ਅਕਾਲੀ ਦਲ 'ਚ ਬਗਾਵਤੀ ਸੁਰਾਂ ਤੇਜ਼, ਇਕ ਹੋਰ ਟਕਸਾਲੀ ਨੇ ਖੋਲ੍ਹਿਆ ਮੋਰਚਾ

Saturday, Oct 13, 2018 - 02:20 PM (IST)

ਅਕਾਲੀ ਦਲ 'ਚ ਬਗਾਵਤੀ ਸੁਰਾਂ ਤੇਜ਼, ਇਕ ਹੋਰ ਟਕਸਾਲੀ ਨੇ ਖੋਲ੍ਹਿਆ ਮੋਰਚਾ

ਅੰਮ੍ਰਿਤਸਰ (ਛੀਨਾ) : ਸ਼੍ਰੋਮਣੀ ਅਕਾਲੀ ਦਲ ਬਾਦਲ 'ਚ ਟਕਸਾਲੀ ਆਗੂਆਂ ਦੀਆਂ ਬਗਾਵਤੀ ਸੁਰਾਂ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਮਾਝੇ ਨਾਲ ਸਬੰਧਤ ਮੈਂਬਰ ਪਾਰਲੀਮੈਂਟ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਲੋਕ ਸਭਾ ਮੈਂਬਰ ਡਾ. ਰਤਨ ਸਿੰਘ ਅਜਨਾਲਾ ਤੇ ਸਾਬਕਾ ਮੰਤਰੀ ਜਥੇ. ਸੇਵਾ ਸਿੰਘ ਸੇਖਾਵਾਂ ਵੱਲੋਂ ਬੀਤੇ ਦਿਨੀ ਪ੍ਰੈਸ ਕਾਨਫਰੰਸ ਕਰਕੇ ਪਾਰਟੀ ਖਿਲਾਫ ਅਲਾਪੀਆਂ ਗਈਆਂ ਬਗਾਵਤੀ ਸੁਰਾਂ ਦਾ ਮਾਮਲਾ ਅਜੇ ਠੰਡਾ ਨਹੀਂ ਪਿਆ ਸੀ ਕਿ ਅੱਜ ਮਾਝੇ ਨਾਲ ਸਬੰਧਤ ਇਕ ਹੋਰ ਟਕਸਾਲੀ ਆਗੂ ਸ਼੍ਰੋਮਣੀ ਕਮੇਟੀ ਮੈਂਬਰ ਤੇ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਮਨਜੀਤ ਸਿੰਘ ਨੇ ਅਕਾਲੀ ਦਲ ਨੂੰ ਇਕ ਵਾਰ ਫੇਰ ਕਟਿਹਰੇ 'ਚ ਲਿਆ ਖੜ੍ਹਾ ਕੀਤਾ ਹੈ। ਭਾਈ ਮਨਜੀਤ ਸਿੰਘ ਨੇ ਕਿਹਾ ਕਿ ਬਾਦਲ ਸਰਕਾਰ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀਆ ਘੋਰ ਬੇਅਦਬੀਆਂ ਹੋਈਆਂ ਤੇ ਉਪਰੰਤ ਵਾਪਰੇ ਮਾੜੇ ਘਟਨਾਕ੍ਰਮ ਦੌਰਾਨ 2 ਸਿੱਖ ਨੌਜਵਾਨਾਂ ਦੀਆਂ ਸ਼ਹੀਦੀਆਂ ਦਾ ਵੀ ਸਬੱਬ ਬਣਿਆ ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਨੀ ਹੀ ਥੋੜੀ ਹੈ। ਉਨ੍ਹਾਂ ਕਿਹਾ ਕਿ ਇਸ ਸਾਰੇ ਘਟਨਾਕ੍ਰਮ ਨਾਲ ਜਿਸ ਵੀ ਵਿਸ਼ੇਸ਼ ਵਿਅਕਤੀ ਦਾ ਸਿੱਧੇ ਜਾਂ ਅਸਿੱਧੇ ਤੌਰ 'ਤੇ ਨਾਮ ਜੁੜਿਆ ਹੈ, ਉਸ ਨੂੰ ਆਪਣੇ ਨੈਤਿਕ ਫਰਜਾਂ ਨੂੰ ਸਮਝਦਿਆਂ ਅਤੇ ਰਾਜਸੀ ਮੁਫਾਦਾ ਤੋਂ ਉਪਰ ਉਠ ਕੇ ਸਿੱਖਾ ਦੀ ਸਰਵ ਉਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋ ਕੇ ਮੁਆਫੀ ਮੰਗਣੀ ਚਾਹੀਦੀ ਹੈ ਤਾਂ ਜੋ ਸਿੱਖ ਕੌਮ ਦੇ ਤੱਪਦੇ ਹਿਰਦਿਆਂ ਨੂੰ ਸ਼ਾਂਤ ਕੀਤਾ ਜਾ ਸਕੇ। 

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਥਕ ਏਜੰਡੇ ਨੂੰ ਤਿਆਗ ਕੇ ਡੇਰਾ ਮੁਖੀ ਨੂੰ ਮੁਆਫੀ ਦੇਣਾ ਇਕ ਆਤਮਘਾਤੀ ਫੈਸਲਾ ਸੀ ਜਿਸ ਨੇ ਪੰਥ ਦੀਆਂ ਮਹਾਨ ਸੰਸਥਾਵਾਂ ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਅਕਸ ਨੂੰ ਭਾਰੀ ਢਾਹ ਲਗਾਈ ਹੈ, ਜਿਸ ਕਾਰਨ ਹੀ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਈ ਮਨਜੀਤ ਸਿੰਘ ਨੇ ਕਿਹਾ ਕਿ ਉਹ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਨਹੀਂ ਦੇਣਗੇ ਸਗੋਂ ਪਾਰਟੀ ਅੰਦਰ ਰਹਿ ਕੇ ਹੀ ਪੰਥ ਅਤੇ ਗ੍ਰੰਥ ਦੀ ਆਨ ਤੇ ਸ਼ਾਨ ਲਈ ਆਵਾਜ ਬੁਲੰਦ ਕਰਦੇ ਰਹਿਣਗੇ।


Related News