀਪ ਸਿੰਘ ਨਿਵਾਸੀ ਭਲਾ ਪਿੰਡ, ਮਨੋਜ ਕੁਮਾਰ ਨਿਵਾਸੀ ਉੱਤਰ ਪ੍ਰਦੇਸ਼ ਅਤੇ ਵਿਸ਼ਾਲ ਖੰਨਾ ਨਿਵਾਸੀ ਲੋਹਾਰਕਾ ਰੋਡ ਨੂੰ ਅੱਜ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੇ ਇਕ ਗੁਪਤ ਆਪ੍ਰੇਸ਼ਨ ਸਰਚ ਦੇ ਦੌਰਾਨ ਗ੍ਰਿਫਤਾਰ ਕੀਤਾ। ਲਵਦੀਪ ਸਿੰਘ ਦਾ ਇੱਟਾਂ ਦਾ ਭੱਠਾ ਹੈ ਜੋ ਅਗਵਾਹ ਕੀਤੇ ਗਏ ਕੋਲਾ ਵਪਾਰੀ ਤੋਂ ਅਕਸਰ ਕੋਲਾ ਮੰਗਵਾਉਂਦਾ ਸੀ ਪਰ ਇਸ ਵਾਰ ਉਸ ਦੀ ਨੀਅਤ ਵਿਚ ਕੁਝ ਖੋਟ ਆ ਗਿਆ। ਪਹਿਲਾਂ ਤਾਂ ਉਸ ਨੇ ਕੋਲਾ ਵਪਾਰੀ ਨੂੰ ਅੰਮ੍ਰਿਤਸਰ ਬੁਲਾਇਆ, ਜਿਸ ਦੇ ਬਾਅਦ ਉਹ ਉਸ ਨੂੰ ਅਗਵਾਹ ਕਰ ਕੇ ਆਪਣੀ ਮੋਟਰ 'ਤੇ ਲੈ ਗਿਆ, ਜਿੱਥੇ ਉਸ ਨੇ 15 ਲੱਖ ਰੁਪਏ ਨਾ ਦੇਣ ਦੀ ਸੂਰਤ ਵਿਚ ਉਸ 'ਤੇ ਪੈਟਰੋਲ ਪਾ ਕੇ ਉਸ ਨੂੰ ਜ਼ਿੰਦਾ ਸਾੜਨ ਦੀ ਧਮਕੀ ਦਿੱਤੀ, ਜਦੋਂ ਕਿ ਅਗਵਾਹ ਦੀ ਭਿਣਕ ਜਦੋਂ ਐੱਸ. ਐੱਸ. ਪੀ. ਦਿਹਾਤੀ ਪਰਮਪਾਲ ਸਿੰਘ ਨੂੰ ਲੱਗੀ ਤਾਂ ਅੱਜ ਸਪੈਸ਼ਲ ਟੀਮ ਨੇ ਗੁਜਰਾਤ ਦੇ ਵਪਾਰੀ ਮਿਨਲ ਕੁਮਾਰ ਅਤੇ ਉਸ ਦੇ ਤਿੰਨ ਸਾਥੀਆਂ ਵਿਚ ਸ਼ਾਮਲ ਵਿਪਨ ਕੁਮਾਰ, ਦੀਪਕ ਕੁਮਾਰ ਅਤੇ ਉਨ੍ਹਾਂ ਦੇ ਡਰਾਈਵਰ ਮਨੀ ਲਾਲ ਨੂੰ ਅਗਵਾਹ ਕਰਨ ਵਾਲਿਆਂ ਦੇ ਚੁੰਗਲ 'ਚੋਂ ਛੁਡਵਾ ਕੇ ਤਿੰਨਾਂ ਨੂੰ ਗ੍ਰਿਫਤਾਰ ਕੀਤਾ। ਪੁਲਸ ਨੇ ਦੋਸ਼ੀਆਂ ਦੇ ਕਬਜ਼ੇ 'ਚੋਂ ਮੋਬਾਇਲ ਫੋਨ ਅਤੇ ਇਕ ਲੱਖ ਰੁਪਏ ਦੀ ਨਕਦੀ ਬਰਾਮਦ ਕਰ ਕੇ ਉਨ੍ਹਾਂ ਦੇ ਵਿਰੁੱਧ ਹੱਤਿਆ ਦੀ ਕੋਸ਼ਿਸ਼, ਅਗਵਾਹ ਤੇ ਲੁੱਟ ਦਾ ਕੇਸ ਦਰਜ ਕੀਤਾ ਹੈ।

ਕੀ ਸੀ ਮਾਮਲਾ?
ਗੁਜਰਾਤ ਦੇ ਜ਼ਿਲੇ ਮੋਹਰੀ ਦਾ ਰਹਿਣ ਵਾਲਾ ਕੋਲਾ ਵਪਾਰੀ ਮਿਨਲ ਕੁਮਾਰ ਪੰਜਾਬ ਵਿਚ ਇੱਟ ਭੱਠੇ 'ਤੇ ਕੋਲੇ ਦੀ ਸਪਲਾਈ ਕਰਦਾ ਹੈ, ਜਦੋਂ ਕਿ ਲਵਦੀਪ ਸਿੰਘ ਅਜਨਾਲਾ ਸਥਿਤ ਆਪਣੇ ਭੱਠੇ ਲਈ ਮਿਨਲ ਕੁਮਾਰ ਤੋਂ ਕੋਲਾ ਮੰਗਵਾਉਂਦਾ ਸੀ। ਕੁਝ ਦਿਨ ਪਹਿਲਾਂ ਲਵਦੀਪ ਸਿੰਘ ਨੇ 15 ਲੱਖ ਰੁਪਏ ਅਡਵਾਂਸ ਭੇਜ ਕੇ ਮਿਨਲ ਕੁਮਾਰ ਤੋਂਂ 200 ਟਨ ਕੋਲਾ ਮੰਗਵਾਇਆ। ਕੋਲੇ ਦੀ ਡਲਿਵਰੀ ਹੋਣ ਦੇ ਬਾਅਦ ਲਵਦੀਪ ਸਿੰਘ ਨੇ ਮਿਨਲ ਕੁਮਾਰ ਨੂੰ ਫੋਨ ਕੀਤਾ ਅਤੇ ਕਿਹਾ ਕਿ ਉਸ ਨੂੰ ਕਾਫ਼ੀ ਜ਼ਿਆਦਾ ਕੋਲਾ ਚਾਹੀਦਾ ਹੈ ਅਤੇ ਉਹ ਅੰਮ੍ਰਿਤਸਰ ਆ ਕੇ ਉਸ ਨਾਲ ਮਿਲੇ, ਜਿਸ 'ਤੇ ਮਿਨਲ ਕੁਮਾਰ ਆਪਣੇ ਪਾਰਟਨਰ ਵਿਪਨ ਕੁਮਾਰ, ਦੀਪਕ ਕੁਮਾਰ ਨੂੰ ਨਾਲ ਲੈ ਕੇ 11 ਅਗਸਤ ਨੂੰ ਆਪਣੀ ਗੱਡੀ ਵਿਚ ਅੰਮ੍ਰਿਤਸਰ ਆ ਗਿਆ। ਜਿਵੇਂ ਹੀ ਉਹ ਏਅਰਪੋਰਟ ਰੋਡ ਸਥਿਤ ਇਕ ਹੋਟਲ ਦੇ ਨੇੜੇ ਪਹੁੰਚਿਆ, ਲਵਦੀਪ ਆਪਣੇ ਸਾਥੀਆਂ ਦੇ ਨਾਲ ਮਿਨਲ ਕੁਮਾਰ ਨੂੰ ਅਗਵਾਹ ਕਰ ਕੇ ਆਪਣੀ ਮੋਟਰ 'ਤੇ ਲੈ ਗਿਆ, ਜਿੱਥੇ ਉਸ ਨੇ ਡਰਾਈਵਰ ਸਮੇਤ ਚਾਰਾਂ ਨੂੰ ਬੰਧਕ ਬਣਾ ਲਿਆ ਅਤੇ ਉਨ੍ਹਾਂ ਨੂੰ ਕੋਲੇ ਦੇ ਬਦਲੇ ਅਡਵਾਂਸ ਦਿੱਤੇ ਗਏ 15 ਲੱਖ ਰੁਪਏ ਵਾਪਸ ਮੰਗਣ ਲਗਾ, ਨਾ ਦੇਣ ਦੀ ਸੂਰਤ ਵਿਚ ਲਵਦੀਪ ਸਿੰਘ ਨੇ ਮਿਨਲ ਅਤੇ ਉਸ ਦੇ ਸਾਥੀਆਂ ਨੂੰ ਮਾਰ ਦੇਣ ਦੀ ਧਮਕੀ ਦਿੱਤੀ। ਲਵਦੀਪ ਨੇ ਉਸ ਨੂੰ ਆਈ. ਸੀ. ਆਈ. ਸੀ. ਆਈ. ਬੈਂਕ ਦੇ ਖਾਤੇ ਦਾ ਨੰਬਰ ਦਿੱਤਾ ਅਤੇ ਉਨ੍ਹਾਂ ਨੂੰ ਆਪਣੇ ਘਰ ਵਾਲਿਆਂ ਨੂੰ ਉਸ ਵਿਚ ਪੈਸਾ ਟਰਾਂਸਫਰ ਕਰਨ ਲਈ ਫੋਨ ਕਰਨ ਨੂੰ ਕਿਹਾ, ਜਿਸ 'ਤੇ ਮਿਨਲ ਨੇ ਆਪਣੇ ਘਰ ਫੋਨ ਕੀਤਾ ਅਤੇ ਉਨ੍ਹਾਂ ਨੂੰ ਪੈਸਾ ਭੇਜਣ ਨੂੰ ਕਿਹਾ। ਮਿਨਲ ਵੱਲੋਂ ਘਰ ਵਾਲਿਆਂ ਤੋਂ ਜਦੋਂ ਪੈਸੇ ਮੰਗੇ ਗਏ ਤਾਂ ਉਨ੍ਹਾਂ ਨੂੰ ਕੁੱਝ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਇਸ ਬਾਰੇ ਗੁਜਰਾਤ ਪੁਲਸ ਨੂੰ ਸੂਚਿਤ ਕਰ ਦਿੱਤਾ। ਗੁਜਰਾਤ ਪੁਲਸ ਨੇ ਮਿਨਲ ਅਤੇ ਉਸ ਦੇ ਸਾਥੀਆਂ ਨੂੰ ਲੱਭਣ ਲਈ ਦਿਹਾਤੀ ਪੁਲਸ ਦੇ ਨਾਲ ਸੰਪਰਕ ਸਾਧਿਆ, ਜਿਸ 'ਤੇ ਤੁਰੰਤ ਐੱਸ. ਐੱਸ. ਪੀ. ਦਿਹਾਤੀ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਤੁਰੰਤ ਇਕ ਵਿਸ਼ੇਸ਼ ਟੀਮ ਬਣਾਈ ਅਤੇ ਮਿਨਲ ਦੇ ਮੋਬਾਇਲ ਲੋਕੇਸ਼ਨ ਨੂੰ ਟਰੇਸ ਕਰ ਲਿਆ। ਐੱਸ. ਐੱਸ. ਪੀ. ਦਿਹਾਤੀ ਅਤੇ ਡੀ. ਐੱਸ. ਪੀ. ਹਰਪ੍ਰੀਤ ਸਿੰਘ ਨੇ ਆਪ ਖੁਦ ਇਸ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ ਅਤੇ ਸ਼ਾਮ ਨੂੰ ਪਿੰਡ ਸਾਰੰਗਵਾਲ ਸਥਿਤ ਇਕ ਮੋਟਰ ਵਿਚ ਬੰਧਕ ਬਣਾ ਕੇ ਰੱਖੇ ਗਏ ਗੁਜਰਾਤ ਦੇ 3 ਵਪਾਰੀਆਂ ਅਤੇ ਉਨ੍ਹਾਂ ਦੇ ਡਰਾਈਵਰ ਨੂੰ ਅਗਵਾਹ ਕਰਨ ਵਾਲਿਆਂ ਦੇ ਕਬਜ਼ੇ 'ਚੋਂ ਸੁਰੱਖਿਅਤ ਛੁਡਵਾ ਲਿਆ।

ਕੀ ਕਹਿਦੇ ਹਨ ਐੱਸ. ਐੱਸ. ਪੀ.?
ਐੱਸ. ਐੱਸ. ਪੀ. ਦਿਹਾਤੀ ਪਰਮਪਾਲ ਸਿੰਘ ਦਾ ਕਹਿਣਾ ਹੈ ਕਿ ਜਿਵੇਂ ਹੀ ਉਨ੍ਹਾਂ ਨੂੰ ਗੁਜਰਾਤ ਦੇ ਵਪਾਰੀਆਂ ਅਤੇ ਉਨ੍ਹਾਂ ਦੇ ਡਰਾਈਵਰ ਦੇ ਅਗਵਾਹ ਸਬੰਧੀ ਜਾਣਕਾਰੀ ਮਿਲੀ ਤੁਰੰਤ ਹੀ ਆਪ੍ਰੇਸ਼ਨ ਸਰਚ ਸ਼ੁਰੂ ਕਰ ਦਿੱਤਾ ਗਿਆ ਸੀ। ਕੁਝ ਘੰਟੇ ਵਿਚ ਹੀ ਆਪ੍ਰੇਸ਼ਨ ਸਰਚ ਨੂੰ ਸੁਰੱਖਿਅਤ ਢੰਗ ਨਾਲ ਪੂਰਾ ਕਰ ਕੇ ਵਪਾਰੀਆਂ ਨੂੰ ਛੁਡਵਾ ਲਿਆ ਗਿਆ।


Related News