ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ: ਬਾਬਾ ਬਲਬੀਰ ਸਿੰਘ

9/24/2020 5:21:25 PM

ਅੰਮ੍ਰਿਤਸਰ (ਬਿਊਰੋ) : ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ 'ਚ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਨੇ ਕਿਸਾਨ ਅੰਦੋਲਨ ਦੀ ਪੁਰਜ਼ੋਰ ਹਮਾਇਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜਦਿਆਂ ਪੰਜਾਬ ਬੰਦ ਦੇ ਸੱਦੇ ਦਾ ਡਟਵਾਂ ਸਾਥ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨ ਮਾਰੂ ਆਰਡੀਨੈਂਸਾਂ ਨੂੰ ਤੁਰੰਤ ਵਾਪਸ ਲੈਣੇ ਚਾਹੀਦੇ ਹਨ।

ਇਹ ਵੀ ਪੜ੍ਹੋ: ਸੁਖਬੀਰ ਬਾਦਲ ਦਾ ਐਲਾਨ, 1 ਅਕਤੂਬਰ ਨੂੰ ਕੈਪਟਨ ਦਾ ਤਖ਼ਤ ਹਿਲਾਉਣ ਲਈ ਚੰਡੀਗੜ੍ਹ 'ਚ ਕਰਾਂਗੇ ਅੰਦੋਲਨ

ਅੱਜ ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਵਲੋਂ ਜਾਰੀ ਇਕ ਲਿਖਤੀ ਪ੍ਰੈਸ ਬਿਆਨ 'ਚ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ, ਬਾਬਾ ਗੱਜਣ ਸਿੰਘ ਮੁਖੀ ਮਿਸਲ ਸ਼ਹੀਦ ਬਾਬਾ ਦੀਪ ਸਿੰਘ ਤਰਨਾ ਦਲ ਬਾਬਾ ਬਕਾਲਾ, ਬਾਬਾ ਅਵਤਾਰ ਸਿੰਘ ਤਰਨਾ ਦਲ ਬਾਬਾ ਬਿਧੀਚੰਦ ਜੀ ਸੁਰ ਸਿੰਘ, ਬਾਬਾ ਨਿਹਾਲ ਸਿੰਘ ਮੁਖੀ ਤਰਨਾ ਦਲ ਹਰੀਆਂ ਵੇਲਾਂ ਨੇ ਸਾਂਝੇ ਬਿਆਨ 'ਚ ਕਿਹਾ ਹੈ ਕਿ ਕੇਂਦਰ ਸਰਕਾਰ ਵਲੋਂ ਜੋ ਤਿੰਨ ਬਿੱਲ ਕਿਸਾਨ ਨੀਤੀ ਬਣਾ ਕੇ ਇਕ ਪਾਸੜ ਪਾਸ ਕੀਤੇ ਗਏ ਹਨ। ਇਹ ਕਿਸਾਨ ਵਿਰੋਧੀ, ਕਿਸਾਨ ਮਾਰੂ ਅਤੇ ਕਿਸਾਨਾਂ ਨੂੰ ਘੁਸਿਆਰੇ ਬਨਾਉਣ ਵਾਲੇ ਹਨ। ਇਹ ਬਿਲ ਕਿਸੇ ਰੂਪ 'ਚ ਵੀ ਲਾਗੂ ਨਹੀਂ ਹੋਣੇ ਚਾਹੀਦੇ। ਇਸ ਲਈ ਕਿਸਾਨਾਂ ਦੀਆਂ ਹੱਕੀ ਮੰਗਾਂ ਦੀ ਅਸੀਂ ਡੱਟਵੀਂ ਹਮਾਇਤ ਕਰਦੇ ਹਾਂ ਅਤੇ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ 25 ਸਤੰਬਰ ਨੂੰ ਕਿਸਾਨਾਂ ਵਲੋਂ ਦਿਤੇ ਪੰਜਾਬ ਬੰਦ ਨੂੰ ਪੂਰਨ ਤੌਰ ਤੇ ਕਾਮਯਾਬ ਬਨਾਉਣ ਲਈ ਆਪੋ ਆਪਣੇ ਕਾਰੋਬਾਰ, ਦੁਕਾਨਾਂ ਆਦਿ ਬੰਦ ਰੱਖਣ ਤੇ ਕਿਸਾਨ ਸੰਘਰਸ਼ 'ਚ ਸ਼ਾਮਲ ਹੋਇਆ ਜਾਵੇ।

ਇਹ ਵੀ ਪੜ੍ਹੋ:  ਜਿਸ਼ਮਫਰੋਸੀ ਦੇ ਧੰਦੇ ਦਾ ਪਰਦਾਫ਼ਾਸ਼, ਹੋਟਲ 'ਚੋਂ ਇਤਰਾਜ਼ਯੋਗ ਹਾਲਤ 'ਚ ਮਿਲੇ ਜੋੜੇ

ਨਿਹੰਗ ਮੁਖੀਆਂ ਨੇ ਕਿਹਾ ਕਿ ਕਿਸਾਨਾਂ ਨੂੰ ਵੱਡੇ ਵਪਾਰੀਆਂ ਦੇ ਰਹਿਮੋ ਕਰਮ ਤੇ ਛੱਡਣਾ ਇਸ ਸੂਬੇ ਦੇ ਲੋਕਾਂ ਨਾਲ ਵੱਡੀ ਬੇਇਨਸਾਫ਼ੀ ਹੋਵੇਗੀ। ਨਿਹੰਗ ਮੁਖੀਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਸੱਭਿਆਚਾਰ, ਸ਼ਾਨਾਮੱਤੇ ਇਤਿਹਾਸ, ਇਸਦੀ ਆਨਸ਼ਾਨ ਅਤੇ ਗੌਰਵ ਤੋਂ ਚੰਗੀ ਤਰ੍ਹਾਂ ਜਾਣੂੰ ਹਨ।ਕੇਂਦਰ ਸਰਕਾਰ ਨੂੰ ਕੋਈ ਵੀ ਅਜਿਹਾ ਕੰਮ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜੋ ਇਸ ਦੇ ਗੌਰਵ ਤੇ ਆਨਸ਼ਾਨ ਨੂੰ ਸੱਟ ਮਾਰਦਾ ਹੋਵੇ। ਉਨ੍ਹਾਂ ਕਿਹਾ ਕਿ ਅੱਜ ਇਸ ਧਰਤੀ ਤੋਂ ਉਠ ਰਿਹਾ ਵੱਡਾ ਰੋਸ ਪ੍ਰਤੀਕਰਮ ਇਸ ਗੱਲ ਦੀ ਨਿਸ਼ਾਨੀ ਹੈ, ਜਿਸ ਨੂੰ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ। ਕੇਂਦਰ ਸਰਕਾਰ ਟਕਰਾਅ ਤੇ ਜਿੱਦਪੁਣਾ ਛੱਡ ਕੇ ਇਸ ਮਸਲੇ ਦਾ ਸੰਤੁਸ਼ਟੀ ਜਨਕ ਢੰਗ ਨਾਲ ਹੱਲ ਕੱਢੇ। ਨਿਹੰਗ ਮੁਖੀਆਂ ਨੇ ਗੁਰੂ ਦੀਆਂ ਲਾਡਲੀਆਂ ਫੌਜਾਂ ਨੂੰ ਦੁਲਾਰਦਿਆਂ ਕਿਹਾ ਕਿ ਸ਼ਾਂਤਮਈ ਢੰਗ ਨਾਲ ਕਿਸਾਨ ਅੰਦੋਲਨ ਨੂੰ ਪੂਰਨ ਸਹਿਯੋਗ ਤੇ ਹਮਾਇਤ ਦਿੱਤੀ ਜਾਵੇ।


Baljeet Kaur

Content Editor Baljeet Kaur